ਕੈਪਟਨ-ਸੁਖਬੀਰ-ਭਾਜਪਾ ਅੰਦਰਖਾਤੇ ਘਿਓ-ਖਿੱਚੜੀ, ਬੇਅਦਬੀ ਤੇ ਡਰੱਗਜ਼ ਮਾਮਲੇ ’ਚ ਜਲਦ ਮਿਲੇਗਾ ਇਨਸਾਫ਼

ਕੈਪਟਨ-ਸੁਖਬੀਰ-ਭਾਜਪਾ ਅੰਦਰਖਾਤੇ ਘਿਓ-ਖਿੱਚੜੀ, ਬੇਅਦਬੀ ਤੇ ਡਰੱਗਜ਼ ਮਾਮਲੇ ’ਚ ਜਲਦ ਮਿਲੇਗਾ ਇਨਸਾਫ਼

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਭਾਜਪਾ ਲੀਡਰਸ਼ਿਪ ’ਤੇ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਸਿਰਫ ਸਿਆਸੀ ਲਾਹੇ ਲਈ ਸੂਬੇ ਦੇ ਹਿੱਤਾਂ ਨੂੰ ਅੰਦਰਖਾਤੇ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਹੈ। ਅੱਜ ਇੱਥੇ ਇੱਕ ਨਿੱਜੀ ਚੈਨਲ ਵੱਲੋਂ ਕਰਵਾਈ ਮੀਡੀਆ ਚਰਚਾ ਦੌਰਾਨ ਗੱਲਬਾਤ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਤਿੰਨੇ ਹੀ ਅਤੀਤ ਅਤੇ ਵਰਤਮਾਨ ਵਿਚ ਸੂਬੇ ਦੇ ਹਿੱਤਾਂ ਨੂੰ ਠੇਸ ਪਹੁੰਚਾਉਣ ਲਈ ਘਿਓ-ਖਿੱਚੜੀ ਸਨ ਅਤੇ ਭਵਿੱਖ ਵਿਚ ਵੀ ਆਪਣੇ ਇਸ ਸਿਆਸਤ ਤੋਂ ਪ੍ਰੇਰਿਤ ਏਜੰਡੇ ਨੂੰ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਵਾਰ ਲੋਕਾਂ ਦੇ ਹਾਂ ਪੱਖੀ ਰਵੱਈਏ, ਜੋ ਕਿ ਕਾਂਗਰਸ ਤੋਂ ਇਲਾਵਾ ਕਿਸੇ ਦੇ ਹੱਕ ਵਿਚ ਫੈਸਲਾਕੁੰਨ ਨਹੀਂ, ਕਾਰਨ ਕਾਂਗਰਸੀ ਵਰਕਰਾਂ ਵਿਚ ਪੈਦਾ ਹੋਏ ਉਤਸ਼ਾਹ ਨੂੰ ਕੋਈ ਵੀ ਘੱਟ ਨਹੀਂ ਕਰ ਸਕਦਾ । ਮੁੱਖ ਮੰਤਰੀ ਚੰਨੀ ਨੇ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੇ ਮੂਡ ਵਿੱਚ ਵੱਡੀ ਤਬਦੀਲੀ ਆਈ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ 'ਤੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮਾਮਲੇ ਸਹੀ ਲੀਹ 'ਤੇ ਚੱਲ ਰਹੇ ਹਨ ਅਤੇ ਜਲਦੀ ਹੀ ਲੋਕਾਂ ਦੀ ਤਸੱਲੀ ਅਨੁਸਾਰ ਇਨਸਾਫ਼ ਹੋਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਇਨ੍ਹਾਂ ਦੋਵਾਂ ਮੁੱਦਿਆਂ ਦੇ ਨਤੀਜੇ ਆਉਣ ਵਿਚ ਦੇਰੀ ਹੋਈ ਹੈ ਕਿਉਂਕਿ ਇਹ ਬੁਰੀ ਤਰ੍ਹਾਂ ਉਲਝਾਏ ਗਏ ਸਨ ਪਰ ਸਰਕਾਰ ਇੰਨ੍ਹਾਂ ਦੇ ਤਰਕਪੂਰਨ ਅੰਤ ਵੱਲ ਵਧ ਰਹੀ ਹੈ। ਵਿਰੋਧੀ ਧਿਰ ਖਾਸ ਤੌਰ 'ਤੇ 'ਆਪ' ਵੱਲੋਂ ਕੀਤੇ ਜਾ ਰਹੇ ਪ੍ਰਚਾਰ 'ਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਇਸ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀ ਮਨੀਸ਼ ਸਿਸੋਦੀਆ ਅਤੇ ਰਾਘਵ ਚੱਢਾ ਬਿਨਾਂ ਕਿਸੇ ਤੁਕ ਜਾਂ ਕਾਰਨ ਦੇ ਲਗਾਤਾਰ ਉਨ੍ਹਾਂ ਦੀ ਸਰਕਾਰ ਵਿਰੁੱਧ ਭੜਾਸ ਕੱਢ ਰਹੇ ਹਨ। ਉਨ੍ਹਾਂ ਕੇਜਰੀਵਾਲ ਨੂੰ ਸਲਾਹ ਦਿੱਤੀ ਕਿ ਉਹ ਇਸ ਤੱਥ ਨੂੰ ਭਲੀਭਾਂਤੀ ਜਾਣਦੇ ਹਨ ਕਿ ਉਹ ਇਸ ਸੂਬੇ ਵਿਚ ਕਦੇ ਵੀ ਸੱਤਾ ਵਿਚ ਨਹੀਂ ਆਉਣਗੇ ਇਸ ਲਈ ਵੱਡੇ-ਵੱਡੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਆਪਣੀਆਂ ਕੋਝੀਆਂ ਚਾਲਾਂ ਨਾਲ ਮੂਰਖ ਬਣਾਉਣ ਦੀ ਬਜਾਏ ਉਹ ਦਿੱਲੀ ਵਿੱਚ ਆਪਣੀ ਸਰਕਾਰ 'ਤੇ ਜ਼ਿਆਦਾ ਧਿਆਨ ਦੇਣ। ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਹੋਏ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਸੂਬੇ ਦੀ ਵਾਗਡੋਰ ਸੰਭਾਲਣ 'ਤੇ ਪਹਿਲਾਂ ਤਾਂ ਅਕਾਲੀ ਦਲ, ਭਾਜਪਾ ਅਤੇ 'ਆਪ' ਦੇ ਆਗੂ ਉਨ੍ਹਾਂ ਦਾ ਮਜ਼ਾਕ ਉਡਾਉਂਦਿਆਂ ਕਹਿੰਦੇ ਸੀ 'ਇਸ ਨੇ ਕੀ ਕਰਨਾ!’ ਅਤੇ ਹੁਣ ਜ਼ਮੀਨੀ ਪੱਧਰ ’ਤੇ ਉਨ੍ਹਾਂ ਦਾ ਪ੍ਰਦਰਸ਼ਨ ਦੇਖਣ ਉਪਰੰਤ ਇਹ ਕਹਿਣ ਲਈ ਮਜਬੂਰ ਹਨ ਕਿ ‘ਇਸ ਦਾ ਕਰੀਏ ਕੀ?’।

ਕੈਪਟਨ ਅਮਰਿੰਦਰ ਸਿੰਘ ਤੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਹੋਣ ਵਾਲੇ ਸੰਭਾਵੀ ਨੁਕਸਾਨ ਬਾਰੇ ਇਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਜਿਹੜਾ ਵਿਅਕਤੀ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਲੋਕਾਂ ਨੂੰ ਕੁਝ ਨਹੀਂ ਦੇ ਸਕਿਆ ਅਤੇ ਆਪਣੇ ਆਪ ਨੂੰ ਆਪਣੇ ਫਾਰਮਹਾਊਸ਼ ਵਿਚ ਕੈਦ ਕਰ ਲਿਆ, ਹੁਣ ਕੋਈ ਵੀ ਉਸ ਦੀ ਨਵੀਂ ਪਾਰਟੀ 'ਤੇ ਕਿਵੇਂ ਭਰੋਸਾ ਕਰ ਸਕਦਾ ਹੈ ਜੋ ਆਪਣੀ ਢਿੱਲੀ ਕਾਰਗੁਜ਼ਾਰੀ ਅਤੇ ਲੋਕਾਂ ਦੀ ਪਹੁੰਚ ਤੋਂ ਬਾਹਰ ਰਹਿਣ ਕਾਰਨ ਆਪਣੀ ਭਰੋਸੇਯੋਗਤਾ ਗਵਾ ਚੁੱਕਾ ਹੈ। ਕੈਪਟਨ ਅਮਰਿੰਦਰ ਅਤੇ ਬਾਦਲ ਦੋਸਤਾਨਾ ਮੈਚ ਖੇਡ ਰਹੇ ਅਤੇ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਸੱਤਾ ਦੀ ਵਰਤੋਂ ਇਕ-ਦੂਜੇ ਦੀ ਸਹੂਲਤ ਲਈ ਕਰਦੇ ਰਹੇ ਹਨ। ਮੁੱਖ ਮੰਤਰੀ ਚੰਨੀ ਨੇ ਕਿਹਾ, "ਇਹ ਅਖੌਤੀ ਦੁਸ਼ਮਣ ਦੋਸਤ ਬਣੇ ਹੋਏ ਹਨ, ਇਸ ਵਾਰ ਵੀ ਇੱਕ ਦੂਜੇ ਨੂੰ ਸਿਆਸੀ ਲਾਭ ਪਹੁੰਚਾਉਣ ਲਈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੀਟਾਂ ਦੀ ਵਿਵਸਥਾ ਵਿੱਚ ਰੁੱਝੇ ਹੋਏ ਹਨ।"

ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕੰਮਕਾਜ 'ਤੇ ਟਿੱਪਣੀ ਕਰਨ ਲਈ ਕਹੇ ਜਾਣ 'ਤੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਸਰਕਾਰ ਦੀ ਅਗਵਾਈ ਕਰ ਰਹੇ ਹਨ ਜਦੋਂ ਕਿ ਸਿੱਧੂ ਪਾਰਟੀ ਪ੍ਰਧਾਨ ਹਨ ਅਤੇ ਦੋਵਾਂ ਸੰਗਠਨਾਂ ਵਿਚ ਪੂਰੀ ਤਰ੍ਹਾਂ ਇਕਸੁਰਤਾ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਸਮਾਗਮ ਤੋਂ ਤੁਰੰਤ ਬਾਅਦ ਉਹ ਨਵਜੋਤ ਸਿੱਧੂ ਦੀ ਬੇਨਤੀ 'ਤੇ ਉਨ੍ਹਾਂ ਦੇ ਹਲਕੇ ਵਿਚ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਲਈ ਅੰਮ੍ਰਿਤਸਰ ਜਾ ਰਹੇ ਹਨ। ਮੁੱਖ ਮੰਤਰੀ ਚੰਨੀ ਨੇ ਬਿਨਾ ਕਿਸੇ ਝਿਜਕ ਦੇ ਕਿਹਾ ਕਿ ਉਹ ਹਮੇਸ਼ਾ ਆਪਣੀ ਆਲੋਚਨਾ ਨੂੰ ਹਾਂ-ਪੱਖੀ ਢੰਗ ਨਾਲ ਹੀ ਲੈਂਦੇ ਹਨ, ਚਾਹੇ ਇਹ ਪਾਰਟੀ ਦੇ ਅੰਦਰੋਂ ਹੋ ਰਹੀ ਹੋਵੇ ਜਾਂ ਬਾਹਰੋਂ। ਉਨ੍ਹਾਂ ਕਿਹਾ ਕਿ ਕੰਮਕਾਜ ਦੇ ਜਮਹੂਰੀ ਢਾਂਚੇ ਵਿਚ ਵਿਚਾਰਾਂ ਦਾ ਮਤਭੇਦ ਅਕਸਰ ਹੁੰਦਾ ਹੈ ਅਤੇ ਹਰੇਕ ਨੂੰ ਬਿਨਾਂ ਕਿਸੇ ਪੱਖਪਾਤ ਅਤੇ ਗਲਤ ਭਾਵਨਾ ਦੇ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ।

Credit : www.jagbani.com

  • TODAY TOP NEWS