ਸੁਲਤਾਨਪੁਰ ਲੋਧੀ ਹਲਕੇ 'ਚ ਕਾਂਗਰਸ ਲਈ ਨਵੀਂ ਚੁਣੌਤੀ, ਰਾਣਾ ਗੁਰਜੀਤ ਦੇ ਪੁੱਤਰ ਨੇ ਕੀਤਾ ਵੱਡਾ ਐਲਾਨ

ਸੁਲਤਾਨਪੁਰ ਲੋਧੀ ਹਲਕੇ 'ਚ ਕਾਂਗਰਸ ਲਈ ਨਵੀਂ ਚੁਣੌਤੀ, ਰਾਣਾ ਗੁਰਜੀਤ ਦੇ ਪੁੱਤਰ ਨੇ ਕੀਤਾ ਵੱਡਾ ਐਲਾਨ

ਸੁਲਤਾਨਪੁਰ ਲੋਧੀ (ਸੋਢੀ ): ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਦਾਅਵੇਦਾਰੀ ਜਤਾਉਣ ਵਾਲੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਸਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਅੱਜ ਪਾਰਟੀ ਹਾਈਕਮਾਨ ਵੱਲੋਂ ਟਿਕਟ ਨਾ ਦਿੱਤੇ ਜਾਣ ਕਾਰਨ ਆਪਣੇ ਤੇਵਰ ਤਿੱਖੇ ਕਰਦੇ ਹੋਏ ਕਾਂਗਰਸ ਤੋਂ ਬਾਗ਼ੀ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਹਲਕਾ ਸੁਲਤਾਨਪੁਰ ਲੋਧੀ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਰਾਣਾ ਇੰਦਰ ਪ੍ਰਤਾਪ ਨੇ ਸਪੱਸ਼ਟ ਕੀਤਾ ਕਿ ਹੁਣ ਉਹ ਕਿਸੇ ਵੀ ਕੀਮਤ 'ਤੇ ਪਿੱਛੇ ਨਹੀਂ ਹਟੇਗਾ। 

ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਕਾਂਗਰਸ ਪਾਰਟੀ ਵੱਲੋਂ ਟਿਕਟ ਦਿੱਤੇ ਜਾਣ 'ਤੇ ਪ੍ਰਤੀਕਰਮ ਦਿੰਦਿਆਂ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਹਲਕੇ ਤੋਂ  ਕਾਂਗਰਸ ਵੱਲੋਂ ਨਵਤੇਜ ਚੀਮਾ ਨੂੰ ਟਿਕਟ ਜ਼ਰੂਰ ਮਿਲੀ ਹੈ ਪਰ ਜਿੱਤ ਮੇਰੀ ਹੋਵੇਗੀ।ਪਿਛਲੇ ਤਕਰੀਬਨ ਦੋ ਮਹੀਨਿਆਂ ਤੋਂ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡਾਂ 'ਚ ਤੂਫ਼ਾਨੀ ਦੌਰੇ ਕਰਕੇ ਆਪਣੇ ਬਲਬੂਤੇ 'ਤੇ ਚੋਣ ਪ੍ਰਚਾਰ ਕਰਨ ਵਾਲੇ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਮੈਨੂੰ ਬਹੁਤ ਵੱਡਾ ਸਮਰਥਨ ਮਿਲਿਆ ਹੈ ਤੇ ਹੁਣ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦੱਸਣਯੋਗ ਹੈ ਕਿ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਪਿਤਾ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ ਨੂੰ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਹੈ। ਰਾਣਾ ਗੁਰਜੀਤ ਸਿੰਘ ਵੀ ਹਮੇਸ਼ਾ ਆਪਣੇ ਪੁੱਤਰ ਦੀ ਪਿੱਠ 'ਤੇ ਖੜ੍ਹੇ ਰਹੇ ਹਨ ਤੇ ਰਾਣਾ ਇੰਦਰ ਪ੍ਰਤਾਪ ਦੇ ਚੋਣ ਲੜਨ ਦੇ ਦਾਅਵੇ 'ਤੇ ਮੋਹਰ ਲਗਾਉਂਦੇ ਆ ਰਹੇ ਹਨ।ਵੇਖਣਯੋਗ ਇਹ ਹੋਵੇਗਾ ਕਿ ਪਾਰਟੀ ਦੇ ਮੱਦੇਨਜ਼ਰ ਰਾਣਾ ਗੁਰਜੀਤ ਵਿਧਾਇਕ ਨਵਤੇਜ ਚੀਮਾ ਦੇ ਹੱਕ 'ਚ ਭੁਗਤਣਗੇ ਜਾਂ ਆਜ਼ਾਦ ਚੋਣ ਲੜਨ ਜਾ ਰਹੇ ਆਪਣੇ ਪੁੱਤਰ ਦੇ ਹੱਕ 'ਚ ਚੋਣ ਪ੍ਰਚਾਰ ਕਰਕੇ ਚੀਮਾ ਦੇ ਖ਼ਿਲਾਫ਼। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਰਾਣਾ ਗੁਰਜੀਤ ਸਿੱਧੇ ਤੌਰ 'ਤੇ ਸੁਲਤਾਨਪੁਰ ਲੋਧੀ ਹਲਕੇ ਵਿੱਚ ਨਾ ਵਿਚਰ ਕੇ ਅੰਦਰਖਾਤੇ ਆਪਣੇ ਪੁੱਤਰ ਲਈ ਚੋਣ ਪ੍ਰਚਾਰ ਕਰ ਸਕਦੇ ਹਨ। 

ਜ਼ਿਕਰਯੋਗ ਹੈ ਕਿ ਇਸ ਸੀਟ ਨੂੰ ਲੈ ਕੇ ਕਾਂਗਰਸ ’ਚ ਕਾਟੋ-ਕਲੇਸ਼ ਬਹੁਤ ਵਧ ਚੁੱਕਾ ਸੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਨਵਤੇਜ ਸਿੰਘ ਚੀਮਾ ਦੇ ਹੱਕ ਵਿਚ ਰੈਲੀ ਕਰ ਕੇ ਉਨ੍ਹਾਂ ਦੇ ਨਾਂ ਉਤੇ ਮੋਹਰ ਪਹਿਲਾਂ ਹੀ ਲਾ ਦਿੱਤੀ ਸੀ। ਸਿੱਧੂ ਨੇ ਕਿਹਾ ਸੀ ਕਿ ਨਵਤੇਜ ਚੀਮਾ ਨੂੰ ਜ਼ਮੀਨ ਨਾਲ ਜੋੜ ਦਿੱਤਾ ਗਿਆ ਹੈ, ਉਸ ਨੂੰ ਕੋਈ ਹਿਲਾ ਨਹੀਂ ਸਕਦਾ। ਸੁਲਤਾਨਪੁਰ ਲੋਧੀ ਤੋਂ ਨਵਤੇਜ ਸਿੰਘ ਚੀਮਾ ਕਾਂਗਰਸ ਦੇ ਮੌਜੂਦਾ ਵਿਧਾਇਕ ਹਨ ਪਰ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਵੀ ਇਸ ਹਲਕੇ ਤੋਂ ਚੋਣ ਲੜਨ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਸਨ। ਹੁਣ ਜਦਕਿ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਹਾਈਕਮਾਨ ਨੇ ਨਵਤੇਜ ਚੀਮਾ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਤਾਂ ਰਾਣਾ ਇੰਦਰ ਪ੍ਰਤਾਪ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕਰਕੇ ਸੁਲਤਾਨਪੁਰ ਲੋਧੀ ਹਲਕੇ ਦੀ ਸਿਆਸਤ ਨੂੰ ਸਿਖ਼ਰ 'ਤੇ ਪਹੁੰਚਾ ਦਿੱਤਾ ਹੈ।

: ਤੁਹਾਡੇ ਮੁਤਾਬਕ ਕੌਣ ਜਿੱਤੇਗਾ ਸੁਲਤਾਨਪੁਰ ਲੋਧੀ ਤੋਂ ਵਿਧਾਨ ਸਭਾ ਚੋਣ ?
 

Credit : www.jagbani.com

  • TODAY TOP NEWS