ਸਿੱਖ ਨੌਜਵਾਨ ਨੇ 5 ਸਾਲਾ ਬੱਚੀ ਨੂੰ ਬਚਾਉਣ ਲਈ ਬਰਫ਼ੀਲੇ ਪਾਣੀ 'ਚ ਮਾਰੀ ਛਾਲ, ਹੋ ਰਹੀਆਂ ਤਾਰੀਫ਼ਾਂ

ਸਿੱਖ ਨੌਜਵਾਨ ਨੇ 5 ਸਾਲਾ ਬੱਚੀ ਨੂੰ ਬਚਾਉਣ ਲਈ ਬਰਫ਼ੀਲੇ ਪਾਣੀ 'ਚ ਮਾਰੀ ਛਾਲ, ਹੋ ਰਹੀਆਂ ਤਾਰੀਫ਼ਾਂ

ਸ਼੍ਰੀਨਗਰ- ਸ਼੍ਰੀਨਗਰ ਦੇ ਬੇਮਿਨਾ ਇਲਾਕੇ ’ਚ ਹਮਦਾਨੀਆ ਕਾਲੋਨੀ ’ਚ ਇਕ ਪੰਜ ਸਾਲਾ ਬੱਚੀ ਨਹਿਰ ਦੇ ਕਿਨਾਰੇ ’ਤੇ ਜੰਮੀ ਬਰਫ਼ ਦੀ ਮੋਟੀ ਪਰਤ ’ਤੇ ਪੈਦਲ ਚੱਲ ਰਹੀ ਸੀ ਕਿ ਅਚਾਨਕ ਉਸ ਦਾ ਪੈਰ ਤਿਲਕ ਗਿਆ ਤੇ ਉਹ ਨਹਿਰ ’ਚ ਜਾ ਡਿੱਗੀ। ਨਹਿਰ ’ਚ ਪਾਣੀ ਬਰਫ਼ੀਲਾ ਸੀ। ਉਹ ਮਦਦ ਲਈ ਚੀਕਣ ਲੱਗੀ। ਨੇੜੇ ਆਪਣੇ ਘਰ ਦੀ ਖਿੜਕੀ ’ਚ ਖੜ੍ਹੇ ਸਿੱਖ ਨੌਜਵਾਨ ਸਿਮਰਨ ਪਾਲ ਸਿੰਘ ਦੀ ਨਜ਼ਰ ਬੱਚੀ ’ਤੇ ਪਈ ਤੇ ਅਗਲੇ ਹੀ ਪਲ ਉਹ ਜਾਨ ਦੀ ਪਰਵਾਹ ਕੀਤੇ ਬਗ਼ੈਰ ਬਰਫ਼ੀਲੇ ਤੇ ਡੂੰਘੇ ਪਾਣੀ ’ਚ ਉਤਰ ਗਿਆ। ਉਦੋਂ ਤੱਕ ਕੁਝ ਹੋਰ ਲੋਕ ਆਏ ਅਤੇ ਬੱਚੀ ਨੂੰ ਬਾਹਰ ਕੱਢ ਲਿਆ। ਬੀਤੇ ਸ਼ਨੀਵਾਰ ਦੀ ਇਹ ਘਟਨਾ ਨੇੜੇ ਲੱਗੇ ਇਕ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ। ਸਿਮਰਨ ਪਾਲ ਦੀ ਬਹਾਦਰੀ ਅਤੇ ਸਮਝ ਦੀ ਲੋਕ ਸ਼ਲਾਘਾ ਕਰ ਰਹੇ ਹਨ। ਸਿਮਰਨ ਪਾਲ ਸਿੰਘ ਨੇ ਦੱਸਿਆ ਕਿ ਮੈਂ ਇਕ ਬੱਚੀ ਦੇ ਚੀਕਣ ਦੀ ਆਵਾਜ਼ ਸੁਣੀ। ਕੁਝ ਲੋਕ ਉਸ ਨੂੰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਕੋਈ ਵੀ ਬਰਫ਼ੀਲੇ ਪਾਣੀ ’ਚ ਉਤਰਨ ਤੇ ਡੁੱਬਣ ਦੇ ਡਰੋਂ ਨਹਿਰ ’ਚ ਉਤਰਨ ਦੀ ਹਿੰਮਤ ਨਹੀਂ ਦਿਖਾ ਰਿਹਾ ਸੀ। ਮੈਂ ਦੇਖਿਆ ਕਿ ਜੇਕਰ ਕੁਝ ਹੋਰ ਦੇਰ ਹੋਈ ਤਾਂ ਠੰਢ ਨਾਲ ਬੱਚੀ ਦੀ ਜਾਨ ਜਾ ਸਕਦੀ ਹੈ। ਮੈਂ ਤੁਰੰਤ ਪਾਣੀ ’ਚ ਛਾਲ ਮਾਰ ਦਿੱਤੀ। ਉੱਥੇ ਇਕ ਬਜ਼ੁਰਗ ਵੀ ਸੀ, ਜਿਨ੍ਹਾਂ ਨੇ ਮੇਰੀ ਮਦਦ ਕੀਤੀ।

ਹਿੰਮਤ ਦੇਣ ਲਈ ਗੁਰੂ ਦਾ ਕੀਤਾ ਸ਼ੁਕਰੀਆ
ਸਿਮਰਨ ਨੇ ਕਿਹਾ ਕਿ ਮੈਂ ਸਿੱਖ ਹਾਂ ਤੇ ਗੁਰੂਆਂ ਨੇ ਸਾਨੂੰ ਸਰਬਤ ਦਾ ਭਲਾ ਦੀ ਸਿੱਖਿਆ ਦਿੱਤੀ ਹੈ, ਭਾਵੇਂ ਇਸ ’ਚ ਸਾਡੀ ਜਾਨ ਹੀ ਕਿਉਂ ਨਾਲ ਚਲੀ ਜਾਵੇ। ਬੱਚੀ ਨੂੰ ਬਚਾਉਣ ਦੌਰਾਨ ਗਰਦਨ ’ਤੇ ਲੱਗੀ ਸੱਟ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਇਹ ਕੁਝ ਨਹੀਂ ਹੈ ਠੀਕ ਹੋ ਜਾਵੇਗੀ। ਜੇਕਰ ਮੈਂ ਆਪਣੀ ਸੱਟ ਦੀ ਫ਼ਿਕਰ ਕਰਦਾ ਤਾਂ ਬੱਚੀ ਨੂੰ ਕੌਣ ਬਚਾਉਂਦਾ। ਮੈਂ ਆਪਣੇ ਗੁਰੂ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੈਨੂੰ ਹਿੰਮਤ ਦਿੱਤੀ।

ਹਰ ਕੋਈ ਕਰ ਰਿਹੈ ਸਿਮਰਨ ਦੀ ਤਾਰੀਫ਼
ਸ੍ਰੀਨਗਰ ਦੇ ਫੈਆਜ਼ ਨੇ ਕਿਹਾ ਕਿ ਇਹ ਹਿੰਦੂ ਮੁਸਲਿਮ-ਸਿੱਖ-ਇਸਾਈ ਦੀ ਨਹੀਂ ਬਲਕਿ ਇਨਸਾਨੀਅਤ ਤੇ ਕਸ਼ਮੀਰੀਅਤ ਦੀ ਗੱਲ ਹੈ। ਕਸ਼ਮੀਰ ’ਚ ਸਿੱਖ, ਹਿੰਦੂ ਤੇ ਮੁਸਲਮਾਨ ਏਕਤਾ ਸਦੀਆਂ ਤੋਂ ਹੈ ਤੇ ਅੱਗੇ ਵੀ ਜਾਰੀ ਰਹੇਗੀ। ਸਿਰਫ਼ ਫੈਆਜ਼ ਹੀ ਨਹੀਂ, ਜਿਸ ਨੇ ਵੀ ਸਿਮਰਨ ਪਾਲ ਸਿੰਘ ਬਾਰੇ ਸੁਣਿਆ, ਉਹੀ ਉਸ ਦੀ ਤਾਰੀਫ਼ ਕਰ ਰਿਹਾ ਹੈ।

Credit : www.jagbani.com

  • TODAY TOP NEWS