ਰਾਣਾ ਗੁਰਜੀਤ ਸਿੰਘ ਵੱਲੋਂ ਪੱਤਰ ਲਿਖਣ ਵਾਲੇ ਵਿਧਾਇਕਾਂ ਨੂੰ ਕਰਾਰਾ ਜਵਾਬ, ਦਿੱਤੀ ਵੱਡੀ ਚੁਣੌਤੀ

ਰਾਣਾ ਗੁਰਜੀਤ ਸਿੰਘ ਵੱਲੋਂ ਪੱਤਰ ਲਿਖਣ ਵਾਲੇ ਵਿਧਾਇਕਾਂ ਨੂੰ ਕਰਾਰਾ ਜਵਾਬ, ਦਿੱਤੀ ਵੱਡੀ ਚੁਣੌਤੀ

ਕਪੂਰਥਲ: ਰਾਣਾ ਗੁਰਜੀਤ ਨੇ ਬੀਤੇ ਦਿਨ ਉਨ੍ਹਾਂ ਨੂੰ ਪਾਰਟੀ 'ਚੋਂ ਕੱਢਣ ਦੀ ਮੰਗ ਨੂੰ ਲੈ ਕੇ ਹਾਈਕਮਾਨ ਨੂੰ ਪੱਤਰ ਲਿਖਣ ਵਾਲੇ ਕਾਂਗਰਸ ਦੇ 4 ਉਮੀਦਵਾਰਾਂ ਖ਼ਿਲਾਫ਼ ਤਿੱਖਾ ਹਮਲਾ ਬੋਲਦਿਆਂ ਵੱਡੀ ਚੁਣੌਤੀ ਦਿੱਤੀ ਹੈ। ਰਾਣਾ ਗੁਰਜੀਤ ਨੇ ਆਪਣੀ ਪਾਰਟੀ ਦੇ ਉਮੀਦਵਾਰਾਂ ਅਤੇ ਵਿਧਾਇਕਾਂ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਪਿਛਲੇ ਪੰਜ ਸਾਲ ਲੋਕ ਸੇਵਾ ਕੀਤੀ ਹੈ ਤਾਂ ਫਿਰ ਡਰ ਕਿਸ ਗੱਲ ਦਾ ਸਤਾ ਰਿਹਾ ਹੈ।ਉਨ੍ਹਾਂ ਨੇ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਤੁਸੀਂ ਚਾਰੇ ਉਮੀਦਵਾਰ ਆਪਣੇ ਆਪ ਨੂੰ ਫੰਨੇ ਖਾਂ ਸਮਝਦੇ ਹੋ ਤਾਂ ਚਾਰੇ ਰਲ ਕੇ ਮੈਨੂੰ ਕਪੂਰਥਲੇ ਤੋਂ ਹਰਾ ਕੇ ਦਿਖਾਓ।

ਗੌਰਤਲਬ ਹੈ ਕਿ ਬੀਤੇ ਦਿਨ ਕਾਂਗਰਸ ਦੇ 3 ਵਿਧਾਇਕਾਂ ਨਵਤੇਜ ਚੀਮਾ, ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ, ਬਲਵਿੰਦਰ ਸਿੰਘ ਧਾਲੀਵਾਲ ਅਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਹਾਈਕਮਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਰਾਣਾ ਗੁਰਜੀਤ ਨੂੰ ਪਾਰਟੀ 'ਚੋਂ ਕੱਢਿਆ ਜਾਵੇ ਕਿਉਂਕਿ ਉਹ ਪੰਜਾਬ ਅਤੇ ਖ਼ਾਸ ਕਰਕੇ ਦੋਆਬਾ 'ਚ ਲਗਾਤਾਰ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ ।ਉਨ੍ਹਾਂ ਇਲਜ਼ਾਮ ਲਗਾਇਆ ਸੀ ਕਿ ਕਾਂਗਰਸੀ ਉਮੀਦਵਾਰਾਂ ਨੂੰ ਹੀ ਹਰਾਉਣ ਲਈ ਰਾਣਾ ਗੁਰਜੀਤ ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਮਦਦ ਕਰ ਰਹੇ ਹਨ। ਵਿਧਾਇਕ ਨਵਤੇਜ ਚੀਮਾ ਨੇ ਇਲਜ਼ਾਮ ਲਗਾਇਆ ਸੀ ਕਿ ਰਾਣਾ ਗੁਰਜੀਤ ਨੇ ਇਸ ਹਲਕੇ ਤੋਂ ਆਪਣੇ ਪੁੱਤਰ ਨੂੰ ਆਜ਼ਾਦ ਚੋਣ ਲੜਾਉਣ ਦਾ ਐਲਾਨ ਕਰਕੇ ਹਾਈਕਮਾਨ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ ਕਿਉਂਕਿ ਸੁਲਤਾਨਪੁਰ ਲੋਧੀ ਤੋਂ ਉਨ੍ਹਾਂ ਨੂੰ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ।ਇਨ੍ਹਾਂ ਸਭ ਗੱਲਾਂ ਦਾ ਜਵਾਬ ਦਿੰਦਿਆਂ ਰਾਣਾ ਗੁਰਜੀਤ ਨੇ ਕਿਹਾ ਕਿ  ਉਹ ਮਾਝੇ ਤੇ ਦੋਆਬੇ 'ਚ ਕਾਂਗਰਸ ਦੇ ਪੈਰ ਜਮਾਉਣ ਵਾਲੇ ਮੋਹਰੀ ਆਗੂ ਹਨ ਤੇ ਕਾਂਗਰਸ ਹਾਈਕਮਾਨ ਵੀ ਉਨ੍ਹਾਂ ਖ਼ਿਲਾਫ਼ ਕਾਰਵਾਈ ਨਹੀਂ ਕਰ ਸਕਦੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਪੁੱਤਰ ਸੁਲਤਾਨਪੁਰ ਲੋਧੀ ਤੋਂ ਹੀ ਆਜ਼ਾਦ ਚੋਣ ਲੜੇਗਾ ਕਿਉਂਕਿ ਜਿਸ ਉਮੀਦਵਾਰ ਨੂੰ ਸਾਡੀ ਪਾਰਟੀ ਨੇ ਟਿਕਟ ਦਿੱਤੀ ਹੈ, ਉਹ ਕਾਬਿਲ ਨਹੀਂ ਹੈ ਤੇ ਨਾ ਹੀ ਜਿੱਤ ਦਾ ਦਾਅਵੇਦਾਰ ਹੈ। ਇਸ ਲਈ ਉਨ੍ਹਾਂ ਆਪਣੇ ਪੁੱਤਰ ਨੂੰ ਆਜ਼ਾਦ ਉਮੀਦਵਾਰ ਲੜਾਉਣ ਦਾ ਐਲਾਨ ਕੀਤਾ ਹੈ।

ਰਾਣਾ ਗੁਰਜੀਤ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਣ ਵਾਲਿਆਂ 'ਤੇ ਕੋਈ ਇਤਰਾਜ਼ ਨਹੀਂ ਹੈ। ਜੇ ਮੈਂ ਨਿਕੰਮਾ ਹੋਇਆ ਤਾਂ ਮੈਨੂੰ ਕੱਢ ਦੇਣਗੇ ਤੇ ਜੇ ਮੈਂ ਕੰਮ ਦਾ ਹਾਂ ਤਾਂ ਨਹੀਂ ਕੱਢਣਗੇ। ਨਵਤੇਜ ਚੀਮਾ ਬਾਰੇ ਬੋਲਦਿਆਂ ਰਾਣਾ ਗੁਰਜੀਤ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਉਨ੍ਹਾਂ ਨੂੰ ਕੰਮ ਕਰਕੇ ਵਿਖਾਉਣ ਦਾ ਬਹੁਤ ਵੱਡਾ ਮੌਕਾ ਮਿਲਿਆ ਸੀ ਪਰ ਚੀਮਾ ਨੇ ਕੁਝ ਨਹੀਂ ਕੀਤਾ ਸਗੋਂ ਜਿੰਨਾ ਪੈਸਾ ਮਿਲਿਆ, ਸਾਰਾ ਖੁਰਦ-ਬੁਰਦ ਕਰ ਦਿੱਤਾ। ਹੁਣ ਜੇਕਰ ਹਲਕੇ ਦੇ ਲੋਕ ਆਪ ਉਨ੍ਹਾਂ ਦੇ ਪੁੱਤਰ ਨੂੰ ਚੋਣ ਲੜਾ ਰਹੇ ਹਨ ਤਾਂ ਇਸ ਵਿੱਚ ਉਹ ਕੀ ਕਰ ਸਕਦੇ ਹਨ। ਹਾਈਕਮਾਨ ਨੂੰ ਪੱਤਰ ਲਿਖਣ ਵਾਲੇ ਵਿਧਾਇਕਾਂ ਨੂੰ ਉਨ੍ਹਾਂ ਸਲਾਹ ਦਿੰਦਿਆਂ ਕਿਹਾ ਕਿ ਚੀਕਾਂ ਮਾਰਨ ਦੀ ਬਜਾਏ ਤੁਸੀਂ ਆਪੋ-ਆਪਣੇ ਹਲਕੇ 'ਚ ਮਿਹਨਤ ਕਰਕੇ ਜਿੱਤ ਕੇ ਦਿਖਾਓ।

Credit : www.jagbani.com

  • TODAY TOP NEWS