ਕਾਨੂੰਨ ਵਿਵਸਥਾ ਸਬੰਧੀ ਕੋਈ ਸਮੱਸਿਆ ਨਹੀਂ, ਘੱਲੂਘਾਰੇ ਨੂੰ ਵੇਖਦਿਆਂ ਮੰਗਵਾਈਆਂ 10 ਕੰਪਨੀਆਂ : DGP ਭਾਵਰਾ

ਕਾਨੂੰਨ ਵਿਵਸਥਾ ਸਬੰਧੀ ਕੋਈ ਸਮੱਸਿਆ ਨਹੀਂ, ਘੱਲੂਘਾਰੇ ਨੂੰ ਵੇਖਦਿਆਂ ਮੰਗਵਾਈਆਂ 10 ਕੰਪਨੀਆਂ : DGP ਭਾਵਰਾ

ਜਲੰਧਰ–ਪੰਜਾਬ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਪਿੱਛੋਂ ਪੰਜਾਬ ਸਰਕਾਰ ਨੇ ਸੂਬੇ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਨੂੰ ਆਪਣੀ ਪਹਿਲੀ ਤਰਜੀਹ ਦੱਸਿਆ ਹੈ। ਪਿਛਲੇ ਕੁਝ ਸਮੇਂ ’ਚ ਦੇਸ਼-ਵਿਰੋਧੀ ਅਤੇ ਸ਼ਰਾਰਤੀ ਅਨਸਰਾਂ ਨੇ ਕੁਝ ਥਾਵਾਂ ’ਤੇ ਗਡ਼ਬੜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਪੁਲਸ ਨੇ ਡੀ. ਜੀ. ਪੀ. ਵੀ. ਕੇ. ਭਾਵਰਾ ਦੀ ਅਗਵਾਈ ’ਚ ਤੁਰੰਤ ਕਾਰਵਾਈ ਕਰਦੇ ਹੋਏ ਹਾਲਤ ’ਤੇ ਕਾਬੂ ਪਾਇਆ ਅਤੇ ਅਪਰਾਧਿਕ ਅਨਸਰਾਂ ਦੀ ਸਾਜ਼ਿਸ਼ ਨੂੰ ਬੇਨਕਾਬ ਕੀਤਾ। ਇਸ ਸਬੰਧੀ ਡੀ. ਜੀ. ਪੀ. ਵੀ. ਕੇ. ਭਾਵਰਾ ਨਾਲ ਸੰਖੇਪ ਇੰਟਰਵਿਊ ਕੀਤੀ ਗਈ, ਜਿਸ ਦੇ ਪ੍ਰਮੁੱਖ ਅੰਸ਼ ਹੇਠ ਲਿਖੇ ਹਨ–

ਪੰਜਾਬ ’ਚ ਅਜਿਹੀਆਂ ਚਰਚਾਵਾਂ ਚੱਲੀਆਂ ਹਨ, ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਪੰਜਾਬ ਪੁਲਸ ਨੇ ਕੇਂਦਰੀ ਗ੍ਰਹਿ ਮੰਤਰਾਲਾ ਤੋਂ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਪੈਰਾ-ਮਿਲਟਰੀ ਫੋਰਸਾਂ ਦੀਆਂ ਕੰਪਨੀਆਂ ਮੰਗਵਾਈਆਂ ਹਨ?
–ਪੰਜਾਬ ਵਿਚ ਸਰਕਾਰ ਨੇ ਜੂਨ ਦੇ ਸ਼ੁਰੂ ’ਚ ਘੱਲੂਘਾਰਾ ਹਫ਼ਤੇ ਨੂੰ ਧਿਆਨ ’ਚ ਰੱਖਦੇ ਹੋਏ ਕੇਂਦਰੀ ਗ੍ਰਹਿ ਮੰਤਰਾਲਾ ਤੋਂ ਪੈਰਾ-ਮਿਲਟਰੀ ਫੋਰਸਾਂ ਦੀਆਂ 10 ਕੰਪਨੀਆਂ ਮੰਗਵਾਈਆਂ ਹਨ। ਇਹ ਕੋਈ ਨਵੀਂ ਗੱਲ ਨਹੀਂ। ਪੰਜਾਬ ਸਰਕਾਰ ਹਰ ਸਾਲ ਘੱਲੂਘਾਰਾ ਹਫ਼ਤੇ ਦੇ ਨੇੜੇ ਪੈਰਾ-ਮਿਲਟਰੀ ਫੋਰਸਾਂ ਦੀਆਂ ਕੰਪਨੀਆਂ ਕੇਂਦਰ ਸਰਕਾਰ ਤੋਂ ਮੰਗਵਾਉਂਦੀ ਹੈ। ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ, ਉਸੇ ਤਰ੍ਹਾਂ ਹੁਣ ਕੀਤਾ ਗਿਆ ਹੈ। ਇਸ ਲਈ ਇਸ ਗੱਲ ਨੂੰ ਕਾਨੂੰਨ ਵਿਵਸਥਾ ਦੀ ਸਥਿਤੀ ਨਾਲ ਜੋੜਨਾ ਕਦੇ ਵੀ ਸਹੀ ਨਹੀਂ।

ਗ੍ਰਹਿ ਮੰਤਰਾਲਾ ਤੋਂ ਪੰਜਾਬ ਆ ਰਹੀਆਂ ਪੈਰਾ-ਮਿਲਟਰੀ ਫੋਰਸਾਂ ਦੀਆਂ ਕੰਪਨੀਆਂ ਕਿੰਨਾ ਸਮਾਂ ਸੂਬੇ ਵਿਚ ਰਹਿਣਗੀਆਂ?
–ਗ੍ਰਹਿ ਮੰਤਰਾਲਾ ਨੇ ਪੰਜਾਬ ’ਚ ਘੱਲੂਘਾਰਾ ਹਫ਼ਤੇ ਨੂੰ ਧਿਆਨ ਵਿਚ ਰੱਖਦੇ ਹੋਏ 10 ਕੰਪਨੀਆਂ ਦੇਣ ਦੀ ਮਨਜ਼ੂਰੀ ਦਿੱਤੀ ਹੈ। ਇਹ ਕੰਪਨੀਆਂ ਅਗਲੇ 2-3 ਦਿਨਾਂ ਵਿਚ ਪਹੁੰਚ ਜਾਣਗੀਆਂ ਅਤੇ ਜੂਨ ਦੇ ਸ਼ੁਰੂ ਵਿਚ ਘੱਲੂਘਾਰੇ ਦੇ ਸੰਪੰਨ ਹੋਣ ਤਕ ਸੂਬੇ ਵਿਚ ਬਣੀਆਂ ਰਹਿਣਗੀਆਂ। ਇਨ੍ਹਾਂ ਨੂੰ ਲੰਬੇ ਸਮੇਂ ਲਈ ਪੰਜਾਬ ਵਿਚ ਰੱਖਣ ਲਈ ਨਹੀਂ ਸੱਦਿਆ ਗਿਆ। ਇਸ ਲਈ ਕਾਨੂੰਨ ਵਿਵਸਥਾ ਨਾਲ ਜੁਡ਼ੇ ਮਾਮਲਿਆਂ ’ਤੇ ਜ਼ਿਆਦਾ ਫਿਕਰਮੰਦ ਹੋਣ ਦੀ ਲੋੜ ਨਹੀਂ। ਇਹ ਕੰਪਨੀਆਂ ਆਮ ਪੁਲਿਸਿੰਗ ਦਾ ਹਿੱਸਾ ਬਣਨਗੀਆਂ। ਪੰਜਾਬ ਪੁਲਸ ਨਾਲ ਮਿਲ ਕੇ ਉਹ ਘੱਲੂਘਾਰੇ ਨੂੰ ਸ਼ਾਂਤਮਈ ਢੰਗ ਨਾਲ ਸੰਪੰਨ ਕਰਨ ਲਈ ਕੰਮ ਕਰਨਗੀਆਂ।

ਤਾਂ ਕੀ ਇਹ ਸਮਝਿਆ ਜਾਵੇ ਕਿ ਇਹ ਸਾਰੇ ਕਦਮ ਚੌਕਸੀ ਲਈ ਅਤੇ ਘੱਲੂਘਾਰੇ ਨੂੰ ਲੈ ਕੇ ਹੀ ਚੁੱਕੇ ਗਏ ਹਨ?
–ਇਸ ਵਿਚ ਸ਼ੱਕ ਦੀ ਕੋਈ ਗੁਜਾਇਸ਼ ਨਹੀਂ। ਘੱਲੂਘਾਰਾ ਨੂੰ ਲੈ ਕੇ ਹੀ ਇਹ ਕੰਪਨੀਆਂ ਪੰਜਾਬ ਪਹੁੰਚ ਰਹੀਆਂ ਹਨ। ਪੰਜਾਬ ਵਿਚ ਤੁਹਾਡੇ ਅਨੁਸਾਰ ਹਾਲਾਤ ਹੁਣ ਕਿਹੋ ਜਿਹੇ ਹਨ? ਕਾਨੂੰਨ ਵਿਵਸਥਾ ਦੀ ਸਥਿਤੀ ਕਿਹੋ ਜਿਹੀ ਚੱਲ ਰਹੀ ਹੈ? ਕੀ ਜਨਤਾ ਨੂੰ ਕਿਸੇ ਗੱਲ ਦਾ ਫਿਕਰ ਕਰਨ ਦੀ ਲੋੜ ਹੈ ਜਾਂ ਨਹੀਂ? ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ’ਚ ਹੈ ਅਤੇ ਇਸ ਨੂੰ ਲੈ ਕੇ ਕਿਸੇ ਨੂੰ ਵੀ ਭੈਅਭੀਤ ਹੋਣ ਦੀ ਲੋੜ ਨਹੀਂ। ਤੁਸੀਂ ਹੀ ਸਾਨੂੰ ਦੱਸੋ ਕਿ ਜ਼ਿਲਿਆਂ ਵਿਚ ਹਾਲਾਤ ਕਿਹੋ ਜਿਹੇ ਹਨ ? ਮੇਰੀ ਜਾਣਕਾਰੀ ਅਨੁਸਾਰ ਸਾਰੇ ਜ਼ਿਲਿਆਂ ਵਿਚ ਹਾਲਾਤ ਆਮ ਵਰਗੇ ਚੱਲ ਰਹੇ ਹਨ।

ਮੋਹਾਲੀ ਧਮਾਕੇ ਦੇ ਮਾਮਲੇ ਨੂੰ ਤਾਂ ਪੰਜਾਬ ਪੁਲਸ ਨੇ ਹੱਲ ਕਰ ਲਿਆ ਸੀ। ਹੁਣ ਅੱਗੇ ਚੌਕਸੀ ਦੀ ਨਜ਼ਰ ਨਾਲ ਕੀ ਹਾਲਾਤ ਰਹਿਣਗੇ?
–ਪੰਜਾਬ ਪੁਲਸ ਪੂਰੀ ਤਰ੍ਹਾਂ ਅਲਰਟ ਹੈ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ। ਭਵਿੱਖ ਵਿਚ ਵੀ ਚੌਕਸੀ ਦੀ ਨਜ਼ਰ ਨਾਲ ਹਰ ਸੰਭਵ ਕਦਮ ਚੁੱਕੇ ਜਾਣਗੇ।

ਪੰਜਾਬ ਨੂੰ ਲੈ ਕੇ ਵਿਦੇਸ਼ੀ ਸਾਜ਼ਿਸ਼ਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
–ਪੰਜਾਬ ਨੂੰ ਲੈ ਕੇ ਵਿਦੇਸ਼ੀ ਸਾਜ਼ਿਸ਼ਾਂ ਤਾਂ ਕਾਫੀ ਸਮੇਂ ਤੋਂ ਚੱਲਦੀਆਂ ਆ ਰਹੀਆਂ ਹਨ। ਪੰਜਾਬ ਪੁਲਸ ਨੇ ਹਮੇਸ਼ਾ ਇਨ੍ਹਾਂ ਸਾਜ਼ਿਸ਼ਾਂ ਨੂੰ ਅਸਫਲ ਕੀਤਾ ਹੈ ਅਤੇ ਭਵਿੱਖ ਵਿਚ ਵੀ ਕਰਦੀ ਰਹੇਗੀ। ਪੰਜਾਬ ਦੇ ਲੋਕ ਪੂਰੀ ਤਰ੍ਹਾਂ ਚੌਕਸ ਹਨ ਅਤੇ ਪੰਜਾਬ ਪੁਲਸ ਦੇ ਨਾਲ ਹਨ। ਪੰਜਾਬ ਪੁਲਸ ਦਾ ਸੁਨਹਿਰੀ ਇਤਿਹਾਸ ਰਿਹਾ ਹੈ ਜਿਸ ਨੇ ਅੱਤਵਾਦ ’ਤੇ ਕਾਬੂ ਪਾਉਣ ਦੇ ਨਾਲ-ਨਾਲ ਸੂਬੇ ਵਿਚ ਅਮਨ-ਸ਼ਾਂਤੀ ਨੂੰ ਬਹਾਲ ਕੀਤਾ ਹੈ।

ਪੰਜਾਬ ਵਿਚ ਨਵੀਂ ਸਰਕਾਰ ਬਣਨ ਤੋਂ ਬਾਅਦ ਪੁਲਸ ਨੂੰ ਲੈ ਕੇ ਕਾਫ਼ੀ ਕਦਮ ਚੁੱਕੇ ਗਏ ਹਨ। ਉਨ੍ਹਾਂ ’ਤੇ ਕੀ ਅਸਰ ਵਿਖਾਈ ਦੇ ਰਿਹਾ ਹੈ?
-ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ’ਚ ਨਵੀਂ ਸਰਕਾਰ ਬਣਨ ਤੋਂ ਬਾਅਦ ਪੁਲਸ ਮੁਲਾਜ਼ਮਾਂ ਦੇ ਕਲਿਆਣ ਲਈ ਕਾਫ਼ੀ ਕਦਮ ਚੁੱਕੇ ਗਏ ਹਨ। ਹਰੇਕ ਪੁਲਸ ਮੁਲਾਜ਼ਮ ਦੇ ਜਨਮ ਦਿਨ ਤੇ ਵਰ੍ਹੇਗੰਢ ’ਤੇ ਪੰਜਾਬ ਪੁਲਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਵਧਾਈ ਸੁਨੇਹੇ ਭੇਜੇ ਜਾ ਰਹੇ ਹਨ ਜਿਸ ਨਾਲ ਇਕ ਚੰਗਾ ਸੁਨੇਹਾ ਪੁਲਸ ਮੁਲਾਜ਼ਮਾਂ ਤੇ ਜਵਾਨਾਂ ਵਿਚ ਗਿਆ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਿਛਲੇ ਦਿਨੀਂ ਪੰਜਾਬ ਪੁਲਸ ਨੂੰ ਵਿਸ਼ੇਸ਼ ਗ੍ਰਾਂਟਾਂ ਦਿੱਤੀਆਂ ਸਨ। ਮੁੱਖ ਮੰਤਰੀ ਪੰਜਾਬ ਪੁਲਸ ਦੇ ਆਧੁਨਿਕੀਕਰਨ ਅਤੇ ਜਵਾਨਾਂ ਦੀ ਭਲਾਈ ਲਈ ਕਾਫੀ ਗੰਭੀਰ ਹਨ। ਉਨ੍ਹਾਂ ਇਸ ਸਬੰਧੀ ਚੰਗੇ ਕਦਮ ਵੀ ਚੁੱਕੇ ਹਨ। ਪੁਲਸ ’ਚ ਭਰਤੀ ਨੂੰ ਲੈ ਕੇ ਵੀ ਮੁੱਖ ਮੰਤਰੀ ਨੇ ਕਾਫ਼ੀ ਹਾਂ-ਪੱਖੀ ਸਟੈਂਡ ਲਿਆ ਹੈ।

Credit : www.jagbani.com

  • TODAY TOP NEWS