ਮੁੱਖ ਮੰਤਰੀ ਮਾਨ ਵੱਲੋਂ ਸੂਬੇ 'ਚ ਭ੍ਰਿਸ਼ਟ-ਤੰਤਰ ਤੋਂ ਇਕ-ਇਕ ਪੈਸਾ ਵਸੂਲਣ ਦਾ ਐਲਾਨ

ਮੁੱਖ ਮੰਤਰੀ ਮਾਨ ਵੱਲੋਂ ਸੂਬੇ 'ਚ ਭ੍ਰਿਸ਼ਟ-ਤੰਤਰ ਤੋਂ ਇਕ-ਇਕ ਪੈਸਾ ਵਸੂਲਣ ਦਾ ਐਲਾਨ

ਚੰਡੀਗੜ੍ਹ : ਭ੍ਰਿਸ਼ਟਾਚਾਰ 'ਚ ਨੱਕੋ-ਨੱਕ ਡੁੱਬੇ ਹੋਣ ਲਈ ਵਿਰੋਧੀਆਂ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭ੍ਰਿਸ਼ਟ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਦੇ ਗੱਠਜੋੜ ਪਾਸੋਂ ਲੋਕਾਂ ਦਾ ਲੁੱਟਿਆ ਹੋਇਆ ਇਕ-ਇਕ ਪੈਸਾ ਵਸੂਲਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ, “ਮੈਂ ਇਸ ਅਜ਼ੀਮ ਸਦਨ ਵਿੱਚ ਅਹਿਦ ਲੈਂਦਾ ਹਾਂ ਕਿ ਭ੍ਰਿਸ਼ਟ ਸਿਆਸਤਦਾਨ ਚਾਹੇ ਕਿਸੇ ਵੀ ਵੱਡੀ ਜਾਂ ਛੋਟੀ ਸਿਆਸੀ ਪਾਰਟੀ 'ਚ ਸ਼ਾਮਲ ਹੋ ਜਾਣ ਪਰ ਮੇਰੀ ਸਰਕਾਰ ਉਨ੍ਹਾਂ ਵੱਲੋਂ ਪੰਜਾਬ ਤੇ ਪੰਜਾਬੀਆਂ ਵਿਰੁੱਧ ਕੀਤੇ ਪਾਪ ਕਦੇ ਵੀ ਮੁਆਫ਼ ਨਹੀਂ ਕਰੇਗੀ।”

ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪੇਸ਼ ਕੀਤੇ ਬਜਟ 'ਤੇ ਹੋਈ ਬਹਿਸ ਨੂੰ ਸਮੇਟਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਵਿਅਕਤੀ ਜਿਸ ਨੇ ਲੋਕਾਂ ਦਾ ਪੈਸਾ ਲੁੱਟਿਆ ਹੋਵੇ, ਨੂੰ ਉਸ ਦੀ ਕੀਮਤ ਚੁਕਾਉਣੀ ਪਵੇਗੀ ਅਤੇ ਸੂਬਾ ਸਰਕਾਰ ਅਜਿਹੇ ਲੋਕਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਣ 'ਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਸਾਫ-ਸੁਥਰਾ, ਪਾਰਦਰਸ਼ੀ ਅਤੇ ਪ੍ਰਭਾਵੀ ਪ੍ਰਸ਼ਾਸਨ ਮੁਹੱਈਆ ਕਰਵਾਉਣ 'ਚ ਮਹਾਰਾਜਾ ਰਣਜੀਤ ਸਿੰਘ ਦੇ ਨਕਸ਼-ਏ-ਕਦਮ 'ਤੇ ਚੱਲੇਗੀ। ਉਨ੍ਹਾਂ ਕਿਹਾ ਕਿ ਬੇਨਾਮੀ ਜਾਇਦਾਦ ਅਤੇ ਇਸ ਪਿੱਛੇ ਭ੍ਰਿਸ਼ਟ-ਤੰਤਰ ਦਾ ਲੋਕਾਂ ਸਾਹਮਣੇ ਪਰਦਾਫਾਸ਼ ਕੀਤਾ ਜਾਵੇਗਾ ਤਾਂ ਕਿ ਬਾਕੀ ਲੋਕ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਦਾ ਹਿੱਸਾ ਬਣਨ ਤੋਂ ਪਹਿਲਾਂ 100 ਵਾਰ ਸੋਚਣ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਜਿਹੜੇ ਲੋਕਾਂ ਨੇ ਬੇਰਹਿਮੀ ਨਾਲ ਲੋਕਾਂ ਦਾ ਪੈਸਾ ਲੁੱਟਿਆ, ਉਹ ਲੋਕ ਹੁਣ ਆਪਣੇ ਕੀਤੇ ਹੋਏ ਗੁਨਾਹਾਂ ਦੀ ਸਜ਼ਾ ਤੋਂ ਬਚਣ ਲਈ ਪਨਾਹ ਲੱਭਦੇ ਫਿਰਦੇ ਹਨ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਵਿੱਚ ਜਿਹੜੇ ਸਿਆਸਦਾਨਾਂ ਦੇ ਨਾਂ ਤੱਕ ਨਹੀਂ ਆਏ, ਉਹ ਸਿਆਸਤਦਾਨ ਵੀ ਸ਼ਰਨ ਲੈਣ ਲਈ ਹੱਥ-ਪੈਰ ਮਾਰ ਰਹੇ ਹਨ, ਜੋ ਉਨ੍ਹਾਂ ਦੇ ਮਨਾਂ 'ਚ ਕੀਤੇ ਗਏ ਗੁਨਾਹਾਂ ਦੇ ਖੌਫ਼ ਨੂੰ ਦਰਸਾਉਂਦਾ ਹੈ। ਭਗਵੰਤ ਮਾਨ ਨੇ ਸਦਨ ਨੂੰ ਭਰੋਸਾ ਦਿਵਾਇਆ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਨ੍ਹਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ, ਭਾਵੇਂ ਉਹ ਕਿਸੇ ਵੀ ਪ੍ਰਭਾਵਸ਼ਾਲੀ ਪਾਰਟੀ ਵਿੱਚ ਕਿਉਂ ਨਾ ਸ਼ਾਮਲ ਹੋ ਗਏ ਹੋਣ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਨ੍ਹਾਂ ਦੀਆਂ ਚੋਣ ਗਾਰੰਟੀਆਂ 'ਚੋਂ ਇਕ ਸਭ ਤੋਂ ਵੱਡੀ ਚੋਣ ਗਾਰੰਟੀ ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਮਦਦ ਜਲਦੀ ਦਿੱਤੀ ਜਾਵੇਗੀ। ਸੂਬਾ ਸਰਕਾਰ ਨੇ ਪਹਿਲਾਂ ਹੀ ਸਰੋਤ ਜੁਟਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਕਵਾਇਦ ਪੂਰੀ ਹੋਣ ਮਗਰੋਂ ਜਲਦ ਹੀ ਇਸ ਗਾਰੰਟੀ ਨੂੰ ਪੂਰਾ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਸੂਬੇ ਦੇ ਲੋਕਾਂ ਨੂੰ ਦਿੱਤੀ ਹਰੇਕ ਗਾਰੰਟੀ ਨੂੰ ਪੂਰਾ ਕਰਨ ਲਈ ਦ੍ਰਿੜ੍ਹ ਸੰਕਲਪ ਹੈ।

Credit : www.jagbani.com

  • TODAY TOP NEWS