ਲੁਧਿਆਣਾ ਵਾਸੀਆਂ ਲਈ ਚੰਗੀ ਖ਼ਬਰ, ਜ਼ਿਲ੍ਹੇ 'ਚ ਲਾਇਆ ਜਾਵੇਗਾ CBG ਪਲਾਂਟ

ਲੁਧਿਆਣਾ ਵਾਸੀਆਂ ਲਈ ਚੰਗੀ ਖ਼ਬਰ, ਜ਼ਿਲ੍ਹੇ 'ਚ ਲਾਇਆ ਜਾਵੇਗਾ CBG ਪਲਾਂਟ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੁਧਿਆਣਾ ਦੇ ਹੈਬੋਵਾਲ ਡੇਅਰੀ ਕੰਪਲੈਕਸ ਵਿਖੇ ਇੱਕ ਹੋਰ ਕੰਪਰੈੱਸਡ ਬਾਇਓਗੈਸ (ਸੀ. ਬੀ. ਜੀ.) ਪਲਾਂਟ ਸਥਾਪਿਤ ਕਰੇਗੀ ਤਾਂ ਜੋ ਇਸ ਡੇਅਰੀ ਕੰਪਲੈਕਸ ਤੋਂ ਪੈਦਾ ਹੁੰਦੇ ਗੋਬਰ ਅਤੇ ਹੋਰ ਵੇਸਟ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕਰਕੇ ਸਾਫ-ਸੁਥਰੀ ਊਰਜਾ ਤਿਆਰ ਕੀਤੀ ਜਾ ਸਕੇ। ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੇ ਹੈਬੋਵਾਲ ਡੇਅਰੀ ਕੰਪਲੈਕਸ ਵਿਖੇ ਬਿਲਡ ਅਪਰੇਟ ਐਂਡ ਓਨ (ਬੀ. ਓ. ਓ.) ਆਧਾਰ 'ਤੇ 12000 ਰਾਅ ਬਾਇਓ ਗੈਸ (ਲਗਭਗ 4.8 ਟਨ ਸੀ. ਬੀ. ਜੀ.) ਦੀ ਸਮਰੱਥਾ ਵਾਲਾ ਇਕ ਹੋਰ ਕੰਪਰੈੱਸਡ ਬਾਇਓਗੈਸ (ਸੀ. ਬੀ. ਜੀ.) ਪਲਾਂਟ ਸਥਾਪਿਤ ਕਰਨ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਦੱਸਣਯੋਗ ਹੈ ਕਿ ਇਸ ਡੇਅਰੀ ਕੰਪਲੈਕਸ ਵਿੱਚ 225 ਟਨ ਕੱਚੇ ਮਾਲ ਦੀ ਖ਼ਪਤ ਦੀ ਸਮਰੱਥਾ ਵਾਲਾ ਇੱਕ ਸੀ. ਬੀ. ਜੀ. ਪਲਾਂਟ ਪਹਿਲਾਂ ਹੀ ਕਾਰਜਸ਼ੀਲ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਪ੍ਰਾਜੈਕਟ ਬੁੱਢੇ ਨਾਲੇ ਦੀ ਕਾਇਆ-ਕਲਪ ਸਬੰਧੀ ਪ੍ਰਾਜੈਕਟ ਦਾ ਹੀ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੂੜੇ ਤੇ ਰਹਿੰਦ-ਖੂੰਹਦ ਤੋਂ ਵਾਤਾਵਰਣ ਪੱਖੀ ਊਰਜਾ ਪੈਦਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ ਅਤੇ ਪੰਜਾਬ ਦੇ ਵਸਨੀਕਾਂ ਲਈ ਸਵੱਛ ਅਤੇ ਹਰਿਆ-ਭਰਿਆ ਵਾਤਾਵਰਣ ਯਕੀਨੀ ਬਣਾਉਣ ਲਈ ਇਸ ਦਿਸ਼ਾ ਵਿੱਚ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਅਮਨ ਅਰੋੜਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਡੇਅਰੀ ਕੰਪਲੈਕਸ ਤੋਂ ਪਸ਼ੂਆਂ ਦਾ ਗੋਬਰ ਇਕੱਠਾ ਕੀਤਾ ਜਾਵੇਗਾ।

Credit : www.jagbani.com

  • TODAY TOP NEWS