ਬਾਰਾਤ ਦੀ ਉਡੀਕ ’ਚ ਸਜੀ ਬੈਠੀ ਲਾੜੀ ਦੇ ਟੁੱਟੇ ਸੁਫ਼ਨੇ, ਵਿਆਹ ਤੋਂ ਐਨ ਪਹਿਲਾਂ ਫਰਾਰ ਹੋ ਗਿਆ ਲਾੜਾ

ਬਾਰਾਤ ਦੀ ਉਡੀਕ ’ਚ ਸਜੀ ਬੈਠੀ ਲਾੜੀ ਦੇ ਟੁੱਟੇ ਸੁਫ਼ਨੇ, ਵਿਆਹ ਤੋਂ ਐਨ ਪਹਿਲਾਂ ਫਰਾਰ ਹੋ ਗਿਆ ਲਾੜਾ

ਤਰਨਤਾਰਨ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਕੰਗ ਵਿਖੇ ਉਸ ਸਮੇਂ ਇੱਕ ਪਰਿਵਾਰ ਨਾਲ ਕੋਝਾ ਮਜ਼ਾਕ ਹੋ ਗਿਆ ਜਦੋਂ ਕੁਡ] ੜਨੂੰ ਵਿਆਹੁਣ ਵਾਲਾ ਲਾੜਾ ਘਰੋਂ ਭੱਜ ਗਿਆ ਅਤੇ ਲੜਕੀ ਦੇ ਘਰ ਵਿਆਹ ਦੀਆਂ ਤਿਆਰੀਆਂ ਧਰੀਆਂ-ਧਰਾਈਆਂ ਰਹਿ ਗਈਆਂ, ਹਾਲਾਂਕਿ ਲੜਕੀ ਦੇ ਪਰਿਵਾਰ ਵਲੋਂ ਉਕਤ ਲਾੜੇ ਅਤੇ ਉਸਦੇ ਪਰਿਵਾਰ ਖ਼ਿਲਾਫ਼ ਸ਼ਿਕਾਇਤ ਕੀਤੀ ਗਈ ਪਰ ਅਜੇ ਤੱਕ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਲੜਕੀ ਦੇ ਤਾਇਆ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੀ ਭਤੀਜੀ ਦਾ ਵਿਆਹ ਤਰਨਤਾਰਨ ਦੇ ਰਹਿਣ ਵਾਲੇ ਲੜਕੇ ਸੁਖਵਿੰਦਰ ਸਿੰਘ ਸੋਨੂ ਨਾਲ ਅੱਜ ਹੋਣਾ ਸੀ, ਲੜਕੇ ਦੇ ਪਰਿਵਾਰ ਵਾਲੇ ਸ਼ਗਨ ਲੈ ਕੇ ਕੱਲ੍ਹ ਆਏ ਸਨ ਅਤੇ ਪੂਰੀ ਰੀਤੀ ਰਿਵਾਜ਼ਾਂ ਨਾਲ ਸ਼ਗਨ ਲਗਾਇਆ ਗਿਆ ਅਤੇ ਇਕ ਸੋਨੇ ਦੀ ਮੁੰਦਰੀ ਕੱਲ ਸ਼ਗਨ ਵਿੱਚ ਭੇਜੀ ਸੀ ਅਤੇ ਬਾਕੀ ਦਾ ਦਾਜ ਦਾ ਸਮਾਨ ਜਦੋਂ ਲੜਕੀ ਫ਼ੇਰਾ ਪਾਉਣ ਆਏਗੀ ਉਦੋਂ ਦੇਣਾ ਸੀ। ਉਨ੍ਹਾਂ ਦੱਸਿਆ ਕਿ ਲੜਕੀ ਦੀ ਮੰਗਣੀ ਇਕ ਸਾਲ ਪਹਿਲਾਂ ਹੋਈ ਸੀ ਅਤੇ ਲੜਕੀ ਦੇ ਮਾਤਾ-ਪਿਤਾ ਨਹੀਂ ਹਨ। ਸਾਡੇ ਵਲੋਂ ਹੀ ਵਿਆਹ ਕਰਵਾਇਆ ਜਾਣਾ ਸੀ। 

ਅੱਜ ਸਵੇਰੇ ਵਿਚੋਲਣ ਦਾ ਫੋਨ ਆਇਆ ਕਿ ਵਿਆਹ ਦੀਆਂ ਤਿਆਰੀਆਂ ਥੋੜ੍ਹਾ ਲੇਟ ਕਰ ਦੇਣਾ, ਜਿਸ ’ਤੇ ਸ਼ੱਕ ਪੈਣ ’ਤੇ ਜਦੋਂ ਲਾੜੇ ਦੇ ਘਰ ਪੁੱਜੇ ਤਾਂ ਘਰ ਕੋਈ ਵੀ ਬੰਦਾ ਮੌਜੂਦ ਨਹੀਂ ਸੀ ਅਤੇ ਪਤਾ ਲੱਗਾ ਕਿ ਲਾੜਾ ਘਰੋਂ ਭੱਜ ਗਿਆ ਹੈ। ਇਸ ’ਤੇ ਕੋਈ ਵੀ ਜਵਾਬ ਪਰਿਵਾਰ ਵਲੋਂ ਨਾ ਦੇਣ ਕਾਰਨ ਉਹ ਚੌਂਕੀ ਕੰਗ ਪੁੱਜੇ ਅਤੇ ਚੌਂਕੀ ਇੰਚਾਰਜ ਨੂੰ ਸਾਰੀ ਗੱਲ ਦੱਸੀ ਅਤੇ ਲੜਕਾ ਪਰਿਵਾਰ ’ਤੇ ਕਾਰਵਾਈ ਕਰਨ ਦੀ ਸ਼ਿਕਾਇਤ ਦਰਜ ਕਰਾਈ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ’ਤੇ ਉਹ ਸਥਾਨਕ ਐੱਸ. ਪੀ. ਅੱਗੇ ਪੇਸ਼ ਹੋਏ ਅਤੇ ਦਰਖ਼ਾਸਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੜਕੇ ਦੇ ਪਰਿਵਾਰ ਵਲੋਂ ਜਾਣਬੁੱਝ ਕੇ ਉਨ੍ਹਾਂ ਦੀ ਜ਼ਿੰਦਗੀ ਖ਼ਰਾਬ ਕੀਤੀ ਹੈ , ਉਨ੍ਹਾਂ ਵਲੋਂ ਪੁਲਸ ਦੇ ਉੱਚ ਅਧਿਕਾਰੀਆਂ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ। 

ਕੈਮਰੇ ਅੱਗੇ ਆਉਣ ਤੋਂ ਲਾੜੇ ਪਰਿਵਾਰ ਦਾ ਇਨਕਾਰ

ਇਸ ਸਬੰਧੀ ਜਦੋਂ ਲਾੜੇ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕੈਮਰੇ ਦੇ ਅੱਗੇ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਟਾਲ ਮਾਟੋਲ ਕਰਦੇ ਰਹੇ। ਦੂਜੇ ਪਾਸੇ ਇਸ ਸਬੰਧੀ ਜਦੋਂ ਚੌਂਕੀ ਕੰਗ ਦੇ ਏ . ਐੱਸ. ਆਈ. ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਜ ਸਵੇਰੇ ਲੜਕੀ ਦੇ ਪਰਿਵਾਰ ਵਾਲੇ ਉਸ ਕੋਲ ਆਏ ਸਨ ਅਤੇ ਅਸੀਂ ਮੁਲਾਜ਼ਮ ਭੇਜਣ ਦੀ ਗੱਲ ਕੀਤੀ ਸੀ ਪਰ ਬਾਅਦ ਵਿਚ ਨਹੀਂ ਆਏ ਜੇ ਉਨ੍ਹਾਂ ਕੋਲ ਕੋਈ ਸ਼ਕਾਇਤ ਮਿਲਦੀ ਹੈ ਤਾਂ ਜੋ ਵੀ ਕਾਰਵਾਈ ਹੋਵੇਗੀ ਕੀਤੀ ਜਾਵੇ ਪਰਿਵਾਰ ਨੂੰ ਪੂਰਾ ਇਨਸਾਫ਼ ਦਵਾਇਆ ਜਾਵੇਗਾ। 

Credit : www.jagbani.com

  • TODAY TOP NEWS