ਕਾਂਗਰਸ ਤੇ ਭਾਜਪਾ ਛੱਡ ਕੇ ‘ਆਪ’ ’ਚ ਸ਼ਾਮਲ ਹੋਏ ਕਈ ਆਗੂ ਲੱਗੇ ਖੁੱਡੇ-ਲਾਈਨ, ਹੁਣ ਭਾਲ ਰਹੇ ਘਰ ਵਾਪਸੀ ਦਾ ਰਾਹ

ਕਾਂਗਰਸ ਤੇ ਭਾਜਪਾ ਛੱਡ ਕੇ ‘ਆਪ’ ’ਚ ਸ਼ਾਮਲ ਹੋਏ ਕਈ ਆਗੂ ਲੱਗੇ ਖੁੱਡੇ-ਲਾਈਨ, ਹੁਣ ਭਾਲ ਰਹੇ ਘਰ ਵਾਪਸੀ ਦਾ ਰਾਹ

ਜਲੰਧਰ–ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦੇ ਭਾਰੀ ਬਹੁਮਤ ਨਾਲ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਇਕਦਮ ਦੂਜੀਆਂ ਪਾਰਟੀਆਂ ਦੇ ਆਗੂਆਂ ਅੰਦਰ ‘ਆਪ’ਵਿਚ ਸ਼ਾਮਲ ਹੋਣ ਦੀ ਹੋੜ ਮਚ ਗਈ ਸੀ। ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਨਾਲ ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ, ਉਸ ਦਾ ਫਾਇਦਾ ਉਠਾਉਂਦਿਆਂ ਜਲਦ ‘ਆਪ’ਵੱਲੋਂ ਨਗਰ ਨਿਗਮਾਂ ਨੂੰ ਭੰਗ ਕਰਕੇ ਲੋਕਲ ਬਾਡੀਜ਼ ਚੋਣਾਂ ਕਰਵਾ ਲਈਆਂ ਜਾਣਗੀਆਂ। ਜੇਕਰ ‘ਆਪ’ਵਿਚ ਸ਼ਾਮਲ ਹੋਣ ’ਤੇ ਉਨ੍ਹਾਂ ਨੂੰ ਟਿਕਟ ਮਿਲਦੀ ਹੈ ਤਾਂ ਉਨ੍ਹਾਂ ਦੀ ਜਿੱਤ ਪੱਕੀ ਹੈ। ਇਨ੍ਹਾਂ ਆਗੂਆਂ ਵਿਚ ਦੂਜੀਆਂ ਪਾਰਟੀਆਂ ਦਾ ਦਹਾਕਿਆਂ ਤੱਕ ਝੰਡਾ ਚੁੱਕ ਕੇ ਚੱਲਣ ਵਾਲੇ ਆਗੂ ਵੀ ਸ਼ਾਮਲ ਸਨ, ਜਿਨ੍ਹਾਂ ਦੀ ਆਪਣੀਆਂ ਹੀ ਪਾਰਟੀਆਂ ਵਿਚ ਕੋਈ ਸੁਣਵਾਈ ਨਹੀਂ ਹੋ ਰਹੀ ਸੀ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਅਹੁਦੇ ਆਦਿ ਦਿੱਤੇ ਜਾ ਰਹੇ ਸਨ। ਦੂਜੇ ਪਾਸੇ ਕਾਂਗਰਸ ਅਤੇ ਭਾਜਪਾ ਨੂੰ ਵਿਧਾਨ ਸਭਾ ਚੋਣਾਂ ਵਿਚ ਮਿਲੀ ਭਾਰੀ ਹਾਰ ਤੋਂ ਬਾਅਦ ਦੋਵਾਂ ਵੱਡੀਆਂ ਪਾਰਟੀਆਂ ਵਿਚ ਹਾਰ ਦੇ ਕਾਰਨਾਂ ’ਤੇ ਮੰਥਨ ਸ਼ੁਰੂ ਹੋ ਗਿਆ। ਹਾਰ ਦਾ ਠੀਕਰਾ ਬਾਗੀਆਂ ਦੇ ਸਿਰ ’ਤੇ ਭੱਜਿਆ ਅਤੇ ਨਾਲ ਹੀ ਪਾਰਟੀ ਅੰਦਰਲੇ ਜੈਚੰਦਾਂ ਦੀ ਪਛਾਣ ਕਰ ਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਲਈ ਪਾਰਟੀ ਹਾਈਕਮਾਨਾਂ ਨੂੰ ਲਿਖਿਆ ਗਿਆ। ਪਾਰਟੀ ਹਾਈਕਮਾਨਾਂ ਤੱਕ ਸ਼ਿਕਾਇਤਾਂ ਪਹੁੰਚਣ ਤੋਂ ਬਾਅਦ ਇਸ ਤੋਂ ਪਹਿਲਾਂ ਕਿ ਉਨ੍ਹਾਂ ਵੱਲੋਂ ਅਨੁਸ਼ਾਸਨਾਤਮਕ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਪਾਰਟੀਆਂ ਵਿਚੋਂ ਕੱਢਿਆ ਜਾਂਦਾ, ਉਕਤ ਲੋਕਾਂ ਨੇ ਤੁਰੰਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵਿਚ ਹੀ ਭਲਾਈ ਸਮਝੀ।

ਝੰਡਾਬਰਦਾਰ ਫਿਰ ਰਹਿ ਗਏ ਹੱਥ ਮਲਦੇ
ਵਿਧਾਨ ਸਭਾ ਚੋਣਾਂ ਵਿਚ ‘ਆਪ’ਦੀ ਜ਼ਬਰਦਸਤ ਜਿੱਤ ਤੋਂ ਬਾਅਦ ਦੂਜੀਆਂ ਪਾਰਟੀਆਂ ਦੇ ਦਹਾਕਿਆਂ ਤੱਕ ਝੰਡਾਬਰਦਾਰ ਰਹੇ ਆਗੂਆਂ ਨੇ ਖ਼ੁਦ ਨੂੰ ਆਮ ਆਦਮੀ ਪਾਰਟੀ ਦੇ ਵਰਕਰ ਦੱਸਣਾ ਸ਼ੁਰੂ ਕਰ ਦਿੱਤਾ। ਇਹੀ ਨਹੀਂ, ਇਨ੍ਹਾਂ ਆਗੂਆਂ ਨੂੰ ‘ਆਪ’ ਆਗੂਆਂ ਵੱਲੋਂ ਭਰੋਸਾ ਵੀ ਦਿੱਤਾ ਗਿਆ ਕਿ ਅਜੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਨਹੀਂ ਕੀਤਾ ਜਾਵੇਗਾ। 6-7 ਮਹੀਨੇ ਬਾਅਦ ਪ੍ਰੈੱਸ ਕਾਨਫ਼ਰੰਸ ਕਰਕੇ ਜਨਤਾ ਦੇ ਵਿਚਕਾਰ ਉਨ੍ਹਾਂ ਨੂੰ ‘ਆਪ’ ਵਿਚ ਸ਼ਾਮਲ ਕੀਤਾ ਜਾਵੇਗਾ। ਇਨ੍ਹਾਂ ਆਗੂਆਂ ਵਿਚੋਂ ਕਈ ਆਪਣੇ ਘਰਾਂ ਵਿਚ ‘ਆਪ’ਦੇ ਦਫ਼ਤਰ ਵੀ ਖੋਲ੍ਹ ਚੁੱਕੇ ਹਨ ਅਤੇ ਉਨ੍ਹਾਂ ਦੇ ਅਜੇ ਤੱਕ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਨਹੀਂ ਹੋਇਆ, ਜਦਕਿ ਕਾਂਗਰਸ ਅਤੇ ਭਾਜਪਾ ਤੋਂ ਕਈ ਕੌਂਸਲਰਾਂ ਨੂੰ ‘ਆਪ’ ਵਿਚ ਸ਼ਾਮਲ ਕਰ ਲਿਆ ਗਿਆ ਹੈ। ਇਨ੍ਹਾਂ ਕੌਂਸਲਰਾਂ ਦੇ ‘ਆਪ’ ਵਿਚ ਸ਼ਾਮਲ ਹੋਣ ਤੋਂ ਬਾਅਦ ਝੰਡਾਬਰਦਾਰ ਆਗੂ ਖ਼ੁਦ ਨੂੰ ਠੱਗਿਆ ਜਿਹਾ ਮਹਿਸੂਸ ਕਰ ਰਹੇ ਹਨ।

ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ’ਚ ਅਣਦੇਖੀ ’ਤੇ ਰੋਸ
ਗੁਜਰਾਤ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਪ੍ਰਚਾਰ ਲਈ ਜਲੰਧਰ ਤੋਂ ਆਮ ਆਦਮੀ ਪਾਰਟੀ ਦੀਆਂ ਟੀਮਾਂ ਤਾਂ ਜਾ ਰਹੀਆਂ ਹਨ ਪਰ ਇਨ੍ਹਾਂ ਟੀਮਾਂ ਵਿਚ ਕਾਂਗਰਸ ਅਤੇ ਭਾਜਪਾ ਤੋਂ ‘ਆਪ’ ਵਿਚ ਸ਼ਾਮਲ ਹੋਏ ਵਧੇਰੇ ਆਗੂਆਂ ਨੂੰ ਪ੍ਰਚਾਰ ਲਈ ਗੁਜਰਾਤ ਨਹੀਂ ਲਿਜਾਇਆ ਜਾ ਰਿਹਾ, ਭਾਵ ਇਨ੍ਹਾਂ ਨੂੰ ਅੱਗੇ ਨਹੀਂ ਕੀਤਾ ਜਾ ਰਿਹਾ। ਇਸ ਕਾਰਨ ਇਹ ਆਗੂ ਸੋਚਣ ’ਤੇ ਮਜਬੂਰ ਹਨ ਕਿ ਜੇਕਰ ਅੱਜ ਹੀ ਇਨ੍ਹਾਂ ਨੂੰ ਕੋਈ ਪੁੱਛ ਨਹੀਂ ਰਿਹਾ ਤਾਂ ਕੱਲ ਨੂੰ ਕੌਣ ਪੁੱਛੇਗਾ?
ਕੁਝ ਆਗੂਆਂ ਦਾ ਤਾਂ ਇਥੋਂ ਤੱਕ ਕਹਿਣਾ ਹੈ ਕਿ ਮੇਅਰਸ਼ਿਪ ਅਤੇ ਚੇਅਰਮੈਨੀਆਂ ਦੀ ਲਾਲਸਾ ਲੈ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਤਾਂ ਗਏ ਹਨ ਪਰ ਹੁਣ ਉਨ੍ਹਾਂ ਨੂੰ ਆਸ ਨਹੀਂ ਹੈ ਕਿ ਉਨ੍ਹਾਂ ਨੂੰ ਕੋਈ ਵੱਡੇ ਅਹੁਦੇ ਦਿੱਤੇ ਜਾਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਬਿਹਤਰ ਇਹ ਹੁੰਦਾ ਕਿ ਜਿੱਤ ਤੋਂ ਬਾਅਦ ਆਪਣੀਆਂ ਸ਼ਰਤਾਂ ’ਤੇ ‘ਆਪ’ ਵਿਚ ਸ਼ਾਮਲ ਹੁੰਦੇ। ਇਨ੍ਹਾਂ ਆਗੂਆਂ ਵੱਲੋਂ ਆਪਣੇ ਸਾਬਕਾ ਅਾਕਾਵਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਉਨ੍ਹਾਂ ਦੀ ਘਰ ਵਾਪਸੀ ਕਰਵਾਈ ਜਾਵੇ।

ਕਾਂਗਰਸ ’ਚ ਅਜੇ ਵੀ ਟਕਸਾਲੀ ਆਗੂਆਂ ਦੀ ਅਣਦੇਖੀ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 5 ਸਾਲ ਤੱਕ ਸੱਤਾ ’ਤੇ ਕਾਬਜ਼ ਰਹੀ ਕਾਂਗਰਸ ਦੀ ਚੋਣ ਹਾਰਨ ਦੇ ਵੱਡੇ ਕਾਰਨਾਂ ਵਿਚ ਬਾਗੀ ਅਤੇ ਜੈਚੰਦ ਤਾਂ ਸਨ ਹੀ, ਨਾਲ ਹੀ ਦਹਾਕਿਆਂ ਤੱਕ ਪਾਰਟੀ ਲਈ ਕੰਮ ਕਰਨ ਵਾਲੇ ਵਰਕਰਾਂ ਦੀ ਅਣਦੇਖੀ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ। ਦਹਾਕਿਆਂ ਤੱਕ ਨਕਾਰੇ ਜਾਣ ਤੋਂ ਬਾਅਦ ਉਹ ਪਾਰਟੀ ਦੇ ਵਰਕਰ ਤਾਂ ਰਹੇ ਪਰ ਆਪਣੇ ਘਰਾਂ ਵਿਚ ਸ਼ਾਂਤ ਹੋ ਕੇ ਬੈਠ ਗਏ।  ਇਨ੍ਹਾਂ ਵਰਕਰਾਂ ਦਾ ਕਹਿਣਾ ਹੈ ਕਿ ਚੋਣਾਂ ਵਿਚ ਅਕਸਰ ਰੰਜਿਸ਼ਾਂ ਪੈਦਾ ਹੋ ਜਾਂਦੀਆਂ ਹਨ। ਆਗੂ ਜਿੱਤ ਕੇ ਵਿਧਾਇਕ ਬਣ ਜਾਂਦੇ ਹਨ ਅਤੇ ਉਹ ਰੰਜਿਸ਼ਾਂ ਦਾ ਸ਼ਿਕਾਰ ਹੋ ਕੇ ਰਹਿ ਜਾਂਦੇ ਹਨ। ਚੋਣਾਂ ਤੋਂ ਪਹਿਲਾਂ ਤਾਂ ਆਗੂਆਂ ਵੱਲੋਂ ਉਨ੍ਹਾਂ ਨਾਲ ਚੇਅਰਮੈਨੀਆਂ ਦੇ ਵਾਅਦੇ ਕੀਤੇ ਜਾਂਦੇ ਹਨ ਪਰ ਚੋਣਾਂ ਤੋਂ ਬਾਅਦ ਇਨ੍ਹਾਂ ਵਰਕਰਾਂ ਨੂੰ ਕੋਈ ਪੁੱਛਦਾ ਤੱਕ ਨਹੀਂ। ਆਪਣਾ ਦਰਦ ਸੁਣਾਉਂਦੇ ਹੋਏ ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਟਿਕਟ ਦੇਣ ਦੀ ਗੱਲ ਆਉਂਦੀ ਹੈ ਤਾਂ ਪਾਰਟੀ ਵੱਡੇ ਆਗੂਆਂ ਨੂੰ ਹੀ ਅੱਗੇ ਕਰਦੀ ਹੈ ਅਤੇ ਜਦੋਂ ਚੋਣ ਹਾਰ ਜਾਂਦੀ ਹੈ ਤਾਂ ਪਾਰਟੀ ਦੀ ਮਜ਼ਬੂਤੀ ਲਈ ਹਾਰੇ ਆਗੂਆਂ ਨੂੰ ਹੀ ਫਿਰ ਅੱਗੇ ਕੀਤਾ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਟਿਕਟਾਂ ਵੀ ਇਨ੍ਹਾਂ ਆਗੂਆਂ ਨੂੰ ਅਤੇ ਪ੍ਰਧਾਨਗੀਆਂ ਵੀ ਉਨ੍ਹਾਂ ਨੂੰ ਹੀ ਦਿੱਤੀਆਂ ਜਾਣੀਆਂ ਹਨ ਤਾਂ ਉਨ੍ਹਾਂ ਦਾ ਘਰ ਬੈਠਣਾ ਹੀ ਬਿਹਤਰ ਹੈ।

Credit : www.jagbani.com

  • TODAY TOP NEWS