ਅੰਮ੍ਰਿਤਪਾਲ ਦੇ ਮਾਮਲੇ 'ਚ ਨਵਾਂ ਖ਼ੁਲਾਸਾ, ਹੁਣ ਸਾਹਮਣੇ ਆਇਆ 'ਮਹਾਰਾਸ਼ਟਰ' ਕੁਨੈਕਸ਼ਨ

ਅੰਮ੍ਰਿਤਪਾਲ ਦੇ ਮਾਮਲੇ 'ਚ ਨਵਾਂ ਖ਼ੁਲਾਸਾ, ਹੁਣ ਸਾਹਮਣੇ ਆਇਆ 'ਮਹਾਰਾਸ਼ਟਰ' ਕੁਨੈਕਸ਼ਨ

ਮੁੰਬਈ : ਖ਼ਾਲਿਸਤਾਨ ਦੀ ਮੰਗ ਕਰਨ ਵਾਲਾ ਅੰਮ੍ਰਿਤਪਾਲ ਕੀ ਮਹਾਰਾਸ਼ਟਰ ਦੇ ਡਰੱਗਸ ਸਮੱਗਲਰਾਂ ਦੀ ਸ਼ਰਨ ਵਿਚ ਪੁੱਜ ਚੁੱਕਾ ਹੈ। ਅੰਮ੍ਰਿਤਪਾਲ ਦੇ ਰਿਸ਼ਤੇ ਅਤੇ ਉਸਦੇ ਨੈੱਟਵਰਕ ਤੋਂ ਖੁਫ਼ੀਆ ਸੂਤਰਾਂ ਨੂੰ ਕੁਝ ਅਜਿਹੇ ਹੀ ਲਿੰਕ ਮਿਲ ਰਹੇ ਹਨ। ਸੂਤਰਾਂ ਮੁਤਾਬਕ ਅੰਮ੍ਰਿਤਪਾਲ ਆਈ. ਐੱਸ. ਆਈ. ਹੈਂਡਲਰ ਰਾਹੀਂ ਮਹਾਰਾਸ਼ਟਰ ਦੀ ਸਰਹੱਦ ’ਤੇ ਪਹੁੰਚਿਆ ਹੈ ਜਿਥੇ ਉਹ ਪਾਕਿਸਤਾਨ ਦੇ ਇਸ਼ਾਰੇ ’ਤੇ ਦੇਸ਼ ਵਿਚ ਨਸ਼ੇ ਦਾ ਧੰਦਾ ਕਰਨ ਵਾਲਿਆਂ ਦਰਮਿਆਨ ਖ਼ੁਦ ਨੂੰ ਸੁਰੱਖਿਅਤ ਮੰਨ ਰਿਹਾ ਹੈ।

ਸੂਤਰਾਂ ਦੀ ਮੰਨੀਏ ਤਾਂ ਮਹਾਰਾਸ਼ਟਰ ਦੇ ਡਰੱਗਸ ਸਮੱਗਲਰਾਂ ਦਰਮਿਆਨ ਸੇਫ ਹਾਊਸ ਵਾਂਗ ਪਹੁੰਚਾਉਣ ਵਿਚ ਅੰਮ੍ਰਿਤਪਾਲ ਦੀ ਮਦਦ ਆਈ. ਐੱਸ. ਆਈ. ਦੇ ਹੈਂਡਲਰ ਹਰਵਿੰਦਰ ਸਿੰਘ ਰਿੰਦਾ ਅਤੇ ਉਸਦੇ ਗੁਰਗਿਆਂ ਨੇ ਕੀਤੀ ਹੈ। ਖੁਫ਼ੀਆ ਏਜੰਸੀਆਂ ਨੇ ਮਹਾਰਾਸ਼ਟਰ ਦੇ ਨਾਂਦੇੜ ਤੋਂ ਲੈ ਕੇ ਮੁੰਬਈ ਤੱਕ ਆਪਣਾ ਨੈੱਟਵਰਕ ਵਿਛਾ ਦਿੱਤਾ ਹੈ।

ਰਿੰਦਾ ਨਾਲ ਅੰਮ੍ਰਿਤਪਾਲ ਦੇ ਰਿਸ਼ਤੇ

ਅੰਮ੍ਰਿਤਪਾਲ ਦੇ ਪੰਜਾਬ ਤੋਂ ਨਿਕਲ ਕੇ ਮਹਾਰਾਸ਼ਟਰ ਵੱਲ ਭੱਜਣ ਦੇ ਪਿੱਛੇ ਤਰਕ ਦਿੰਦੇ ਹੋਏ ਖੁਫੀਆ ਏਜੰਸੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਅੱਤਵਾਦੀ ਰਿੰਦਾ ਨਾਲ ਅੰਮ੍ਰਿਤਪਾਲ ਦੇ ਰਿਸ਼ਤੇ ਹਨ ਅਤੇ ਰਿੰਦਾ ਦਾ ਨੈੱਟਵਰਕ ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ ਜ਼ਬਰਦਸਤ ਤਰੀਕੇ ਨਾਲ ਫੈਲਿਆ ਹੋਇਆ ਹੈ। ਉਂਝ ਡਰੱਗਸ ਦੀ ਸਮੱਗਲਿੰਗ ਵਿਚ ਮਹਾਰਾਸ਼ਟਰ ਦੇ ਵੱਡੇ ਸਮੱਗਲਰਾਂ ਨਾਲ ਮਿਲ ਕੇ ਰਿੰਦਾ ਆਪਣਾ ਨਾਜਾਇਜ਼ ਕਾਰੋਬਾਰ ਵਧਾਉਣ ਅਤੇ ਦੇਸ਼ ਦਾ ਮਾਹੌਲ ਖ਼ਰਾਬ ਕਰਨ ਦੀ ਫਿਰਾਕ ਵਿਚ ਲੱਗਾ ਰਹਿੰਦਾ ਹੈ। ਉਸਨੇ ਆਪਣੇ ਇਸੇ ਨੈੱਟਵਰਕ ਦਾ ਸਹਾਰਾ ਲੈ ਕੇ ਪਹਿਲਾਂ ਅੰਮ੍ਰਿਤਪਾਲ ਨਾਲ ਨੇੜਤਾ ਵਧਾਈ ਅਤੇ ਅਜਿਹੇ ਮੌਕਿਆਂ ’ਤੇ ਉਸਦਾ ਲਾਭ ਉਠਾਉਣ ਦੀ ਵੀ ਪੂਰੀ ਯੋਜਨਾ ਵੀ ਬਣਾਈ।

ਖੁਫ਼ੀਆ ਨੈੱਟਵਰਕ ਵੀ ਸਰਗਰਮ

ਮਹਾਰਾਸ਼ਟਰ ਵਿਚ ਰਿੰਦਾ ਦੇ ਪੂਰੇ ਨੈੱਟਵਰਕ ’ਤੇ ਜਾਂਚ ਏਜੰਸੀਆਂ ਦੀਆਂ ਨਜ਼ਰਾਂ ਹਨ। ਨਾਂਦੇੜ ਸਾਹਿਬ ਵਿਚ ਪੂਰੇ ਖੁਫ਼ੀਆ ਨੈੱਟਵਰਕ ਨੂੰ ਵੀ ਸਰਗਰਮ ਕੀਤਾ ਜਾ ਚੁੱਕਾ ਹੈ। ਜਾਂਚ ਏਜੰਸੀਆਂ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਤਰਨਤਾਰਨ ਦੇ ਰਹਿਣ ਵਾਲੇ ਰਿੰਦਾ ਦਾ ਪੂਰਾ ਪਰਿਵਾਰ ਨਾਂਦੇੜ ਵਿਚ ਰਹਿੰਦਾ ਹੈ। ਅਜਿਹੇ ਵਿਚ ਸ਼ੱਕ ਦੀ ਸੂਈ ਪਾਕਿਸਤਾਨ ਵਿਚ ਰਹਿ ਰਹੇ ਰਿੰਦਾ ਅਤੇ ਉਸਦੇ ਮਹਾਰਾਸ਼ਟਰ ਨੈੱਟਵਰਕ ਵੱਲ ਘੁੰਮ ਰਹੀ ਹੈ।

Credit : www.jagbani.com

  • TODAY TOP NEWS