ਪੱਛਮੀ ਬੰਗਾਲ ਦੇ ਸਿੱਖ ਅਫ਼ਸਰ ’ਤੇ ਸਵਾਲ ਚੁੱਕਣ ’ਤੇ ਭਾਜਪਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਠੋਕਵਾਂ ਜਵਾਬ

ਪੱਛਮੀ ਬੰਗਾਲ ਦੇ ਸਿੱਖ ਅਫ਼ਸਰ ’ਤੇ ਸਵਾਲ ਚੁੱਕਣ ’ਤੇ ਭਾਜਪਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਠੋਕਵਾਂ ਜਵਾਬ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੱਛਮੀ ਬੰਗਾਲ ’ਚ ਸਿੱਖ ਪੁਲਸ ਅਫ਼ਸਰ ਦੀ ਵਤਨਪ੍ਰਸਤੀ ’ਤੇ ਸਵਾਲ ਚੁੱਕਣ ਲਈ ਭਾਜਪਾ ਨੇਤਾਵਾਂ ਦੀ ਸਖ਼ਤ ਅਲੋਚਨਾ ਕੀਤੀ ਹੈ। ਅੱਜ ਇੱਥੋਂ ਜਾਰੀ ਇਕ ਬਿਆਨ ’ਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਭਗਵਾਂ ਪਾਰਟੀ ਦੇ ਆਗੂ ਉਸ ਭਾਈਚਾਰੇ ਦੇ ਅਕਸ ਅਤੇ ਕਾਬਲੀਅਤ ’ਤੇ ਸਵਾਲ ਚੁੱਕ ਰਹੇ ਹਨ ਜਿਸ ਭਾਈਚਾਰੇ ਨੂੰ ਵਤਨਪ੍ਰਸਤੀ ਅਤੇ ਰਾਸ਼ਟਰਵਾਦੀ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇਤਾ ਇਸ ਹਕੀਕਤ ਤੋਂ ਮੁਨਕਰ ਹੋ ਚੁੱਕੇ ਹਨ ਕਿ ਪੰਜਾਬੀਆਂ ਖ਼ਾਸ ਕਰਕੇ ਸਿੱਖ ਭਾਈਚਾਰੇ ਨੇ ਦੇਸ਼ ਦੀ ਆਜ਼ਾਦੀ ਲਈ ਮਿਸਾਲੀ ਕੁਰਬਾਨੀਆਂ ਕੀਤੀਆਂ ਹਨ। ਇਸ ਦੌਰਾਨ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੁਲਕ ਨੂੰ ਅੰਨ ਸੁਰੱਖਿਆ ਪੱਖੋਂ ਆਤਮ ਨਿਰਭਰ ਬਣਾਉਣ ਲਈ ਸਿੱਖ ਕਿਸਾਨਾਂ ਨੇ ਵੀ ਵੱਡਾ ਯੋਗਦਾਨ ਪਾਇਆ ਹੈ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਬਹਾਦਰ ਪੁੱਤ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਲਾਮਿਸਾਲ ਕੁਰਬਾਨੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਭਾਜਪਾ ਲੀਡਰ ਤਨਦੇਹੀ ਨਾਲ ਡਿਊਟੀ ਨਿਭਾਅ ਰਹੇ ਸਿੱਖ ਅਫਸਰ ਨੂੰ ਦੇਸ਼ ਵਿਰੋਧੀ ਦੱਸ ਰਹੇ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS