ਐਕਸ਼ਨ ਮੋਡ ’ਚ ਪਾਵਰਕਾਮ ਵਿਭਾਗ, ਡਿਫਾਲਟਰਾਂ ਖ਼ਿਲਾਫ਼ ਤਾਬੜਤੋੜ ਕਾਰਵਾਈ ਸ਼ੁਰੂ

ਐਕਸ਼ਨ ਮੋਡ ’ਚ ਪਾਵਰਕਾਮ ਵਿਭਾਗ, ਡਿਫਾਲਟਰਾਂ ਖ਼ਿਲਾਫ਼ ਤਾਬੜਤੋੜ ਕਾਰਵਾਈ ਸ਼ੁਰੂ

ਲੁਧਿਆਣਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਡਿਫਾਲਟਰਾਂ ਖ਼ਿਲਾਫ਼ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਭਾਗ ਦੇ ਐੱਸ. ਈ. ਅਨਿਲ ਸ਼ਰਮਾ ਦੇ ਨਿਰਦੇਸ਼ਾਂ ਤਹਿਤ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਟੀਮਾਂ ਵੱਲੋਂ 5 ਵੱਖ-ਵੱਖ ਡਵੀਜ਼ਨ ਦਾ ਤਹਿਤ ਪੈਂਦੇ ਇਲਾਕਿਆਂ ਅਗਰ ਨਗਰ, ਸਿਟੀ ਵੈਸਟ, ਮਾਡਲ ਟਾਊਨ, ਜਨਤਾ ਨਗਰ ਅਤੇ ਢੋਲੇਵਾਲ ਤੋਂ ਸਾਹਨੇਵਾਲ ਰੋਡ ਆਦਿ ਏਰੀਆ ’ਚ ਪਾਵਰਕਾਮ ਵਿਭਾਗ ਦੇ 200 ਤੋਂ ਵੱਧ ਡਿਫਾਲਟਰਾਂ ਦੇ ਖ਼ਿਲਾਫ ਕਾਰਵਾਈ ਕਰਦਿਆਂ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਜਾਣਕਾਰੀ ਦਿੰਦੇ ਹੋਏ ਐੱਸ. ਈ. ਅਨਿਲ ਸ਼ਰਮਾ ਨੇ ਦੱਸਿਆ ਕਿ ਵਿਭਾਗ ਵੱਲੋਂ ਡਿਫਾਲਟਰਾਂ ਖ਼ਿਲਾਫ ਕੀਤੀ ਗਈ ਤਾਬੜਤੋੜ ਕਾਰਵਾਈ ਦੌਰਾਨ ਬਿਜਲੀ ਬੋਰਡ ਕੇ ਡਿਫਾਲਟਰਾਂ ਤੋਂ 1.40 ਕਰੋੜ ਰੁਪਏ ਦੇ ਬਕਾਇਆ ਖੜ੍ਹੇ ਬਿੱਲਾਂ ਦੀ ਰਿਕਵਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਿਭਾਗੀ ਮੁਲਾਜ਼ਮਾਂ ਵੱਲੋਂ ਅੱਜ ਦੀ ਕਾਰਵਾਈ ਦੌਰਾਨ 200 ਤੋਂ ਵੱਧ ਡਿਫਾਲਟਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ।

ਇਕ ਸਵਾਲ ਦੇ ਜਵਾਬ ’ਚ ਅਨਿਲ ਸ਼ਰਮਾ ਨੇ ਦੱਸਿਆ ਕਿ ਡਿਫਾਲਟਰਾਂ ’ਤੇ ਖੜ੍ਹੀ ਬਕਾਇਆ ਰਿਕਵਰੀ ਰਾਸ਼ੀ ਦਾ ਵਿਭਾਗੀ ਅੰਕੜਾ ਬਹੁਤ ਵੱਡਾ ਹੈ, ਜਿਸ ਨੂੰ ਰਿਕਵਰ ਕਰਨ ਲਈ ਸਰਕਾਰ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਡਿਫਾਲਟਰਾਂ ਖ਼ਿਲਾਫ ਮੁਹਿੰਮ ਛੇੜੀ ਗਈ ਹੈ। ਅਨਿਲ ਸ਼ਰਮਾ ਵੱਲੋਂ ਡਿਫਾਲਟਰਾਂ ਨੂੰ ਖੁੱਲ੍ਹੇ ਸ਼ਬਦਾਂ ’ਚ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਆਪਣੀ ਬਕਾਇਆ ਬਿੱਲ ਰਾਸ਼ੀ ਬਿਨਾਂ ਕਿਸੇ ਦੇਰ ਦੇ ਪਾਵਰਕਾਮ ਵਿਭਾਗ ਦੇ ਸਰਕਾਰੀ ਖਜ਼ਾਨੇ ’ਚ ਜਮ੍ਹਾ ਕਰਵਾਉਣ ਲਈ ਅੱਗੇ ਆਉਣ, ਨਹੀਂ ਤਾਂ ਵਿਭਾਗ ਵੱਲੋਂ ਸਾਰੇ ਡਿਫਾਲਟਰ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਭਵਿੱਖ ਦੇ ਦਿਨਾਂ ’ਚ ਡਿਫਾਲਟਰ ਖਪਤਕਾਰਾਂ ਖ਼ਿਲਾਫ ਕਾਰਵਾਈ ਹੋਰ ਤੇਜ਼ ਕੀਤੀ ਜਾਵੇਗੀ। ਉਨ੍ਹਾਂ ਨੇ ਸਾਫ ਕੀਤਾ ਕਿ ਪਾਵਰਕਾਮ ਦੇ ਅਧਿਕਾਰੀ ਜਾਂ ਸਰਕਾਰ ਇਹ ਕਦੇ ਨਹੀਂ ਚਾਹੁੰਦੀ ਕਿ ਬਿਜਲੀ ਖਪਤਕਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ। ਅਜਿਹੇ ’ਚ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੋਂ ਬਚਣ ਲਈ ਸਬੰਧਤ ਖਪਤਕਾਰ ਆਪਣੇ ਬਿਜਲੀ ਦੇ ਬਕਾਇਆ ਖੜ੍ਹੇ ਬਿੱਲਾਂ ਦਾ ਤੁਰੰਤ ਭੁਗਤਾਨ ਕਰਨ।

ਦੂਜੇ ਪਾਸੇ ਸਿਟੀ ਵੈਸਟ ਡਵੀਜ਼ਨ ਦੇ ਐਕਸੀਅਨ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਛਾਉਣੀ ਮੁਹੱਲਾ, ਸਿਵਲ ਲਾਈਨ, ਸਲੇਮ ਟਾਬਰੀ, ਜਲੰਧਰ ਬਾਈਪਾਸ ਚੌਕ ਦੇ ਨੇੜੇ ਪੈਂਦੇ ਕਈ ਇਲਾਕਿਆਂ ’ਚ ਕੀਤੀ ਗਈ ਕਾਰਵਾਈ ਦੌਰਾਨ ਡਿਫਾਲਟਰ ਖਪਤਕਾਰਾਂ ਤੋਂ 35 ਲੱਖ ਦੇ ਕਰੀਬ ਰਿਕਵਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਵੱਲੋਂ ਅਧਿਕਾਰੀਆਂ ਅਤੇ ਮੁਲਾਜ਼ਮਾਂ ’ਤੇ ਦਬਾਅ ਪਾਉਣ ਲਈ ਕਈ ਸਿਫਾਰਸ਼ੀ ਫੋਨ ਖੜਕਾਏ ਗਏ ਪਰ ਟੀਮ ਵੱਲੋਂ ਬਿਨਾਂ ਕਿਸੇ ਦਬਾਅ ਦੇ ਗਲਤ ਲੋਕਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਐਕਸੀਅਨ ਰਾਜੇਸ਼ ਸ਼ਰਮਾ ਨੇ ਦੱਸਿਆ ਕਿ 31 ਮਾਰਚ ਨੂੰ ਕਲੋਜ਼ਿੰਗ ਹੋਣ ਕਾਰਨ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS