ਕਿਸਾਨੀ ਮੁੱਦੇ ’ਤੇ ਬਾਜਵਾ ਦਾ ਸਿਆਸੀ ਧਿਰਾਂ ਨੂੰ ਇੱਕਜੁਟ ਹੋਣ ਦਾ ਸੱਦਾ ਕਿਹਾ, ਪੰਜਾਬ ਨੂੰ ਦੱਬਣ ਦੀ ਕੋਸ਼ਿਸ਼ ’ਚ ਕੇਂਦਰ

ਕਿਸਾਨੀ ਮੁੱਦੇ ’ਤੇ ਬਾਜਵਾ ਦਾ ਸਿਆਸੀ ਧਿਰਾਂ ਨੂੰ ਇੱਕਜੁਟ ਹੋਣ ਦਾ ਸੱਦਾ ਕਿਹਾ, ਪੰਜਾਬ ਨੂੰ ਦੱਬਣ ਦੀ ਕੋਸ਼ਿਸ਼ ’ਚ ਕੇਂਦਰ

ਜਲੰਧਰ : ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਜਮਾਤਾਂ ਨੂੰ ਇਕ ਪਲੇਟਫਾਰਮ ’ਤੇ ਆ ਕੇ ਕਿਸਾਨੀ ਮਸਲਿਆਂ ਲਈ ਲੜਨ ਦਾ ਸੁਨੇਹਾ ਦਿੱਤਾ ਹੈ। ਬਾਜਵਾ ਨੇ ਕਿਹਾ ਕਿ ਵਿਰੋਧੀ ਧਿਰ ਦਾ ਆਗੂ ਹੋਣ ਕਰਕੇ ਮੈਂ ਪਹਿਲਕਦਮੀ ਕਰਨ ਲਈ ਤਿਆਰ ਹਾਂ ਤੇ ਸਭ ਨੂੰ ਇਕੱਤਰ ਹੋਣ ਦਾ ਸੱਦਾ ਦਿੰਦਾ ਹਾਂ। ਅੱਜ ਮੌਕਾ ਹੈ ਕਿ ਅਸੀਂ ਰਾਜਨੀਤੀ ਦੀ ਗੱਲ ਛੱਡ ਕੇ ਸਿਰਫ ਪੰਜਾਬ ਦੀ ਗੱਲ ਕਰੀਏ। ‘ਜਗ ਬਾਣੀ’ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਬਾਜਵਾ ਨੇ ਕਿਸਾਨੀ ਸਣੇ ਲੋਕ ਸਭਾ ਚੋਣਾਂ ਦੀ ਤਿਆਰੀ ਅਤੇ ਕਾਂਗਰਸ ਦੇ ਕਾਟੋ-ਕਲੇਸ਼ ’ਤੇ ਖੁੱਲ੍ਹ ਕੇ ਗੱਲ ਕੀਤੀ। ਪੇਸ਼ ਹਨ ਇੰਟਰਵਿਊ ਦੇ ਮੁੱਖ ਅੰਸ਼-

ਪੰਜਾਬ ਦੇ ਮੌਜੂਦਾ ਹਾਲਾਤ ਨੂੰ ਤੁਸੀਂ ਕਿਵੇਂ ਦੇਖਦੇ ਹੋ? 

ਜਿਸ ਸਮੇਂ ਸਾਰੇ ਦੇਸ਼ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪੈਂਦਾ ਸੀ, ਹਰ ਸਾਲ ਦੇਸ਼ ਦਾ ਪ੍ਰਧਾਨ ਮੰਤਰੀ ਅਮਰੀਕਾ ਵਿਚ ਕਟੋਰਾ ਚੱਕ ਕੇ ਰਾਸ਼ਣ ਮੰਗਣ ਜਾਂਦੇ ਸੀ ਅਤੇ ਉਥੋਂ ਚੌਲ ਤੇ ਕਣਕ ਲੈ ਕੇ ਆਉਂਦੇ ਸਨ, ਉਸ ਸਮੇਂ ਕਾਂਗਰਸ ਨੇ ਫੈਸਲਾ ਕੀਤਾ ਕਿ ਸਾਨੂੰ ਆਪਣਾ ਖਿੱਤਾ ਤਿਆਰ ਕਰਨਾ ਪਵੇਗਾ ਜਿਸ ਲਈ ਪੰਜਾਬ ਨੂੰ ਡਿਵੈਲਪ ਕੀਤਾ ਗਿਆ। ਭਾਖੜਾ ਡੈਮ ਲਿਆਂਦਾ ਗਿਆ, ਕਨਾਲ ਨੈਟਵਰਕ ਤਿਆਰ ਕੀਤਾ, ਤੇ ਫਿਰ ਖੇਤੀਬਾੜੀ ਯੂਨੀਵਰਿਸਟੀ ਆਈ। ਉਸ ਸਮੇਂ ਫਿਲਪੀਂਸ ’ਤੋਂ ਚੌਲਾਂ ਦਾ ਬੀਜ ਆਇਆ, ਪੰਜਾਬ ਵਿਚ ਹਰੀਕ੍ਰਾਤੀ ਸ਼ੁਰੂ ਹੋਈ। ਪੰਜਾਬ ਦੇਸ਼ ਦਾ ਢਿੱਡ ਭਰਨ ਵਾਲਾ ਫੂਡ ਬਾਲ ਬਣਿਆ। ਪਰ ਸਾਨੂੰ ਇਸ ਦੀ ਉਲਟ ਕੀਮਤ ਚਕਾਉਣੀ ਪਈ। ਅੱਜ ਪੰਜਾਬ ਵਿਚ ਪਾਣੀ ਦੀ ਕਮੀ ਆ ਗਈ। ਖੇਤੀ ’ਤੇ ਵਰਤੀਆਂ ਜਾਣ ਵਾਲੀਆਂ ਸਪਰੇਆਂ ਨਾਲ ਮਾਲਵੇ ਵਿਚ ਵੱਡੇ ਪੱਧਰ ’ਤੇ ਕੈਂਸਰ ਵਰਗੀ ਬਿਮਾਰੀ ਪੈਦਾ ਹੋਈ। ਜਿਸ ਲਈ ਬਕਾਇਦਾ ਕੈਂਸਰ ਨਾਂ ਦੀਆਂ ਟ੍ਰੇਨਾਂ ਸ਼ੁਰੂ ਕਰਨੀਆਂ ਪਈਆਂ। ਅੱਜ ਜਦੋਂ ਪੰਜਾਬ ਨਾਲ ਖੜ੍ਹੇ ਹੋਣ ਦਾ ਸਮਾਂ ਆਇਆ ਤਾਂ ਕੇਂਦਰ ਸਰਕਾਰ ਨੇ ਆਪਣਾ ਰਵੱਈਆ ਬਦਲ ਲਿਆ ਕਿਉਂਕਿ ਉਨ੍ਹਾਂ ਨੂੰ ਬਾਕੀ ਸੂਬਿਆਂ ਵਿਚੋਂ ਵੀ ਚੌਲ ਤੇ ਕਣਕ ਮਿਲਣੀ ਸ਼ੁਰੂ ਹੋ ਗਈ। ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਮੰਗ ਬਿਲਕੁਲ ਜਾਇਜ਼। ਕੇਂਦਰ ਸਰਕਾਰ ਸਵਾਮੀਨਾਥਨ  ਨੂੰ ਭਾਰਤ ਰਤਨ ਨਾਲ ਤਾਂ ਨਿਵਾਜ਼ ਰਹੀ ਹੈ ਪਰ ਉਨ੍ਹਾਂ ਦੀ ਕਿਸਾਨਾਂ ’ਤੇ ਆਧਾਰਤ ਰਿਪੋਰਟ ਲਾਗੂ ਕਿਉਂ ਨਹੀਂ ਕਰ ਰਹੀ, ਜਿਸ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾ ਸਕਦੀ ਹੈ। 

ਗਲਤੀਆਂ ਕਰਕੇ ਹੀ ਕਾਂਗਰਸ ਸੱਤਾ ਤੋਂ ਬਾਹਰ ਹੋਈ 

ਬਾਜਵਾ ਤੋਂ ਜਦੋਂ ਸਵਾਲ ਕੀਤਾ ਗਿਆ ਕਿ ਜਦੋਂ ਕਾਂਗਰਸ ਦੀ ਕੇਂਧਰ ਚ ਸਰਕਾਰ ਸੀ ਤਾਂ ਉਦੋਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਤੋਂ ਕਿਸ ਨੇ ਰੋਕ ਰੱਖਿਆ ਸੀ, ਇਹਦੇ ਜਵਾਬ ਚ ਉਨਾਂ ਕਿਹਾ ਕਿ ਬੇਸ਼ੱਕ ਮਨਮੋਹਨ ਸਿੰਘ ਦੀ ਸਰਕਾਰ ਨੇ ਸਵਾਮੀਨਾਥ ਰਿਪੋਰਟ ਵਿਚੋਂ ਬਹੁਤ ਗੱਲਾਂ ਮੰਨੀਆਂ ਪਰ ਜਦੋਂ ਡਾ. ਸਵਾਮੀਨਾਥਨ ਦੀ ਰਿਪੋਰਟ ਆਈ ਸੀ ਉਦੋਂ ਕਾਂਗਰਸ ਸਰਕਾਰ ਦਾ ਸਿਰਫ ਛੇ ਮਹੀਨਿਆਂ ਦਾ ਕਾਰਜਕਾਲ ਰਹਿ ਗਿਆ ਸੀ। ਕਾਂਗਰਸ ਨੇ ਉਸ ਸਮੇਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਸ਼ਾਇਦ ਇਹੀ ਕਾਰਨ ਹੈ ਕਿ ਅਸੀਂ ਸੱਤਾ ’ਚੋਂ ਬਾਹਰ ਹੋਏ। ਪਰ ਅੱਜ ਰਾਹੁਲ ਗਾਂਧੀ ਨੇ ਇਹ ਗੱਲ ਆਖੀ ਹੈ ਕਿ ਜੇ ਇੰਡੀਆ ਗਠਜੋੜ ਦੀ ਸਰਕਾਰ ਆਉਂਦੀ ਹੈ ਤਾਂ ਅਸੀਂ 100 ਫੀਸਦੀ ਐੱਮ. ਐੱਸ. ਪੀ. ਲਾਗੂ ਕਰਾਂਗੇ। 

ਪੰਜਾਬ ਨਾਲ ਕੇਂਦਰ ਦਾ ਰਵੱਈਆ ਬਦਲ ਕਿਉਂ ਨੀ ਰਿਹਾ, ਕੀ ਤੁਹਾਨੂੰ ਕੋਈ ਸਾਜਿਸ਼ ਲੱਗਦੀ ਹੈ 

ਭਾਜਪਾ ਸਿਰਫ ਵਪਾਰੀਆਂ ਦੀ ਸਰਕਾਰ ਹੈ। ਜੇ ਕਿਸਾਨਾਂ ਨੂੰ ਕੀਮਤ ਪੂਰੀ ਮਿਲੇਗੀ ਤਾਂ ਉਸ ਦਾ ਘਾਟਾ ਵਪਾਰੀਆਂ ਨੂੰ ਪਵੇਗਾ, ਜੇ ਵਪਾਰੀ ਨਫੇ ਵਿਚ ਜਾਣਗੇ ਤਾਂ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪਵੇਗਾ। ਰਹੀ ਗੱਲ ਸਾਜਿਸ਼ ਦੀ ਤਾਂ ਪੰਜਾਬ ਵਿਚ ਪਿਛਲੇ ਕੁੱਝ ਸਮੇਂ ਤੋਂ ਬਹੁਤ ਵੱਡੇ ਪੱਧਰ ’ਤੇ ਨੈਸ਼ਨਲ ਹਾਈਵੇਅ ਬਣ ਰਹੇ ਹਨ। ਕਿਸੇ ਸਿਆਸੀ ਲੀਡਰ ਜਾਂ ਪਾਰਟੀ ਨੇ ਮੰਗ ਨਹੀਂ ਕੀਤੀ ਸੀ ਪਰ ਇਸ ਨੂੰ ਗੰਭੀਰਤਾ ਨਾਲ ਵਿਚਾਰਣ ਦੀ ਲੋੜ ਹੈ। ਈਸਟ ਇੰਡੀਆ ਕੰਪਨੀ ਜਦੋਂ ਭਾਰਤ ਵਿਚ ਆਈ ਸੀ ਤਾਂ ਉਸ ਨੇ ਹੌਲੀ-ਹੌਲੀ ਪਹਿਲਾਂ ਵਪਾਰ ਕਾਬੂ ਕੀਤਾ ਅਤੇ ਫਿਰ ਹਿੰਦੁਸਤਾਨ ’ਤੇ ਕਬਜ਼ਾ ਕਰ ਲਿਆ। ਇਸੇ ਤਰ੍ਹਾਂ ਹੁਣ ਮੌਜੂਦਾ ਸਰਕਾਰ ਪੰਜਾਬ ਵਿਚ ਸੜਕਾਂ ਦਾ ਜਾਲ ਵਿਛਾ ਰਹੀ ਹੈ, ਇਸੇ ਦੇ ਆਧਾਰ ’ਤੇ ਮੋਗਾ ਵਿਚ ਅਡਾਨੀ ਗਰੁੱਪ ਨੇ ਵੱਡੇ ਚੈਂਬਰ ਬਣਾ ਲਏ। ਰਾਏ ਕੋਟ, ਕੱਥੂ ਨੰਗਲ ਵਿਚ ਵੀ ਚੈਂਬਰ ਬਣ ਰਹੇ ਹਨ। ਜੇਕਰ 2024 ਵਿਚ ਮੁੜ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਹੋ ਸਕਦਾ ਹੈ ਕਿ ਪਿਛਲੇ 10 ਸਾਲਾਂ ਤੋਂ ਬੰਦ ਪਏ ਬਾਰਡਰ ਨੂੰ ਮੁੜ ਖੋਲ੍ਹਣ ਦੀ ਯੋਜਨਾ ਬਣਾਈ ਜਾਵੇ। ਇਸ ਨਾਲ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਲਾਹਾ ਦਿੱਤਾ ਜਾਵੇਗਾ। ਆਪਣੇ ਸਥਾਨਕ ਬੰਦੇ ਖੜ੍ਹੇ ਕਰਕੇ ਵੱਡੇ ਘਰਾਣੇ ਪੰਜਾਬ ਦੀਆਂ ਜ਼ਮੀਨਾਂ ਖਰੀਦ ਰਹੇ ਹਨ, ਜਿਸ ਦਿਨ ਇਹ ਬਾਰਡਰ ਖੁੱਲ੍ਹ ਗਿਆ ਤਾਂ ਪਤਾ ਲੱਗੇਗਾ ਕਿ ਇਹ ਜ਼ਮੀਨਾ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਹਨ। 

ਜਿਹੜੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨਗੇ ਅਸੀਂ ਉਨ੍ਹਾਂ ਦਾ ਸਾਥ ਦੇਵਾਂਗੇ 

ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ, ਜਿਹੜੇ ਰਹਿ ਗਏ ਹਨ ਉਨ੍ਹਾਂ ਨੂੰ ਨਸ਼ੇ ਵਿਚ ਡੁੱਬੋ ਦਿੱਤਾ ਗਿਆ। ਇਕ ਦਿਨ ਫਿਰ ਆਏਗਾ ਜਦੋਂ ਇਸ ਗੁਰੂਆਂ ਪੀਰਾਂ ਦੀ, ਮਹਾਰਾਰਾਜਾ ਰਣਜੀਤ ਸਿੰਘ ਦੀ ਧਰਤੀ ’ਤੇ ਮੁੜ ਬਾਹਰੀ ਕਾਬਜ਼ ਹੋਣਗੇ।  ਵਿਰੋਧੀ ਧਿਰ ਦਾ ਆਗੂ ਹੋਣ ਦੇ ਨਾਤੇ ਮੈਂ ਪਹਿਲਕਦਮੀ ਕਰਨ ਲਈ ਤਿਆਰ ਹਾਂ। ਮੌਜੂਦਾ ਸਰਕਾਰ ਦਾ ਫਰਜ਼ ਬਣਦਾ ਹੈ ਕਿ ਕੇਂਦਰ ਸਰਕਾਰ ਦੀ ਵਿਚੋਲਗਿਰੀ ਛੱਡ ਕੇ ਅੱਗੇ ਆਵੇ। ਤੁਸੀਂ ਕੇਂਦਰ ਦੇ ਰਾਈਟਸ ਨੂੰ ਪਰੋਟੈਕਟ ਨਾ ਕਰੋ ਪੰਜਾਬ ਦੇ ਹੱਕਾਂ ਦੀ ਗੱਲ ਕਰੋ। ਪੰਜਾਬ ਦੀ ਵਿਰੋਧੀ ਧਿਰ ਹੋਣ ਦੇ ਨਾਤੇ ਅਸੀਂ ਸਾਥ ਦੇਵਾਂਗੇ। ਜਿਹੜੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨਾ ਚਾਹੁੰਣਗੇ ਅਸੀਂ ਉਨ੍ਹਾਂ ਦਾ ਸਾਥ ਦੇਵਾਂਗੇ। ਇਹ ਪੱਗ਼ੜੀ ਸੰਭਾਲ ਜੱਟਾ-2 ਮੁਹਿੰਮ ਹੈ। ਅੱਜ ਪੰਜਾਬ ਦਾ ਸਿਆਸੀ ਵਜੂਦ ਖਤਮ ਹੋ ਗਿਆ, ਜੇ ਅੱਜ ਪਾਕਿਸਤਾਨ ਪੰਜਾਬ ’ਚ ਹੁੰਦਾ ਤਾਂ ਪੰਜਾਬ ਕੋਲ ਲੋਕ ਸਭਾ ਦੀਆਂ 200 ਸੀਟਾਂ ਹੁੰਦੀਆਂ। ਇਸ ਨਾਲ ਸਾਡਾ ਆਰਥਿਕ ਵਜੂਦ ਵੀ ਖਤਮ ਹੋਇਆ ਹੈ। ਪੰਜਾਬ ਕੋਲ ਇੱਕੋ ਇਕ ਵਪਾਰ ਦਾ ਸਾਧਨ ਬਾਰਡਰ ਹੈ, ਜੋ ਬੰਦ ਕੀਤਾ ਹੋਇਆ ਜੇ ਅੱਜ ਬਾਰਡਰ ਖੁੱਲ੍ਹ ਜਾਵੇ ਤਾਂ ਪੰਜਾਬ ਪ੍ਰਫੁਲਤ ਹੋਵੇਗਾ, ਪਾਕਿਸਤਾਨ ਦੇ ਨਾਲ ਵੀ ਸਬੰਧ ਚੰਗੇ ਹੋਣਗੇ, ਪੰਜਾਬ ਉਦੋਂ ਤਕ ਤਰੱਕੀ ਨਹੀਂ ਕਰ ਸਕਦਾ ਜਦੋਂ ਤਕ ਪੰਜਾਬ ਦਾ ਪੋਰਟ ਨਹੀਂ ਖੁੱਲ੍ਹਦਾ ਪਰ ਅਫਸੋਸ ਜਦੋਂ ਇਹ ਖੁੱਲ੍ਹੇਗਾ ਉਦੋਂ ਪੰਜਾਬੀ ਇਸ ਦੇ ਮਾਲਕ ਨਹੀਂ ਹੋਣਗੇ। 

ਮੌਜੂਦਾ ਹਾਲਾਤ ਵਿਚ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋਏ?

ਜਿਹੋ ਜਿਹਾ ਰੋਲ ਸਰਕਾਰ ਨੂੰ ਨਿਭਾਉਣਾ ਚਾਹੀਦਾ ਸੀ, ਉਹ ਨਹੀਂ ਹੋਇਆ। ਸਰਕਾਰ ਨੂੰ ਵਿਚੋਲਗਿਰੀ ਕਰਨ ਦੀ ਲੋੜ ਨਹੀਂ ਸੀ, ਲੋਕ ਪਹਿਲਾਂ ਹੀ ਕਿਸਾਨਾਂ ਦੇ ਨਾਲ ਖੜ੍ਹੇ ਹਨ। ਇਸ ਤੋਂ ਪਹਿਲਾਂ ਕੇਜਰੀਵਾਲ, ਭਗਵੰਤ ਮਾਨ, ਅਨਮੋਲ ਗਗਨਮਾਨ ਇਹ ਗੱਲ ਕਹਿੰਦੇ ਸੀ ਕਿ ਸਾਨੂੰ ਮੌਕਾ ਦਿਓ ਜੇ ਅਸੀਂ ਸੱਤਾ ਵਿਚ ਆਏ ਤਾਂ ਐੱਮ. ਐੱਸ. ਪੀ. ਨੂੰ ਕਾਨੂੰਨੀ ਮਾਨਤਾ ਦੇਵਾਂਗੇ। ਫਿਰ ਦੇਰੀ ਕਿਸ ਗੱਲ ਦੀ ਹੈ। 

ਮੈਂ ਕਹਿ ਰਿਹਾਂ ਕਿ ਅਸੀਂ ਇਕੱਲੇ ਲੜਾਂਗੇ ਲੋਕ ਸਭਾ ਚੋਣ 

ਅਸੀਂ ਬਿਹਤਰੀਨ ਢੰਗ ਨਾਲ ਪੰਜਾਬ ਵਿਚ ਵਿਰੋਧੀ ਧਿਰ ਦਾ ਰੋਲ ਨਿਭਾਅ ਰਹੇ ਹਾਂ। ਆਮ ਆਦਮੀ ਪਾਰਟੀ ਚਾਹੁੰਦੀ ਸੀ ਕਿ ਸਾਡਾ ਕਿਸੇ ਤਰੀਕੇ ਨਾਲ ਕਾਂਗਰਸ ਨਾਲ ਸਮਝੌਤਾ ਹੋ ਜਾਵੇ ਅਤੇ ਵਿਰੋਧੀਆਂ ਦੀ ਆਵਾਜ਼ ਬੰਦ ਹੋ ਜਾਵੇ। ਮੈਂ ਪਹਿਲੇ ਦਿਨ ਤੋਂ ਗੱਠਜੋੜ ਦਾ ਵਿਰੋਧ ਕੀਤਾ। ਅਸੀਂ ਪੰਜਾਬ ਦੀਆਂ 13 ਦੀਆਂ 13 ਸੀਟਾਂ ਇਕੱਲਿਆਂ ਲੜਾਂਗੇ। ਸਾਨੂੰ ਹਰ ਸੂਬੇ ਲਈ ਜਵਾਬ ਦੇਣ ਦੀ ਲੋੜ ਨਹੀਂ, ਅਸੀਂ ਸਿਰਫ ਪੰਜਾਬ ਦੇ ਜਵਾਬਦੇਹ ਹਾਂ। ਦਿੱਲੀ ਵਿਚ ਕੀ ਹੁੰਦਾ ਹੈ ਉਹ ਦਿੱਲੀ ਇਕਾਈ ਜਾਣੇ। ਅਸੀਂ ਹਾਈਕਮਾਂਡ ਨੂੰ ਸਿੱਧੇ ਤੌਰ ’ਤੇ ਆਖਿਆ ਸੀ ਕਿ ਅਸੀਂ ਪੰਜਾਬ ਵਿਚ ਆਮ ਆਦਮੀ ਪਾਰਟੀ ਨਾਲ ਕਿਸੇ ਕੀਮਤ ’ਤੇ ਗੱਠਜੋੜ ਨਹੀਂ ਕਰਾਂਗੇ। ਇਸ ਲਈ ਬਕਾਇਦਾ ਸਾਨੂੰ ਹਾਈਕਮਾਂਡ ਦੀ ਹਰੀ ਝੰਡੀ ਵੀ ਮਿਲ ਚੁੱਕੀ ਹੈ। 

ਪੰਜਾਬ ਕਾਂਗਰਸ ਦੇ ਕਾਟੋ-ਕਲੇਸ਼ ਦੀ ਵਜ੍ਹਾ ਕੀ ਹੈ

ਕਿਸੇ ਪਾਰਟੀ ਦੀ ਗੱਲ ਕਰ ਲਵੋ ਭਾਜਪਾ ਨੇ ਪੁਰਾਣੇ ਆਗੂਆਂ ਨੂੰ ਦਰਕਿਨਾਰ ਕਰਕੇ ਕਾਂਗਰਸ ਛੱਡ ਕੇ ਗਏ ਸੁਨੀਲ ਜਾਖੜ ਨੂੰ ਪੰਜਾਬ ਦਾ ਪ੍ਰਧਾਨ ਬਣਾ ਦਿੱਤਾ।ਉਸੇ ਦਿਨ ਤੋਂ ਭਾਜਪਾ ਚ ਖੜੋਤ ਆ ਗਈ ਹੈ। ਅਕਾਲੀ ਦਲ ਵਿਚ ਜੀਜੇ ਤੇ ਸਾਲੇ ਦੀ ਨੀ ਬਣਦੀ, ਮਨਪ੍ਰੀਤ ਇਯਾਲੀ ਕਦੇ ਸੁਖਬੀਰ ਦੇ ਨਾਲ ਨਜ਼ਰ ਨੀ ਆਏ, ਕਿੰਨੇ ਧੜੇ ਬਣ ਗਏ। ਸੋ ਛੋਟੇ ਮੋਟੇ ਝਗੜੇ ਚੱਲਦੇ ਰਹਿੰਦੇ ਹਨ ਪਰ ਪਾਰਟੀ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਦੀ ਸ਼ਿਕਾਇਤ ਅਸੀਂ ਹਾਈਕਮਾਂਡ ਨੂੰ ਬਕਾਇਦਾ ਲਿਖ ਕੇ ਭੇਜੀ ਹੈ। ਜਿਨ੍ਹਾਂ ਖ਼ਿਲਾਫ਼ ਪਾਰਟੀ ਨੂੰ ਐਕਸ਼ਨ ਲੈਣਾ ਚਾਹੀਦਾ ਹੈ। 

ਤੁਹਾਡੇ ਹੀ ਕਈ ਲੀਡਰ ਕਹਿੰਦੇ ਹਨ ਕਿ ਪ੍ਰਧਾਨ ਦੀ ਮੁੱਖ ਮੰਤਰੀ ਨਾਲ ਮੈਚ ਫਿਕਿਸੰਗ ਹੈ 

ਸਾਡੇ ਪਾਰਟੀ ਪ੍ਰਧਾਨ ਦੀ ਮੁੱਖ ਮੰਤਰੀ ਨਾਲ ਕੋਈ ਅੰਡਰ ਸਟੈਂਡਿੰਗ ਨਹੀਂ ਹੈ। ਸਿਆਸਤ ਵਿਚ ਦੋਸ਼ ਕਿਸੇ ’ਤੇ ਵੀ ਲਗਾਏ ਜਾ ਸਕਦੇ ਹਨ। ਇਹ ਗੱਲਾਂ ਬੇਬੁਨਿਆਦ ਹਨ। ਕੈਪਟਨ ਅਮਰਿੰਦਰ ਸਿੰਘ ਸਮੇਂ ਜਦੋਂ ਮੈਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਤਾਂ ਮੈਨੂੰ ਵੀ ਉਦੋਂ ਅਜਿਹੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਸੀ।  

ਪਤਨੀ ਨੂੰ ਜਿਤਾਉਣ ਲਈ ਕੈਪਟਨ ਕਰ ਰਹੇ ਨੇ ਗਠਜੋੜ ਦੀ ਮੰਗ 

ਕੈਪਟਨ ਅਮਰਿੰਦਰ ਸਿੰਘ ਨੇ 16 ਤਾਰੀਖ਼ ਨੂੰ ਪਰਨੀਤ ਕੌਰ ਦੀ ਭਾਜਪਾ ਵਿਚ ਸ਼ਮੂਲੀਅਤ ਕਰਵਾਉਣੀ ਸੀ। ਕਿਸਾਨਾਂ ਨੇ ਉਨ੍ਹਾਂ ਦਾ ਮੋਤੀ ਮਹਿਲ ਘੇਰ ਲਿਆ, ਜਿਸ ਕਾਰਣ ਇਹ ਤਾਰੀਖ਼ ਅੱਗੇ ਕੀਤੀ ਗਈ। ਕੈਪਟਨ ਅਮਰਿੰਦਰ ਨੂੰ ਹੁਣ ਇਹ ਵੀ ਪਤਾ ਹੈ ਕਿ ਜੇ ਪਰਨੀਤ ਕੌਰ ਨੂੰ ਵੋਟਾਂ ਵਿਚ ਖੜ੍ਹਿਆਂ ਕੀਤਾ ਨਾ ਤਾਂ ਲੋਕਾਂ ਨੇ ਉਨ੍ਹਾਂ ਨੂੰ ਪਿੰਡਾਂ ਵਿਚ ਵੜਨ ਦੇਣਾ ਹੈ ਤੇ ਨਾ ਹੀ ਵੋਟਾਂ ਪੈਣ ਦੇਣੀਆਂ। ਹੁਣ ਉਹ ਕੋਸ਼ਿਸ਼ ਕਰ ਰਹੇ ਹਨ ਕਿ ਜੇ ਅਕਾਲੀ ਦਲ ਨਾਲ ਗਠਜੋੜ ਹੋ ਗਿਆ ਤਾਂ ਪਿੰਡਾਂ ਵਿਚੋਂ ਥੋੜ੍ਹੀ ਬਹੁਤ ਵੋਟ ਮਿਲ ਜਾਵੇਗੀ। ਪਰ ਅਕਾਲੀ ਦਲ ਨੂੰ ਪਤਾ ਹੈ ਕਿ ਭਾਜਪਾ ਨਾਲ ਗੱਠਜੋੜ ਕਰਨਾ ਇਸ ਸਮੇਂ ਖ਼ੁਦਕੁਸ਼ੀ ਬਰਾਬਰ ਹੈ। ਅਕਾਲੀ ਦਲ ਸਮਝਦਾ ਹੈ ਕਿ ਜਿਵੇਂ ਪਹਿਲਾਂ ਵੱਡੇ ਬਾਦਲ ਦੇ ਘਰ ਦੇ ਬਾਹਰ ਧਰਨਾ ਲੱਗਾ ਸੀ, ਹੁਣ ਫਿਰ ਨਾ ਕਿਤੇ ਲੱਗ ਜਾਵੇ। ਯਾਤਰਾ ਵਿਚਾਲੇ ਛੱਡ ਕੇ ਸੁਖਬੀਰ ਬਾਦਲ ਬਕਾਇਦਾ ਪੰਜ ਦਿਨ ਦਿੱਲੀ ਵਿਚ ਰਹੇ ਸਨ, ਇਹ ਰਿਸ਼ਤਾ ਸਿਰੇ ਚੜ੍ਹਨ ਹੀ ਵਾਲਾ ਸੀ ਕਿ ਕਿਸਾਨਾਂ ਦਾ ਧਰਨਾ ਸ਼ੁਰੂ ਹੋ ਗਿਆ। 

ਸੁਖਬੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ਨੂੰ ਕਿਵੇਂ ਦੇਖਦੇ ਹੋ?

ਯਾਤਰਾ ਤੋਂ ਕੁੱਝ ਮਿਲਿਆ ਹੀ ਨਹੀਂ। ਅਕਾਲੀ ਦਲ ਕਿਸਾਨਾਂ ਨਾਲ ਖੜ੍ਹਾ ਨਹੀਂ ਹੋਇਆ, ਸਿੱਖਾਂ ਦੇ ਮਸਲਿਆਂ ’ਤੇ ਕਦੇ ਜ਼ਿਕਰ ਨਹੀਂ ਕੀਤਾ, ਕਦੇ ਅੰਮ੍ਰਿਤਪਾਲ ਦੀ ਗੱਲ ਨਹੀਂ ਕੀਤੀ, ਬੇਅਦਬੀ ਮਾਮਲੇ ਦਾ ਜ਼ਿਕਰ ਨਹੀਂ ਕੀਤਾ। ਮੇਰੀ ਸਲਾਹ ਹੈ ਕਿ ਸਾਰੇ ਇਕੱਲੇ ਹੋ ਕੇ ਮੈਦਾਨ ਵਿਚ ਉਤਰਣ। ਹੋ ਸਕਦਾ ਹੈ ਜਿਹੜਾ ਸਿੱਖ ਵੋਟ ਅਕਾਲੀ ਦਲ ਤੋਂ ਟੁੱਟ ਚੁੱਕਾ ਹੈ ਉਹ 5-10 ਸਾਲ ਬਾਅਦ ਵਾਪਸ ਆ ਜਾਵੇ। ਜੇ ਅੱਜ ਭਾਜਪਾ ਨਾਲ ਗੱਠਜੋੜ ਹੁੰਦਾ ਹੈ ਤਾਂ ਇਹ ਅਕਾਲੀ ਦਲ ਲਈ ਖ਼ੁਦਕੁਸ਼ੀ ਵਾਲੀ ਗੱਲ ਹੋਵੇਗੀ। 

ਕੀ ਤੁਹਾਨੂੰ ਮੁੱਖ ਮੰਤਰੀ ਬਣਨ ਦੇ ਸੁਫ਼ਨੇ ਆਉਂਦੇ ਹਨ?

ਸੁਫ਼ਨੇ ਲੈਣੇ ਕੋਈ ਮਾੜੀ ਗੱਲ ਨਹੀਂ। ਜੇ ਸੁਫ਼ਨੇ ਆਉਣੇ ਹੀ ਬੰਦ ਹੋ ਗਏ ਫਿਰ ਸਿਆਸਤ ਵਿਚ ਆਉਣ ਦਾ ਮਤਲਬ ਹੀ ਨਹੀਂ ਰਹਿੰਦਾ। ਕਿਸੇ ਪਿੰਡ ਦੇ ਸਰਪੰਚ ਨੂੰ ਵੀ ਪੁੱਛ ਲਵੋ ਉਹ ਵੀ ਵਿਧਾਇਕ ਬਣਨਾ ਚਾਹੇਗਾ। ਇਸੇ ਤਰ੍ਹਾਂ ਕਿਸੇ ਵੀ ਵਿਧਾਇਕ ਨੂੰ ਪੁੱਛ ਲਵੋ ਉਹ ਵੀ ਮੁੱਖ ਮੰਤਰੀ ਬਣਨਾ ਚਾਹੇਗਾ। ਇਹ ਸਾਰੀਆਂ ਚੀਜ਼ਾਂ ਪ੍ਰਮਾਤਮਾ ਦੇ ਹੱਥ ਵਿਚ ਹਨ। ਪਾਸਟ ਸਭ ਨੇ ਦੇਖਿਆ ਹੈ, ਜਿਹੜੇ ਕਿਸੇ ਰੇਸ ਵਿਚ ਵੀ ਨਹੀਂ ਸਨ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਸੀ ਉਹ ਵੀ ਮੌਕੇ ’ਤੇ ਨਿਕਲ ਆਏ। 

ਕੀ ਤੁਹਾਡੇ ਤੱਕ ਕਦੇ ਭਾਜਪਾ ਨੇ ਪਹੁੰਚ ਕੀਤੀ

ਨਹੀਂ ਮੇਰੇ ਤਕ ਭਾਜਪਾ ਨੇ ਕਦੇ ਪਹੁੰਚ ਨਹੀਂ ਕੀਤੀ। ਅਸੀਂ ਉਸ ਪੱਧਰ ਦੇ ਆਗੂ ਨਹੀਂ। ਮੈਨੂੰ ਡਰਾ ਕੇ ਕੋਈ ਨਹੀਂ ਲਜਾ ਸਕਦਾ। ਜਿਨ੍ਹਾਂ ਵਿਚ ਕੋਈ ਕਮੀ ਹੁੰਦੀ ਉਨ੍ਹਾਂ ਨੂੰ ਹੀ ਡਰਾ ਧਮਕਾ ਕੇ ਲਿਜਾਇਆ ਜਾ ਸਕਦਾ ਹੈ। 

ਪੰਜਾਬੀਓ ਅਦਾਕਾਰਾਂ ਨੂੰ ਇਸ ਵਾਰ ਮੂੰਹ ਨਾ ਲਾਇਓ

ਬਾਜਵਾ ਤੋਂ ਜਦੋਂ ਕ੍ਰਿਕਟਰ ਯੁਵਰਾਜ ਸਿੰਘ ਅਤੇ ਅਦਾਕਾਰ ਅਕਸ਼ੈ ਕੁਮਾਰ ਦੇ ਲੋਕ ਸਭਾ ਚੋਂਣ ਲੜਨ ਬਾਰੇ ਸਵਾਲ ਕੀਤੀ ਗਿਆ ਤਾਂ ਉਨਾਂ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਇਸ ਵਾਰ ਜੇ ਕੋਈ ਵੀ ਸੈਲੀਬ੍ਰਿਟੀ ਆਉਂਦਾ ਹੈ ਤਾਂ ਉਨ੍ਹਾਂ ਨੂੰ ਕੰਨੋਂ ਫੜ ਕੇ ਬਾਹਰ ਕੱਢੋ, ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ। ਸੰਨੀ ਦਿਓਲ ਨੇ ਪਹਿਲਾਂ ਹੀ ਗੁਰਦਾਸਪੁਰ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਯੁਵਰਾਜ ਸਿੰਘ ਦਾ ਗੁਰਦਾਸਪੁਰ ਨਾਲ ਕੋਈ ਨਾਤਾ ਨਹੀਂ ਹੈ। ਸੰਨੀ ਦਿਓਲ ਦਾ ਪਿਤਾ ਧਰਮਿੰਦਰ ਬੀਕਾਨੇਰ ਦਾ ਐੱਮ. ਪੀ. ਬਣਿਆ ਪਰ ਉਥੇ ਇਕ ਵਾਰ ਵੀ ਨਹੀਂ ਵੜਿਆ। ਇਸੇ ਤਰ੍ਹਾਂ ਸੰਨੀ ਦਿਓਲ ਨੇ ਪੰਜ ਸਾਲ ਤਕ ਗੁਰਦਾਸਪੁਰੀਆਂ ਨੂੰ ਸ਼ਕਲ ਤਕ ਨਹੀਂ ਵਿਖਾਈ। 

Credit : www.jagbani.com

  • TODAY TOP NEWS