ਦੇਸ਼ ਦੀ ਸਿਆਸਤ ਤੋਂ ਉਲਟ ਦਿਸ਼ਾ ਵੱਲ ਰਹਿੰਦਾ ਹੈ ਅੰਮ੍ਰਿਤਸਰ ਹਲਕੇ ਦਾ ਰੁਖ਼, ਸਿਰਫ਼ 1 ਸਾਲ ਲਈ ਹਿੱਸੇ ਆਈ ਵਜ਼ਾਰਤ

ਦੇਸ਼ ਦੀ ਸਿਆਸਤ ਤੋਂ ਉਲਟ ਦਿਸ਼ਾ ਵੱਲ ਰਹਿੰਦਾ ਹੈ ਅੰਮ੍ਰਿਤਸਰ ਹਲਕੇ ਦਾ ਰੁਖ਼, ਸਿਰਫ਼ 1 ਸਾਲ ਲਈ ਹਿੱਸੇ ਆਈ ਵਜ਼ਾਰਤ

ਅੰਮ੍ਰਿਤਸਰ- ਦੇਸ਼ ਵਿਚ ਲੋਕ ਸਭਾ ਚੋਣਾਂ ਦੇ ਨਤੀਜਿਆਂ 'ਤੇ ਇਕ ਝਾਤ ਮਾਰੀਏ ਤਾਂ ਪੰਜਾਬ ਵਿਚੋਂ ਜ਼ਿਆਦਾਤਰ ਵੋਟਰ ਦੇਸ਼ ਦੀ ਸੱਤਾ 'ਤੇ ਕਾਬਜ਼ ਹੋਣ ਵਾਲੀ ਪਾਰਟੀ ਤੋਂ ਉਲਟ ਪਾਰਟੀ ਦੇ ਹੱਕ ਵਿਚ ਫ਼ਤਵਾ ਦਿੰਦੇ ਹਨ। ਖ਼ਾਸ ਤੌਰ 'ਤੇ ਜੇ ਅੰਮ੍ਰਿਤਸਰ ਸੀਟ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਜ਼ਿਆਦਾਤਰ ਚੋਣਾਂ ਵਿਚ ਅਜਿਹਾ ਹੀ ਨਤੀਜਾ ਮਿਲਿਆ ਹੈ। ਇਹੀ ਕਾਰਨ ਰਿਹਾ ਹੈ ਕਿ ਅੱਜ ਤਕ ਸਿਰਫ਼ ਕਾਂਗਰਸੀ ਸੰਸਦ ਮੈਂਬਰ ਸਵ: ਰਘੁਨੰਦਨ ਲਾਲ ਭਾਟੀਆ ਤੋਂ ਇਲਾਵਾ ਕੋਈ ਵੀ ਸੰਸਦ ਮੈਂਬਰ ਕੇਂਦਰੀ ਮੰਤਰੀ ਮੰਡਲ ਵਿਚ ਜਗ੍ਹਾ ਨਹੀਂ ਬਣਾ ਸਕਿਆ। 

ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਚੱਲਦੀ ਰੇਲਗੱਡੀ ਨੂੰ ਲੱਗ ਗਈ ਅੱਗ, ਖੌਫ਼ਨਾਕ ਮੰਜ਼ਰ ਵੇਖ ਪਈਆਂ ਭਾਜੜਾਂ

ਰਘੁਨੰਦਨ ਲਾਲ ਭਾਟੀਆ ਭਾਵੇਂ ਕਈ ਵਾਰ ਅੰਮ੍ਰਿਤਸਰ ਤੋਂ ਚੋਣ ਜਿੱਤ ਕੇ ਲੋਕ ਸਭਾ ਪੁੱਜੇ ਸਨ, ਪਰ ਸਿਰਫ਼ ਨਰਸਿਮ੍ਹਾ ਰਾਓ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਉਨ੍ਹਾਂ ਨੂੰ ਕੇਂਦਰੀ ਮੰਤਰੀ ਮੰਡਲ ਵਿਚ ਜਗ੍ਹਾ ਮਿਲੀ। ਉਨ੍ਹਾਂ ਨੂੰ 1992 ਤੋਂ 1993 ਤਕ ਹੀ ਕੇਂਦਰੀ ਵਿਦੇਸ਼ ਰਾਜ ਮੰਤਰੀ ਵਜੋਂ ਸੇਵਾ ਨਿਭਾਉਣ ਦਾ ਮੌਕਾ ਮਿਲਿਆ। ਇਸ ਤੋਂ ਬਾਅਦ 1998 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਥੋਂ ਭਾਜਪਾ ਦੇ ਦਯਾ ਸਿੰਘ ਸੋਢੀ ਚੋਣ ਜਿੱਤੇ ਸਨ, ਪਰ ਕੇਂਦਰ ਵਿਚ ਭਾਜਪਾ ਦੀ ਹੀ ਅਟੱਲ ਬਿਹਾਰੀ ਵਾਜਪਈ ਦੀ ਸਰਕਾਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਮੰਤਰੀ ਮੰਡਲ ਵਿਚ ਥਾਂ ਨਹੀਂ ਦਿੱਤੀ ਗਈ। ਇਸ ਮਗਰੋਂ ਸਾਲ 2004, 2007 ਅਤੇ 2009 ਵਿਚ ਨਵਜੋਤ ਸਿੰਘ ਸਿੱਧੂ ਲਗਾਤਾਰ ਤਿੰਨ ਵਾਰ ਇੱਥੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਗੱਠਜੋੜ ਦੀ ਝੋਲੀ ਵਿਚ ਇਹ ਸੀਟ ਪਾਉਂਦੇ ਰਹੇ, ਪਰ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਹੋਣ ਕਾਰਨ ਉਹ ਮੰਤਰੀ ਮੰਡਲ ਤਕ ਨਹੀਂ ਪਹੁੰਚ ਸਕੇ।

ਇਹ ਖ਼ਬਰ ਵੀ ਪੜ੍ਹੋ - ਪਟਿਆਲਾ 'ਚ ਚਾਕਲੇਟ ਖਾਣ ਨਾਲ ਬੱਚੀ ਦੀ ਸਿਹਤ ਵਿਗੜਣ ਦੇ ਮਾਮਲੇ 'ਚ ਆਇਆ ਨਵਾਂ ਮੋੜ

2014 ਵਿਚ ਭਾਜਪਾ ਨੇ ਸਿੱਧੂ ਦੀ ਟਿਕਟ ਕੱਟ ਕੇ ਇੱਥੋਂ ਅਰੁਣ ਜੇਤਲੀ ਨੂੰ ਚੋਣ ਮੈਦਾਨ ਵਿਚ ਉਤਾਰਿਆ। ਉਸ ਵੇਲੇ ਦੇਸ਼ ਭਰ ਵਿਚ 'ਮੋਦੀ ਲਹਿਰ' ਹੋਣ ਦੇ ਬਾਵਜੂਦ ਅੰਮ੍ਰਿਤਸਰ ਦੇ ਲੋਕਾਂ ਨੇ ਜੇਤਲੀ ਦੀ ਬਜਾਏ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਫ਼ਤਵਾ ਦਿੱਤਾ। ਹਾਲਾਂਕਿ ਭਾਜਪਾ ਨੇ ਜੇਤਲੀ ਨੂੰ ਫ਼ਿਰ ਵੀ ਕੇਂਦਰੀ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਤੇ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ। 2017 ਵਿਚ ਕੈਪਟਨ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਜਿਸ ਕਾਰਨ ਇੱਥੇ ਜ਼ਿਮਨੀ ਚੋਣ ਹੋਈ, ਜਿਸ ਵਿਚ ਕਾਂਗਰਸ ਦੇ ਨੌਜਵਾਨ ਆਗੂ ਗੁਰਜੀਤ ਔਜਲਾ ਨੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਸ਼ਿਕਸਤ ਦਿੱਤੀ। 2019 ਵਿਚ ਅਕਾਲੀ-ਭਾਜਪਾ ਗੱਠਜੋੜ ਨੇ ਇੱਥੋਂ ਸੀਨੀਅਰ ਸਿੱਖ ਲੀਡਰ ਹਰਦੀਪ ਸਿੰਘ ਪੁਰੀ ਨੂੰ ਚੋਣ ਮੈਦਾਨ ਵਿਚ ਉਤਾਰਿਆ, ਪਰ ਕੇਂਦਰ ਵਿਚ ਮੁੜ ਮੋਦੀ ਸਰਕਾਰ ਬਣਨ ਦੇ ਬਾਵਜੂਦ ਪੁਰੀ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਤੋਂ ਚੋਣ ਹਾਰ ਗਏ। ਭਾਜਪਾ ਨੇ ਹਰਦੀਪ ਸਿੰਘ ਪੁਰੀ ਨੂੰ ਵੀ ਅਰੁਣ ਜੇਤਲੀ ਵਾਂਗ ਹੀ ਹਾਰਨ ਦੇ ਬਾਵਜੂਦ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ। 

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਰਾਹੁਲ ਗਾਂਧੀ ਨੇ ਰੋਕਿਆ ਪੰਜਾਬ ਦੇ ਉਮੀਦਵਾਰਾਂ ਬਾਰੇ ਫ਼ੈਸਲਾ! ਅੱਧ ਵਿਚਾਲੇ ਮੁੱਕੀ ਮੀਟਿੰਗ

ਇਸ ਵਾਰ ਭਾਜਪਾ ਆਪਣੇ ਪੁਰਾਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਤੋਂ ਵੱਖਰੇ ਹੋ ਕੇ ਚੋਣ ਲੜ ਰਹੀ ਹੈ। ਇਸ ਵਾਰ ਭਾਰਤੀ ਜਨਤਾ ਪਾਰਟੀ ਨੇ ਕੌਮਾਂਤਰੀ ਪੱਧਰ ਦੀ ਸ਼ਖ਼ਸੀਅਤ ਤਰਨਜੀਤ ਸਿੰਘ ਸੰਧੂ ਦੀ ਸਿਆਸਤ ਵਿਚ ਐਂਟਰੀ ਕਰਵਾਉਂਦਿਆਂ ਇੱਥੋਂ ਚੋਣ ਮੈਦਾਨ ਵਿਚ ਉਤਾਰਿਆ ਹੈ। ਅਕਾਲੀ ਦਲ ਵੱਲੋਂ ਪਹਿਲੀ ਵਾਰ ਅਨਿਲ ਜੋਸ਼ੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸ ਵੇਲੇ ਜਿੱਥੇ ਦੇਸ਼ ਤੇ ਸੂਬੇ ਦੀ ਸਿਆਸੀ ਹਵਾ ਦੇ ਰੁਖ਼ ਦਾ ਅੰਦਾਜ਼ਾ ਲਗਾਉਣਾ ਜਲਦਬਾਜ਼ੀ ਹੋਵੇਗੀ, ਉੱਥੇ ਹੀ ਅੰਮ੍ਰਿਤਸਰ ਦੀ ਸਿਆਸੀ ਹਵਾ ਕਿਸ ਦਿਸ਼ਾ ਵੱਲ ਜਾਂਦੀ ਹੈ, ਇਹ ਵੀ ਸਮਾਂ ਹੀ ਦੱਸੇਗਾ। 

- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

Credit : www.jagbani.com

  • TODAY TOP NEWS