ਜਲੰਧਰ 'ਚ ਸਿਰ ਵੱਢ ਕੇ ਵਿਅਕਤੀ ਦਾ ਕਤਲ ਕਰਨ ਦਾ ਮਾਮਲਾ ਸੁਲਝਿਆ, ਕਾਤਲ ਗ੍ਰਿਫ਼ਤਾਰ, ਖੁੱਲ੍ਹੇ ਰਾਜ਼

ਜਲੰਧਰ 'ਚ ਸਿਰ ਵੱਢ ਕੇ ਵਿਅਕਤੀ ਦਾ ਕਤਲ ਕਰਨ ਦਾ ਮਾਮਲਾ ਸੁਲਝਿਆ, ਕਾਤਲ ਗ੍ਰਿਫ਼ਤਾਰ, ਖੁੱਲ੍ਹੇ ਰਾਜ਼

ਅਲਾਵਲਪੁਰ- ਪੁਲਸ ਚੌਂਕੀ ਅਲਾਵਲਪੁਰ ਦੇ ਬਿਲਕੁਲ ਨੇੜੇ ਗੰਦੇ ਨਾਲੇ ’ਚੋਂ ਇਕ ਵਿਅਕਤੀ ਦਾ ਸਿਰ ਵੱਢ ਕੇ ਕਤਲ ਕਰਨ ਦੇ ਮਾਮਲੇ ਨੂੰ ਪੁਲਸ ਨੇ ਸੁਲਝਾ ਲਿਆ ਹੈ। ਇਸ ਮਾਮਲੇ ਵਿਚ ਕਾਤਲ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਕੁਲਵਿੰਦਰ ਉਰਫ਼ ਰਿੰਕਾ, ਜੋਕਿ ਦਿਹਾੜੀ ਮਜ਼ਦੂਰ ਸੀ ਅਤੇ ਬਾਜ਼ਾਰ ਦੇ ਨਜ਼ਦੀਕ ਹੀ ਇਕ ਪੁਰਾਣੇ ਘਰ ’ਚ ਰਹਿੰਦਾ ਸੀ। ਅਲਾਵਲਪੁਰ ਦੇ ਹੀ ਵਿਅਕਤੀ ਸੋਨੂ ਪੁੱਤਰ ਓਮ ਪ੍ਰਕਾਸ਼ ਵਾਸੀ ਮੁਹੱਲਾ ਜਲਾਹਿਆ ਅਲਾਵਲਪੁਰ ਵੱਲੋਂ ਇਸ ਦਾ ਕਤਲ ਕੀਤਾ ਦੱਸਿਆ ਜਾ ਰਿਹਾ ਹੈ। ਉਕਤ ਦੋਸ਼ੀ ਸੋਨੂੰ ਨੇ ਬੀਤੀ ਰਾਤ ਕੁਲਵਿੰਦਰ ਉਰਫ਼ ਰਿੰਕਾ ਦੇ ਘਰ ਜਾ ਕੇ ਇਸ ਦੀ ਧੌਣ ਸਿਰ ਤੋਂ ਵੱਖਰੀ ਕਰਕੇ ਲਾਸ਼ ਨੂੰ ਨਾਲੇ ’ਚ ਸੁੱਟ ਕੇ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ।

PunjabKesari

ਜਾਣਕਾਰੀ ਅਨੁਸਾਰ ਰਾਤ ਲਗਭਗ 3 ਵਜੇ ਦੇ ਕਰੀਬ ਪੁਲਸ ਚੌਂਕੀ ਨੇੜੇ ਉਪਰੋਕਤ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਜਦੋਂ ਲਾਸ਼ ਨੂੰ ਗੰਦੇ ਨਾਲੇ ’ਚ ਸੁੱਟ ਕੇ ਖ਼ੁਰਦ-ਬੁਰਦ ਕਰਨ ਦੀ ਕੋਸ਼ਿਸ਼ ਕਰਨ ਲੱਗਾ ਤਾਂ ਮੌਕੇ ’ਤੇ ਪੁਲਸ ਚੌਂਕੀ ’ਚ ਤਾਇਨਾਤ ਡਿਊਟੀ ਦੇ ਰਹੇ ਹੈੱਡ ਕਾਂਸਟੇਬਲ ਗੁਰਇਕਬਾਲ ਸਿੰਘ ਭੰਗੂ ਨੇ ਮੌਕੇ ’ਤੇ ਪਹੁੰਚ ਕੇ ਦੋਸ਼ੀ ਨੂੰ ਮੌਕਾ-ਏ-ਵਾਰਦਾਤ ਤੋਂ ਕਾਬੂ ਕੀਤਾ। ਦਿਨ ਚੜ੍ਹਦੇ ਸਾਰ ਇਸ ਘਟਨਾ ਦੀ ਖ਼ਬਰ ਸ਼ਹਿਰ ਅਤੇ ਇਲਾਕੇ ’ਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਇਲਾਕੇ ਭਰ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸਵੇਰੇ 8 ਵਜੇ ਦੇ ਕਰੀਬ ਫੋਰੈਂਸਿਕ, ਮੋਬਾਇਲ ਫਿੰਗਰ ਪ੍ਰਿੰਟ ਐਕਸਪਰਟ ਟੀਮ ਪਹੁੰਚੀ।

PunjabKesari

ਪੁਲਸ ਚੌਂਕੀ ਅਲਾਵਲਪੁਰ ਦੇ ਇੰਚਾਰਜ ਰਜਿੰਦਰ ਸ਼ਰਮਾ, ਥਾਣਾ ਆਦਮਪੁਰ ਦੇ ਐੱਸ. ਐੱਚ. ਓ. ਰਵਿੰਦਰਪਾਲ ਸਿੰਘ ਵੀ ਮੌਕੇ ’ਤੇ ਪਹੁੰਚੇ ਅਤੇ ਗੰਦੇ ਨਾਲੇ ’ਚ ਸੁੱਟੀ ਹੋਈ ਅੱਧ ਸੜੀ ਬਿਨਾਂ ਸਿਰ ਦੀ ਲਾਸ਼ ਨੂੰ ਬਾਹਰ ਕੱਢਵਾਇਆ, ਜਿਸ ਦਾ ਸਿਰ ਲੱਭਣ ’ਚ ਕਾਫ਼ੀ ਮੁਸ਼ੱਕਤ ਕਰਨੀ ਪਈ। ਇਸ ਤੋਂ ਪਹਿਲਾਂ ਕਿ ਪੁਲਸ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜਦੀ, ਸਥਾਨਕ ਲੋਕਾਂ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਰੋਸ ਵਜੋਂ ਲਾਸ਼ ਨੂੰ ਘਟਨਾ ਸਥਾਨ ਤੋਂ ਪੁਲਸ ਨੂੰ ਚੁੱਕਣ ਨਹੀਂ ਦਿੱਤਾ। ਮ੍ਰਿਤਕ ਦਾ ਕੱਟਿਆ ਹੋਇਆ ਸਿਰ ਨਾ ਮਿਲਣ ਕਾਰਨ ਪਰਿਵਾਰਕ ਮੈਂਬਰਾਂ ਨੇ ਧਰਨਾ ਲਾ ਦਿੱਤਾ ਅਤੇ ਕੁਝ ਸਮੇਂ ਬਾਅਦ ਸ਼ਹਿਰ ਵਾਸੀਆਂ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਧਰਨਾ ਚੁੱਕਿਆ ਗਿਆ। ਪੁਲਸ ਪ੍ਰਸ਼ਾਸਨ ਦੀ ਕੋਸ਼ਿਸ਼ ਨਾਲ ਮ੍ਰਿਤਕ ਦਾ ਕੱਟਿਆ ਹੋਇਆ ਸਿਰ ਵੀ ਗੰਦੇ ਨਾਲੇ ’ਚੋਂ ਬਰਾਮਦ ਕਰ ਲਿਆ ਗਿਆ।

ਜ਼ਿਕਰਯੋਗ ਹੈ ਕਿ ਮੌਕਾ-ਏ-ਵਰਦਾਤ ਤੋਂ ਕਾਬੂ ਕੀਤੇ ਦੋਸ਼ੀ ਸੋਨੂ ਖ਼ਿਲਾਫ਼ ਪਹਿਲਾਂ ਵੀ ਸ਼ਹਿਰ ਵਾਸੀ ਕਈ ਵਾਰ ਵੱਖ-ਵੱਖ ਸਮੇਂ ਸਥਾਨਕ ਪੁਲਸ ਚੌਂਕੀ ਨੂੰ ਸ਼ਿਕਾਇਤਾਂ ਦੇ ਚੁੱਕੇ ਸਨ ਕਿ ਇਹ ਇਕ ਨਸ਼ੇੜੀ ਅਤੇ ਅਪਰਾਧਿਕ ਕਿਸਮ ਦਾ ਵਿਅਕਤੀ ਹੈ, ਜੋ ਕਿਸੇ ਸਮੇਂ ਵੱਡੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ ਪਰ ਲੋਕਾਂ ਦੀ ਮੰਨੀਏ ਤਾਂ ਪੁਲਸ ਨੇ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਇਸ ਨੂੰ ਪੁੱਛਗਿੱਛ ਲਈ ਵੀ ਨਹੀਂ ਬੁਲਾਇਆ ਅਤੇ ਅੱਜ ਉਸ ਨੇ ਇਸ ਵੱਡੀ ਘਟਨਾ ਨੂੰ ਅੰਜਾਮ ਦੇ ਦਿੱਤਾ।

PunjabKesari
ਇਸ ਮੌਕੇ ਜਦੋਂ ਕੁਝ ਸਮੇਂ ਬਾਅਦ ਮ੍ਰਿਤਕ ਦਾ ਕੱਟਿਆ ਹੋਇਆ ਸਿਰ ਨਾਲੇ ’ਚੋਂ ਹੀ ਮਿਲਣ ’ਤੇ ਰਿਸ਼ਤੇਦਾਰ ਭੜਕ ਉੱਠੇ ਅਤੇ ਦੋਸ਼ੀ ਨੂੰ ਉਨ੍ਹਾਂ ਦੇ ਹਵਾਲੇ ਕਰਨ ਦੀ ਮੰਗ ਕਰਦਿਆਂ ਚੌਂਕੀ ਦਾ ਘਿਰਾਓ ਕੀਤਾ ਅਤੇ ਇਸ ਮੌਕੇ ਪੁਲਸ ਨਾਲ ਧੱਕਾ-ਮੁੱਕੀ ਵੀ ਹੋਈ ਅਤੇ ਮੌਕੇ ’ਤੇ ਮਾਹੌਲ ਕਈ ਮੋਹਤਬਰ ਵਿਅਕਤੀਆਂ ਦੇ ਸਮਝਾਉਣ ਨਾਲ ਸ਼ਾਂਤ ਹੋਇਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਫਿਲਹਾਲ ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਰਹੀ ਹੈ।

PunjabKesari

ਥਾਣਾ ਮੁਖੀ ਵੱਲੋਂ ਵੀਡਿਓ ਬਣਾਉਣ ’ਤੇ ਭੜਕੇ ਬਸਪਾ ਨੇਤਾ
ਇਸ ਮੌਕੇ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਮੌਕੇ ’ਤੇ ਪੁੱਜੇ ਸੀਨੀਅਰ ਬਸਪਾ ਆਗੂ ਮਦਨ ਲਾਲ ਮੱਦੀ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਡਟ ਜਾਣ 'ਤੇ ਇਸ ਕਤਲ ਲਈ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਨਿਸ਼ਾਨਾ ਬਣਾਉਂਦਿਆਂ ਚੌਂਕੀ ਇੰਚਾਰਜ ਵੱਲੋਂ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਕਾਰਵਾਈ ਨਾ ਕਰਨ ’ਤੇ ਉਸ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਤਾਂ ਇਸ ਦੌਰਾਨ ਥਾਣਾ ਮੁਖੀ ਵੱਲੋਂ ਉਨ੍ਹਾਂ ਦੀ ਵੀਡਿਓ ਬਣਾਉਣ ਨੂੰ ਲੈ ਕੇ ਆਪਣਾ ਵਿਰੋਧ ਦਰਜ ਕਰਦਿਆਂ ਕਿਹਾ ਕਿ ਥਾਣਾ ਮੁਖੀ ਵੱਲੋਂ ਬਣਾਈ ਜਾ ਰਹੀ ਵੀਡਿਓ ਦਾ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਸੱਚ ਨਾਲ ਖੜ੍ਹੇ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

Credit : www.jagbani.com

  • TODAY TOP NEWS