ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਨਾਲ 24 ਸਾਲਾ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਨਾਲ 24 ਸਾਲਾ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਕਾਲਾ ਸੰਘਿਆਂ- ਪਿੰਡ ਨਿੱਝਰਾਂ ਵਿਖੇ ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਘਟਨਾ ਦਾ ਸ਼ਿਕਾਰ ਹੋਇਆ ਨੌਜਵਾਨ ਸੁਖਜਿੰਦਰ ਸਿੰਘ (24) ਪੁੱਤਰ ਮਰਹੂਮ ਨਿਰਮਲ ਸਿੰਘ ਵਾਸੀ ਪਿੰਡ ਲਿੱਧੜਾਂ, ਨੇੜੇ ਨਕੋਦਰ, ਜ਼ਿਲ੍ਹਾ ਜਲੰਧਰ ਦਾ ਵਸਨੀਕ ਸੀ, ਜਦਕਿ ਇਸ ਵਕਤ ਉਹ ਆਪਣੇ ਨਾਨਕੇ ਪਿੰਡ ਨਿੱਝਰਾਂ, ਜ਼ਿਲ੍ਹਾ ਜਲੰਧਰ ਵਿਖੇ ਰਹਿ ਰਿਹਾ ਸੀ। 

ਪਤਾ ਲੱਗਿਆ ਹੈ ਕਿ ਉਹ ਕਬੂਤਰ ਪਾਲਣ ਦਾ ਸ਼ੌਂਕ ਰੱਖਦਾ ਸੀ, ਜਿਸ ਕਾਰਨ ਉਹ ਆਪਣੇ ਹੋਰ ਸਾਥੀਆਂ ਨਾਲ ਉੱਡ ਰਹੇ ਕਬੂਤਰਾਂ ਨੂੰ ਫੜ੍ਹਨ ਲਈ ਇਕ ਲੋਹੇ ਦਾ ਜੰਗਲਾ ਲੈ ਕੇ ਗੁਰਦੁਆਰਾ ਕਲਗੀਧਰ ਸਾਹਿਬ ਨਿੱਝਰਾਂ ਦੀ ਦਰਸ਼ਨੀ ਡਿਓੜੀ ਉੱਪਰ ਚੜ੍ਹਿਆ ਹੋਇਆ ਸੀ ਕਿ ਅਚਨਚੇਤ ਉਸ ਦੇ ਹੱਥ ਵਿੱਚ ਫੜਿਆ ਜੰਗਲਾ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ, ਜੋਕਿ 11 ਹਜ਼ਾਰ ਹਾਈ ਵੋਲਟੇਜ ਕਰੰਟ ਵਾਲੀ ਸਪਲਾਈ ਵਾਲੀਆਂ ਤਾਰਾਂ ਦੱਸੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੀ ਚਪੇਟ ਵਿੱਚ ਆ ਜਾਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਭਾਵੇਂ ਕਿ ਉਸ ਦੌਰਾਨ ਲਾਈਟ ਵੀ ਬੰਦ ਹੋ ਗਈ। ਉਕਤ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ। 

ਦੱਸਿਆ ਗਿਆ ਹੈ ਕਿ ਗੁਰੂ ਘਰ ਦੇ ਗ੍ਰੰਥੀ ਅਤੇ ਆਸ ਪਾਸ ਦੇ ਲੋਕਾਂ ਨੂੰ ਜਿਵੇਂ ਹੀ ਚੀਕਾਂ ਸੁਣੀਆਂ ਤਾਂ ਉਸ ਨੂੰ ਡਿਊੜੀ ਤੋਂ ਹੇਠਾਂ ਲਾਹਿਆ ਗਿਆ ਅਤੇ ਮਿੱਟੀ ਵਿੱਚ ਵੀ ਦੱਬਿਆ ਗਿਆ ਤੇ ਬਾਅਦ ਵਿਚ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਵੀ ਇਲਾਜ ਲਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪਤਾ ਲੱਗਿਆ ਹੈ ਕਿ ਸੁਖਜਿੰਦਰ ਸਿੰਘ ਨੂੰ ਉਸਦੇ ਲੰਘਦੇ ਜਾਣੂੰ ਰਾਹਗੀਰਾਂ ਨੇ ਬਿਜਲੀ ਦੀਆਂ ਤਾਰਾਂ ਤੋਂ ਬਚਣ ਲਈ ਅਗਾਹ ਵੀ ਕੀਤਾ ਪਰ ਉਹ ਆਪਣੇ ਸ਼ੌਕ ਕਾਰਨ ਆਪਣੇ ਕੰਮ ਵਿਚ ਲੱਗਿਆ ਰਿਹਾ ਤੇ ਇਹ ਦੁੱਖ਼ਦਾਈ ਭਾਣਾ ਵਾਪਰ ਗਿਆ। ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਉਸ ਦੇ ਰਿਸ਼ਤੇਦਾਰਾਂ ਦੇ ਵਿਦੇਸ਼ ਤੋਂ ਪਰਤਣ ਤੋਂ ਬਾਅਦ ਕਰਨ ਦੀ ਗੱਲ ਆਖੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS