ਅੱਤ ਦੀ ਗਰਮੀ ਤੋਂ ਬਾਈਕ ਸਵਾਰਾਂ ਨੂੰ ਬਚਾਉਣ ਲਈ ਕੀਤਾ ਅਨੋਖਾ ਉਪਰਾਲਾ, ਇੰਟਰਨੈੱਟ ’ਤੇ ਹੋ ਰਹੀ ਰੱਜ ਕੇ ਤਾਰੀਫ਼

ਅੱਤ ਦੀ ਗਰਮੀ ਤੋਂ ਬਾਈਕ ਸਵਾਰਾਂ ਨੂੰ ਬਚਾਉਣ ਲਈ ਕੀਤਾ ਅਨੋਖਾ ਉਪਰਾਲਾ, ਇੰਟਰਨੈੱਟ ’ਤੇ ਹੋ ਰਹੀ ਰੱਜ ਕੇ ਤਾਰੀਫ਼

ਨੈਸ਼ਨਲ ਡੈਸਕ– ਦੇਸ਼ ਦੇ ਵੱਡੇ ਹਿੱਸਿਆਂ ’ਚ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਲੋਕ ਗਰਮੀ ਤੋਂ ਪ੍ਰੇਸ਼ਾਨ ਹਨ। ਇਸ ਦੌਰਾਨ ਪੁਡੂਚੇਰੀ ਪਬਲਿਕ ਵਰਕਸ ਡਿਪਾਰਟਮੈਂਟ (ਪੀ. ਡਬਲਯੂ. ਡੀ.) ਦੀ ਪਹਿਲਕਦਮੀ ਦੀ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ। ਕੜਾਕੇ ਦੀ ਗਰਮੀ ’ਚ ਇੰਤਜ਼ਾਰ ਕਰ ਰਹੇ ਯਾਤਰੀਆਂ ਨੂੰ ਰਾਹਤ ਦੇਣ ਲਈ ਵਿਭਾਗ ਨੇ ਟ੍ਰੈਫਿਕ ਸਿਗਨਲ ਨੇੜੇ ਹਰੇ ਰੰਗ ਦੇ ਜਾਲ ਵਿਛਾਏ ਹਨ। ਇਕ ਐਕਸ ਯੂਜ਼ਰ ਨੇ ਇਸ ਪਹਿਲਕਦਮੀ ਦੀ ਵੀਡੀਓ ਸਾਂਝੀ ਕੀਤੀ ਹੈ ਤੇ ਅਧਿਕਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਦੋਪਹੀਆ ਵਾਹਨਾਂ ’ਤੇ ਸਵਾਰ ਲੋਕ ਸਿਗਨਲ ਹਰੇ ਹੋਣ ਤੱਕ ਸ਼ੈੱਡ ਦੇ ਹੇਠਾਂ ਇੰਤਜ਼ਾਰ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ਕਲਿੱਪ ਤੋਂ ਪਤਾ ਲੱਗਦਾ ਹੈ ਕਿ ਕਈ ਹੋਰ ਥਾਵਾਂ ’ਤੇ ਵੀ ਇਸੇ ਤਰ੍ਹਾਂ ਦੇ ਸ਼ੈੱਡ ਲਗਾਏ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : 14 ਸਾਲਾਂ ਬਾਅਦ ਸੁਲਝਿਆ MBA ਵਿਦਿਆਰਥਣ ਨਾਲ ਹੋਏ ਜਬਰ-ਜ਼ਿਨਾਹ ਤੇ ਕਤਲ ਦਾ ਮਾਮਲਾ

ਵੀਡੀਓ ਸੋਸ਼ਲ ਮੀਡੀਆ ’ਤੇ ਹੋਈ ਵਾਇਰਲ
ਇੰਟਰਨੈੱਟ ’ਤੇ ਇਸ ਪਹਿਲਕਦਮੀ ਦੀ ਕਾਫ਼ੀ ਸ਼ਲਾਘਾ ਹੋ ਰਹੀ ਹੈ। ਲੋਕ ਇਸ ਨੂੰ ਵਧੀਆ ਉਪਰਾਲਾ ਦੱਸ ਰਹੇ ਹਨ। ਦੂਜੇ ਸੂਬਿਆਂ ਦੇ ਐਕਸ ਯੂਜ਼ਰਸ ਨੇ ਵੀ ਆਪਣੇ-ਆਪਣੇ ਸੂਬਿਆਂ ਦੇ ਅਧਿਕਾਰੀਆਂ ਨੂੰ ਪੁਡੂਚੇਰੀ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ ਹੈ। ਇਕ ਯੂਜ਼ਰ ਨੇ ਲਿਖਿਆ, ‘‘ਉਥੇ ਇਕ ਚਾਲ ਦੇਖੋ। ਪੈਦਲ ਲੰਘਣ ਤੋਂ ਲਗਭਗ 10 ਫੁੱਟ ਪਹਿਲਾਂ ਛਾਂ ਖ਼ਤਮ ਹੋ ਜਾਂਦੀ ਹੈ। ਘੱਟ ਤੋਂ ਘੱਟ ਕੜਕਦੀ ਧੁੱਪ ਤੋਂ ਬਚਣ ਲਈ ਬਾਈਕ ਚਾਲਕ ਪੈਦਲ ਚੱਲਣ ਵਾਲਿਆਂ ਨੂੰ ਪ੍ਰੇਸ਼ਾਨੀ ਤਾਂ ਨਹੀਂ ਕਰਨਗੇ।’’ ਇਕ ਹੋਰ ਨੇ ਕਿਹਾ, ‘‘ਸ਼ਾਨਦਾਰ ਤੇ ਪ੍ਰਸ਼ਾਸਨ ਨੂੰ ਸਲਾਮ, ਉਮੀਦ ਹੈ ਕਿ ਬਹੁਤ ਸਾਰੇ ਨੇਤਾ ਤੇ ਪ੍ਰਸ਼ਾਸਕ ਇਸ ਤੋਂ ਪ੍ਰੇਰਿਤ ਹੋਣਗੇ।’’ ਹੈਦਰਾਬਾਦ ਦੇ ਇਕ ਯੂਜ਼ਰ ਨੇ ਲਿਖਿਆ ਕਿ ਅਧਿਕਾਰੀਆਂ ਨੂੰ ਇਥੇ ਵੀ ਅਜਿਹੀ ਪਹਿਲ ਕਰਨੀ ਚਾਹੀਦੀ ਹੈ। ਇਥੇ ਤਾਪਮਾਨ 45 ਡਿਗਰੀ ਤੱਕ ਪਹੁੰਚ ਰਿਹਾ ਹੈ।’’ ਇਕ ਯੂਜ਼ਰ ਨੇ ਲਿਖਿਆ, ‘‘ਪੁਡੂਚੇਰੀ ਪਬਲਿਕ ਵਰਕਸ ਡਿਪਾਰਟਮੈਂਟ ਦੀ ਕਿੰਨੀ ਸ਼ਾਨਦਾਰ ਪਹਿਲ! ਇਹ ਯਾਤਰੀਆਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦਾ ਵਧੀਆ ਤਰੀਕਾ ਹੈ।’’

ਹਾਲ ਹੀ ਦੇ ਦਿਨਾਂ ’ਚ ਤਾਮਿਲਨਾਡੂ ਦੇ ਜ਼ਿਆਦਾਤਰ ਹਿੱਸਿਆਂ ’ਚ ਗਰਮੀ ਦੀ ਲਹਿਰ ਬਣੀ ਹੋਈ ਹੈ ਤੇ ਕਈ ਥਾਵਾਂ ’ਤੇ ਤਾਪਮਾਨ 38 ਤੋਂ 42.5 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ। ਖ਼ੇਤਰੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਤਿੰਨ ਦਿਨਾਂ ਤੱਕ ਸੂਬੇ ’ਚ ਗਰਮੀ ਦੀ ਲਹਿਰ ਬਰਕਰਾਰ ਰਹੇਗੀ।

ਸੂਬੇ ਦੇ ਕਈ ਜ਼ਿਲਿਆਂ ’ਚ ਗਰਮੀ ਦਾ ਕਹਿਰ ਜਾਰੀ ਹੈ ਤੇ ਮੌਸਮ ਵਿਭਾਗ ਨੇ ਲੋਕਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਖੁੱਲ੍ਹੇ ’ਚ ਬਾਹਰ ਨਾ ਜਾਣ ਦੀ ਚਿਤਾਵਨੀ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਅਜਿਹੇ ਹਾਲਾਤ ਦੌਰਾਨ ਲੋਕਾਂ ਨੂੰ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਲੋਕਾਂ ਦੇ ਸਨਬਰਨ ਤੇ ਹੀਟਸਟ੍ਰੋਕ ਤੋਂ ਪੀੜਤ ਹੋਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS