ਗੈਂਗਸਟਰ ਲੰਡਾ ਨੇ ਵਿਦੇਸ਼ੋਂ ਫੋਨ ਕਰਕੇ ਮੰਗੀ 5 ਲੱਖ ਦੀ ਫਿਰੌਤੀ, ਨਹੀਂ ਦਿੱਤੀ ਤਾਂ ਚਲਵਾਈਆਂ ਗੋਲ਼ੀਆਂ

ਗੈਂਗਸਟਰ ਲੰਡਾ ਨੇ ਵਿਦੇਸ਼ੋਂ ਫੋਨ ਕਰਕੇ ਮੰਗੀ 5 ਲੱਖ ਦੀ ਫਿਰੌਤੀ, ਨਹੀਂ ਦਿੱਤੀ ਤਾਂ ਚਲਵਾਈਆਂ ਗੋਲ਼ੀਆਂ

ਤਰਨਤਾਰਨ : ਸਰਹੱਦੀ ਇਲਾਕੇ ਦੇ ਕਰਿਆਨਾ ਕਾਰੋਬਾਰੀ ਪਾਸੋਂ ਵਿਦੇਸ਼ ’ਚ ਬੈਠੇ ਗੈਂਗਸਟਰ ਲੰਡਾ ਵੱਲੋਂ 5 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਜਿਸ ਤੋਂ ਬਾਅਦ ਵਪਾਰੀ ਦੇ ਘਰ ਬਾਹਰ ਦੋ ਨਕਾਬਪੋਸ਼ ਵਿਅਕਤੀਆਂ ਵੱਲੋਂ ਫਾਇਰਿੰਗ ਕਰ ਦਿੱਤੀ ਗਈ। ਇਸ ਸਬੰਧੀ ਥਾਣਾ ਖਾਲੜਾ ਦੀ ਪੁਲਸ ਨੇ ਲੰਡਾ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਰਹੱਦੀ ਇਲਾਕੇ ਦੇ ਨਿਵਾਸੀ ਇਕ ਕਰਿਆਨਾ ਕਾਰੋਬਾਰੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਬੀਤੀ 27 ਤੋਂ 29 ਅਪ੍ਰੈਲ ਦੀ ਦਰਮਿਆਨੀ ਰਾਤ ਉਸ ਨੂੰ ਇਕ ਵਿਦੇਸ਼ੀ ਨੰਬਰ ਤੋਂ ਮੋਬਾਈਲ ਰਾਹੀਂ 5 ਲੱਖ ਰੁਪਏ ਦੀ ਫਿਰੌਤੀ ਮੰਗਣ ਦੀ ਧਮਕੀ ਆਈ। 

ਫੋਨ ਕਰਨ ਵਾਲੇ ਨੇ ਆਪਣਾ ਨਾਮ ਲੰਡਾ ਨਿਵਾਸੀ ਹਰੀਕੇ ਦੱਸਿਆ ਅਤੇ ਫਿਰੌਤੀ ਨਾ ਦੇਣ ਦੀ ਸੂਰਤ ’ਚ ਉਸਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਜਦੋਂ ਵਪਾਰੀ ਵੱਲੋਂ ਇਸ ਨੂੰ ਅਣਗੌਲਿਆਂ ਕੀਤਾ ਗਿਆ ਤਾਂ 29 ਅਪ੍ਰੈਲ ਦੀ ਰਾਤ ਕਰੀਬ 10 ਵਜੇ ਦੋ ਮੋਨੇ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸੀ ਉਸਦੇ ਘਰ ਬਾਹਰ ਆਏ ਅਤੇ ਕਹਿਣ ਲੱਗੇ ਕਿ ਸਾਨੂੰ ਸੌਦਾ ਤੋਲ ਦਿਓ। ਇਸ ਦੌਰਾਨ ਵਪਾਰੀ ਨੇ ਆਪਣੇ ਬੇਟੇ ਸਣੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ, ਜਿਸ ਤੋਂ ਬਾਅਦ ਦੋਵਾਂ ਨਕਾਬਪੋਸ਼ ਵਿਅਕਤੀਆਂ ਵੱਲੋਂ ਗੇਟ ’ਤੇ ਗੋਲੀ ਮਾਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਖਾਲੜਾ ਦੇ ਮੁਖੀ ਇੰਸਪੈਕਟਰ ਵਿਨੋਦ ਸ਼ਰਮਾ ਨੇ ਦੱਸਿਆ ਕਿ ਪੁਲਸ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਲੰਡਾ ਨਿਵਾਸੀ ਹਰੀਕੇ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਏ. ਐੱਸ. ਆਈ. ਸੁਖਦੇਵ ਸਿੰਘ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।

Credit : www.jagbani.com

  • TODAY TOP NEWS