ਤੀਜੇ ਪੜਾਅ ਦੀਆਂ ਲੋਕ ਸਭਾ ਚੋਣਾਂ ਭਲਕੇ, ਅਮਿਤ ਸ਼ਾਹ ਸਣੇ ਕਈ ਧਾਕੜਾਂ ਦੀ ਕਿਸਮਤ ਹੋਵੇਗੀ EVM 'ਚ ਕੈਦ

ਤੀਜੇ ਪੜਾਅ ਦੀਆਂ ਲੋਕ ਸਭਾ ਚੋਣਾਂ ਭਲਕੇ, ਅਮਿਤ ਸ਼ਾਹ ਸਣੇ ਕਈ ਧਾਕੜਾਂ ਦੀ ਕਿਸਮਤ ਹੋਵੇਗੀ EVM 'ਚ ਕੈਦ

ਨੈਸ਼ਨਲ ਡੈਸਕ- 7 ਮਈ ਨੂੰ ਲੋਕ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਦੇ ਤੀਜੇ ਪੜਾਅ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗਾਂਧੀਨਗਰ ਸੀਟ ’ਤੇ ਵੀ ਵੋਟਿੰਗ ਹੋਵੇਗੀ। ਪਿਛਲੀਆਂ ਚੋਣਾਂ ’ਚ ਅਮਿਤ ਸ਼ਾਹ ਨੇ ਇਸ ਸੀਟ ’ਤੇ 894,624 ਵੋਟਾਂ ਹਾਸਲ ਕੀਤੀਆਂ ਸਨ, ਜਦਕਿ ਉਨ੍ਹਾਂ ਦੇ ਵਿਰੋਧੀ ਕਾਂਗਰਸੀ ਉਮੀਦਵਾਰ ਸੀ.ਜੇ. ਚਾਵੜਾ ਨੂੰ ਸਿਰਫ਼ 337,610 ਵੋਟਾਂ ਮਿਲੀਆਂ ਸਨ।

ਇਨ੍ਹਾਂ ਚੋਣਾਂ ’ਚ ਕਾਂਗਰਸ ਨੇ ਇਸ ਸੀਟ ’ਤੇ ਸੋਨਲ ਪਟੇਲ ਨੂੰ ਮੈਦਾਨ ’ਚ ਉਤਾਰਿਆ ਹੈ। ਤੀਜੇ ਪੜਾਅ ’ਚ ਅਮਿਤ ਸ਼ਾਹ ਦੇ ਨਾਲ ਹੀ ਕਈ ਹੋਰ ਵੱਡੇ ਚਿਹਰੇ ਵੀ ਮੈਦਾਨ ’ਚ ਹਨ ਅਤੇ 7 ਮਈ ਨੂੰ ਇਨ੍ਹਾਂ ਵੱਡੇ ਚਿਹਰਿਆਂ ਦੀ ਕਿਸਮਤ ਵੀ ਈ.ਵੀ.ਐੱਮ. ’ਚ ਕੈਦ ਹੋ ਜਾਵੇਗੀ।

ਮੱਧ ਪ੍ਰਦੇਸ਼ ਦੀ ਰਾਜਗੜ੍ਹ ਸੀਟ ਤੋਂ ਚੋਣ ਲੜ ਰਹੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਇਸ ਤੋਂ ਪਹਿਲਾਂ 1984 ਤੇ 1991 ’ਚ ਇੱਥੋਂ ਲੋਕ ਸਭਾ ਦੇ ਮੈਂਬਰ ਰਹਿ ਚੁੱਕੇ ਹਨ। ਉਸ ਤੋਂ ਬਾਅਦ ਉਨ੍ਹਾਂ ਚੋਣ ਨਹੀਂ ਲੜੀ। ਹੁਣ ਉਹ 33 ਸਾਲ ਬਾਅਦ ਲੋਕ ਸਭਾ ਦੀ ਚੋਣ ਲੜ ਰਹੇ ਹਨ।

ਮੱਧ ਪ੍ਰਦੇਸ਼ ਦੀ ਵਿਦਿਸ਼ਾ ਸੀਟ ਤੋਂ ਚੋਣ ਲੜ ਚੁੱਕੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ 1991 ਤੋਂ 2005 ਤੱਕ ਇੱਥੋਂ ਸੰਸਦ ਮੈਂਬਰ ਰਹੇ ਹਨ। 1995 ਤੋਂ ਬਾਅਦ ਹੁਣ ਉਹ ਫਿਰ ਲੋਕ ਸਭਾ ਦੀਆਂ ਚੋਣਾਂ ’ਚ ਆਪਣੀ ਕਿਸਮਤ ਅਜ਼ਮਾ ਰਹੇ ਹਨ।

ਉੱਤਰ ਪ੍ਰਦੇਸ਼ ਦੀ ਮੈਨਪੁਰੀ ਸੀਟ ਤੋਂ ਚੋਣ ਲੜ ਰਹੀ ਡਿੰਪਲ ਯਾਦਵ 2012 ਦੀ ਉਪ ਚੋਣ ’ਚ ਕਨੌਜ ਤੋਂ ਸੰਸਦ ਮੈਂਬਰ ਚੁਣੀ ਗਈ ਸੀ। 2014 ਦੌਰਾਨ ਉਹ ਦੁਬਾਰਾ ਕਨੌਜ ਤੋਂ ਸੰਸਦ ਮੈਂਬਰ ਬਣੀ। ਇਸ ਤੋਂ ਬਾਅਦ ਉਸ ਨੇ 2022 ’ਚ ਮੈਨਪੁਰੀ ਲੋਕ ਸਭਾ ਸੀਟ ਤੋਂ ਉਪ ਚੋਣ ਲੜੀ ਤੇ ਜਿੱਤੀ। ਇਕ ਵਾਰ ਫਿਰ ਉਹ ਚੋਣ ਮੈਦਾਨ ’ਚ ਹੈ।

ਪੱਛਮੀ ਬੰਗਾਲ ਦੀ ਬ੍ਰਹਮਾਪੁਰ ਸੀਟ ਤੋਂ ਚੋਣ ਲੜਨ ਵਾਲੇ ਅਧੀਰ ਰੰਜਨ ਚੌਧਰੀ 1999 ਤੋਂ ਲਗਾਤਾਰ 5 ਵਾਰ ਇਸ ਸੀਟ ਤੋਂ ਸੰਸਦ ਮੈਂਬਰ ਰਹੇ ਹਨ। ਇਸ ਸੀਟ ’ਤੇ ਅੱਜ ਤੱਕ ਕੋਈ ਵੀ ਉਨ੍ਹਾਂ ਨੂੰ ਨਹੀਂ ਹਰਾ ਸਕਿਆ। ਉਹ ਛੇਵੀਂ ਵਾਰ ਚੋਣ ਲੜ ਰਹੇ ਹਨ।

ਬਾਰਾਮਤੀ ’ਚ ਨਣਾਨ ਤੇ ਭਾਬੀ ’ਚ ਮੁਕਾਬਲਾ
ਤੀਜੇ ਪੜਾਅ ’ਚ ਮਹਾਰਾਸ਼ਟਰ ਦੀ ਸਭ ਤੋਂ ਹਾਈ ਪ੍ਰੋਫਾਈਲ ਸੀਟ ਬਾਰਾਮਤੀ ’ਚ ਵੀ ਚੋਣਾਂ ਹੋਣਗੀਆਂ। ਇਸ ਸੀਟ ’ਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਸ਼ਰਦ ਪਵਾਰ ਦੀ ਬੇਟੀ ਸੁਪ੍ਰਿਆ ਸੁਲੇ ਖਿਲਾਫ ਚੋਣ ਲੜ ਰਹੀ ਹੈ। ਅਜੀਤ ਤੇ ਸੁਪ੍ਰਿਆ ਚਚੇਰੇ ਭਰਾ-ਭੈਣ ਹਨ। ਰਿਸ਼ਤੇ ਤੋਂ ਸੁਪ੍ਰਿਆ ਤੇ ਸੁਨੇਤਰਾ ਨਣਾਨ ਤੇ ਭਾਬੀ ਹਨ। ਸੁਪ੍ਰਿਆ 2009, 2014 ਤੇ 2019 ’ਚ ਇੱਥੋਂ ਜਿੱਤੀ ਸੀ।

ਸੁਨੇਤਰਾ ਪਹਿਲੀ ਵਾਰ ਚੋਣ ਲੜ ਰਹੀ ਹੈ। ਮਹਾਰਾਸ਼ਟਰ ਦੀ ਇਸ ਸੀਟ ਦਾ ਨਤੀਜਾ ਪਵਾਰ ਪਰਿਵਾਰ ਦੇ ਨਾਲ-ਨਾਲ ਮਹਾਰਾਸ਼ਟਰ ਦੀ ਸਿਆਸੀ ਸਥਿਤੀ ਵੀ ਤੈਅ ਕਰੇਗਾ ਕਿਉਂਕਿ ਇਸ ਸੀਟ ਨੂੰ ਜਿੱਤਣ ਲਈ ਅਜੀਤ ਪਵਾਰ ਅਤੇ ਸ਼ਰਦ ਪਵਾਰ ਲਗਾਤਾਰ ਮਿਹਨਤ ਕਰ ਰਹੇ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

Credit : www.jagbani.com

  • TODAY TOP NEWS