ਲੋਕਾਂ ਲਈ ਬੇਹੱਦ ਅਹਿਮ ਖ਼ਬਰ, ਚੰਡੀਗੜ੍ਹ ਪੀ. ਜੀ. ਆਈ. ਤੇ ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ

ਲੋਕਾਂ ਲਈ ਬੇਹੱਦ ਅਹਿਮ ਖ਼ਬਰ, ਚੰਡੀਗੜ੍ਹ ਪੀ. ਜੀ. ਆਈ. ਤੇ ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ

ਚੰਡੀਗੜ੍ਹ : ਮਈ ਦੇ ਮਹੀਨੇ ਵਿਚ ਵਧਦੇ ਤਾਪਮਾਨ ਨੂੰ ਧਿਆਨ ਵਿਚ ਰੱਖਦਿਆਂ ਸਿਹਤ ਵਿਭਾਗ ਨੇ ਤੇਜ਼ ਗਰਮੀ ਤੇ ਲੂ ਤੋਂ ਬਚਾਅ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਚੰਡੀਗੜ੍ਹ ਪੀ. ਜੀ. ਆਈ. ਦੇ ਮਾਹਿਰਾਂ ਵਲੋਂ ਲੋਕਾਂ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਲੋਕਾਂ ਨੂੰ ਗਰਮੀ ਦੇ ਸਿੱਧੇ ਸੰਪਰਕ ਤੋਂ ਬਚਣ ਲਈ ਕਿਹਾ ਗਿਆ ਹੈ। ਹਲਕੇ ਰੰਗ ਦੇ ਢਿੱਲੇ ਅਤੇ ਸੂਤੀ ਕੱਪੜੇ ਪਾਉਣ, ਛੱਤਰੀ, ਟੋਪੀ ਅਤੇ ਐਨਕਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਵੱਧ ਤੋਂ ਵੱਧ ਪਾਣੀ ਪੀਣ ਅਤੇ ਠੰਢੀ ਥਾਂ ’ਤੇ ਰਹਿਣ ਲਈ ਕਿਹਾ ਗਿਆ ਹੈ।

ਮੌਸਮ ਵਿਭਾਗ ਦੇ ਡਾਇਰੈਕਟਰ ਏ.ਕੇ. ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਵੀ ਸ਼ਹਿਰ ਵਿਚ ਤੇਜ਼ ਗਰਮੀ ਰਹੀ। ਹੁਣ ਤਕ ਵੱਧ ਤੋਂ ਵੱਧ ਤਾਪਮਾਨ 39.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 2 ਡਿਗਰੀ ਵੱਧ ਸੀ। ਘੱਟੋ-ਘੱਟ ਤਾਪਮਾਨ 22.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਇਕ ਡਿਗਰੀ ਸੈਲਸੀਅਸ ਘੱਟ ਸੀ। ਸ਼ਹਿਰ ਵਾਸੀਆਂ ਨੂੰ ਆਉਣ ਵਾਲੇ ਦਿਨਾਂ ਵਿਚ ਵੀ ਗਰਮੀ ਤੋਂ ਰਾਹਤ ਨਹੀਂ ਮਿਲਣ ਵਾਲੀ। ਚੰਡੀਗੜ੍ਹ ਮੌਸਮ ਕੇਂਦਰ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਦਿਨ ਭਰ ਤੇਜ਼ ਧੁੱਪ ਰਹੇਗੀ ਅਤੇ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 39 ਤੋਂ 40 ਡਿਗਰੀ ਦੇ ਆਸ-ਪਾਸ ਰਿਕਾਰਡ ਕੀਤਾ ਜਾ ਸਕਦਾ ਹੈ। ਘੱਟੋ-ਘੱਟ ਤਾਪਮਾਨ ਵਿਚ ਵੀ ਵਾਧਾ ਦੇਖਿਆ ਜਾਵੇਗਾ ਅਤੇ ਇਹ 23 ਡਿਗਰੀ ਸੈਲਸੀਅਸ ਦਰਜ ਕੀਤਾ ਜਾ ਸਕਦਾ ਹੈ। ਆਉਣ ਵਾਲੇ ਦਿਨਾਂ ’ਚ ਤਾਪਮਾਨ 40 ਡਿਗਰੀ ਨੂੰ ਵੀ ਪਾਰ ਕਰ ਜਾਵੇਗਾ।

ਐਡਵਾਇਜ਼ਰੀ ਵਿਚ ਸਿਹਤ ਵਿਭਾਗ ਵੱਲੋਂ ਬਾਹਰ ਜਾਣ ਵਾਲੇ ਲੋਕਾਂ ਦੇ ਨਾਲ-ਨਾਲ ਘਰ ਵਿਚ ਰਹਿਣ ਵਾਲਿਆਂ ਲਈ ਵੀ ਜ਼ਰੂਰੀ ਜਾਣਕਾਰੀ ਦਿੱਤੀ ਗਈ ਹੈ, ਜਿਸ ਵਿਚ ਇਹ ਕਿਹਾ ਗਿਆ ਹੈ ਕਿ ਦਿਨ ਵੇਲੇ ਖਿੜਕੀਆਂ ਅਤੇ ਪਰਦੇ ਬੰਦ ਰੱਖੇ ਜਾਣ, ਖਾਸ ਕਰਕੇ ਇਮਾਰਤਾਂ ਦੇ ਧੁੱਪ ਵਾਲੇ ਹਿੱਸਿਆਂ ਵਿਚ। ਰਾਤ ਨੂੰ ਖਿੜਕੀਆਂ ਖੋਲ੍ਹੋ ਤਾਂ ਜੋ ਠੰਡੀ ਹਵਾ ਚੱਲ ਸਕੇ। ਇਸ ਦੇ ਨਾਲ ਹੀ ਅਲਕੋਹਲ, ਕੈਫੀਨ ਵਾਲੇ ਪੀਣ ਵਾਲੇ ਪਦਾਰਥਾਂ ਤੋਂ ਬਚਣ ਅਤੇ ਨਾਰੀਅਲ ਪਾਣੀ, ਨਿੰਬੂ ਪਾਣੀ ਅਤੇ ਅਜਿਹੇ ਹੋਰ ਪੀਣ ਵਾਲੇ ਪਦਾਰਥਾਂ ਦਾ ਜ਼ਿਆਦਾ ਸੇਵਨ ਕਰਨ ਦੀ ਸਲਾਹ ਦਿੱਤੀ ਗਈ ਹੈ।

ਸਰੀਰ ਨੂੰ ਹਾਈਡੇਟ ਰੱਖਣ ਲਈ ਜ਼ਿਆਦਾ ਪਾਣੀ ਪੀਓ : ਡਾ. ਨੈਨਸੀ

ਡਾ. ਨੈਨਸੀ ਸਾਹਨੀ ਚੀਫ਼ ਡਾਇਟੀਸ਼ੀਅਨ ਪੀ.ਜੀ.ਆਈ. ਨੇ ਗੱਲਬਾਤ ਦੌਰਾਨ ਦੱਸਿਆ ਕਿ ਮੌਸਮ ਦੇ ਬਦਲਣ ’ਤੇ ਗਰਮੀ ਜਾਂ ਲੂ ਲੱਗਣ ’ਤੇ ਲੋਕਾਂ ਨੂੰ ਸਭ ਤੋਂ ਪਹਿਲਾਂ ਚਾਹੀਦਾ ਹੈ ਕਿ ਸਰੀਰ ਨੂੰ ਹਾਈਡਰੇਟ ਰੱਖਣ ਜਿਵੇਂ ਕਿ ਘਰੋਂ ਨਿਕਲਣ ਤੋਂ ਪਹਿਲਾਂ ਪਾਣੀ ਜ਼ਿਆਦਾ ਪੀਣਾ, ਨਾਰੀਅਲ ਪਾਣੀ, ਸੱਤੂ, ਲੱਸੀ, ਨਿੰਬੂ ਪਾਣੀ ਇਹੋ ਜਿਹੀਆਂ ਚੀਜ਼ਾਂ ਪੀ ਕੇ ਨਿਕਲਣ ਜਿਸ ਨਾਲ ਸਰੀਰ ਨੂੰ ਪ੍ਰੋਟੀਨ ਵੀ ਮਿਲ ਸਕੇ। ਇਸ ਤੋਂ ਇਲਾਵਾ ਲੋਕਾਂ ਨੂੰ ਜੰਕ ਫੂਡ ਦੀ ਬਜਾਏ ਭੋਜਨ ਵਿਚ ਹਰੀਆਂ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਵੇਂ ਕਿ ਮੌਸਮੀ ਸਬਜ਼ੀਆਂ ਘੀਆ, ਟਿੰਡੇ, ਕੱਦੂ, ਤੋਰੀਆਂ ਆਦਿ ਨੂੰ ਖਾਣੇ ਵਿਚ ਸ਼ਾਮਲ ਕਰਨਾ ਜ਼ਰੂਰੀ ਹੈ। ਇਨ੍ਹਾਂ ਸਬਜ਼ੀਆਂ ਦੀ ਭੋਜਨ ਵਿਚ ਵਰਤੋਂ ਕਰਨ ’ਤੇ ਸਰੀਰ ਵਿਚ ਤਾਕਤ ਬਣੀ ਰਹਿੰਦੀ ਹੈ। ਲੋਕਾਂ ਨੂੰ ਤਾਜ਼ਾ ਖਾਣਾ ਤੇ ਤਾਜ਼ੇ ਫੱਲ ਹੀ ਖਾਣ ਦੀ ਸਲਾਹ ਦਿੱਤੀ ਗਈ।

ਗਰਮੀਆਂ 'ਚ ਬਾਹਰ ਜਾਣ ਸਮੇਂ ਸਰੀਰ 'ਤੇ ਸਨਸਕ੍ਰੀਨ ਕ੍ਰੀਮ ਲਗਾ ਕੇ ਹੀ ਨਿਕਲੋ : ਡਾ. ਕੁਮਾਰਣ 

ਪੀ.ਜੀ.ਆਈ. ਦੇ ਡਾ. ਕੁਮਾਰਣ ਸੇਂਦਿਲ ਚਮੜੀ ਵਿਭਾਗ ਦੇ ਮਾਹਿਰ ਨੇ ਦੱਸਿਆ ਕਿ ਸੂਰਜ ਦੀ ਤੇਜ਼ ਕਿਰਨਾਂ ਨਾਲ ਚਮੜੀ ’ਤੇ ਖੁਸ਼ਕੀ, ਖੁਜਲੀ ਹੋਣਾ, ਦਾਣੇ ਹੋਣਾ ਤੇ ਹੋਰ ਖ਼ਤਰਨਾਕ ਪ੍ਰਭਾਵ ਪੈ ਸਕਦੇ ਹਨ। ਲੋਕਾਂ ਲਈ ਜ਼ਰੂਰੀ ਹੈ ਕਿ ਉਹ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਘਰੋਂ ਬਾਹਰ ਨਾ ਨਿਕਲਣ ਦੀ ਕੋਸ਼ਿਸ਼ ਕਰਨ। ਬਹੁਤ ਜ਼ਰੂਰੀ ਹੋਣ ’ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ। ਇਸ ਤੋਂ ਇਲਾਵਾਂ ਪੂਰੀ ਬਾਹਾਂ ਵਾਲੇ ਕੱਪੜੇ ਪਾਓ ਅਤੇ ਐਨਕਾਂ ਦੀ ਵਰਤੋਂ ਕਰੋ। ਰੋਜ਼ਾਨਾ ਸਨਸਕ੍ਰੀਨ ਕਰੀਮ ਲਾਉਣਾ ਜ਼ਰੂਰੀ ਹੈ। ਸਨਸਕ੍ਰੀਨ ਖਰੀਦਣ ਵੇਲੇ ਲੇਬਲ ਦੀ ਜਾਂਚ ਕਰੋ ਕਿ ਕਿਹੜੀ ਸਨਸਕ੍ਰੀਨ ਤੁਹਾਡੀ ਚਮੜੀ ਲਈ ਸਭ ਤੋਂ ਵਧੀਆ ਹੈ ਜਦੋਂ ਤੁਸੀਂ ਬਾਹਰ ਹੁੰਦੇ ਹੋ ਤਾਂ ਹਰ ਦੋ ਤੋਂ ਤਿੰਨ ਘੰਟਿਆਂ ਬਾਅਦ ਆਪਣੀ ਸਨਸਕ੍ਰੀਨ ਕਰੀਮ ਨੂੰ ਦੁਬਾਰਾ ਲਗਾਓ। ਆਪਣੇ ਚਿਹਰੇ ਤੋਂ ਇਲਾਵਾ, ਗਰਦਨ, ਹੱਥਾਂ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਲੋੜੀਂਦੀ ਮਾਤਰਾ ਵਿਚ ਸਨਸਕ੍ਰੀਨ ਲਗਾਓ। ਬਾਹਰੋਂ ਆਉਣ ਤੋਂ ਬਾਅਦ ਆਪਣੇ ਚਿਹਰੇ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਬਰਫ਼ ਲਗਾਓ। ਇਸ ਨਾਲ ਤੁਹਾਡੀ ਚਮੜੀ ਨੂੰ ਤੁਰੰਤ ਆਰਾਮ ਮਿਲੇਗਾ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS