ਔਖੇ ਫਾਰਮੂਲਿਆਂ ਨੂੰ ਹਊਆ ਮੰਨਣ ਵਾਲੇ PSEB ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਪੜ੍ਹੋ ਪੂਰੀ ਖ਼ਬਰ

ਔਖੇ ਫਾਰਮੂਲਿਆਂ ਨੂੰ ਹਊਆ ਮੰਨਣ ਵਾਲੇ PSEB ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਪੜ੍ਹੋ ਪੂਰੀ ਖ਼ਬਰ

ਮੋਹਾਲੀ : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾਉਣ ਦੇ ਨਵੇਂ-ਨਵੇਂ ਤਰੀਕੇ ਲੱਭੇ ਜਾ ਰਹੇ ਹਨ ਤਾਂ ਜੋ ਵਿਦਿਆਰਥੀ ਖੇਡ-ਖੇਡ 'ਚ ਹੀ ਆਪਣੇ ਵਿਸ਼ੇ ਦੀ ਮੁਕੰਮਲ ਜਾਣਕਾਰੀ ਹਾਸਲ ਕਰ ਸਕਣ। ਜਦੋਂ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਆਈ. ਏ. ਐੱਸ. ਹੁੰਦੇ ਸਨ, ਉਸ ਵੇਲੇ ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਕਾਫੀ ਵਧੀਆ ਕੰਮ ਕੀਤਾ ਸੀ ਅਤੇ ਉਦੋਂ ਤੋਂ ਇਹ ਪਰੰਪਰਾ ਅੱਗੇ ਚੱਲਦੀ ਆ ਰਹੀ ਹੈ। ਬਾਲੀਵੁੱਡ ਦੇ ਸਟਾਰ ਕਲਾਕਾਰ ਸਲਮਾਨ ਖਾਨ ਦੀ ਇੱਕ ਗੈਰ ਸਰਕਾਰੀ ਸੰਸਥਾ ਖਾਨ ਅਕੈਡਮੀ ਵੱਲੋਂ ਪੰਜਾਬ ਦੇ ਸਿੱਖਿਆ ਵਿਭਾਗ ਨਾਲ ਮਿਲ ਕੇ ਅਧਿਆਪਕਾਂ ਨੂੰ ਸਰਲ ਤਰੀਕੇ ਨਾਲ ਵਿਸ਼ੇ ਪੜ੍ਹਾਉਣ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ।

ਇਸ ਦੇ ਤਹਿਤ ਹੀ ਪੰਜਾਬ ਸਿੱਖਿਆ ਵਿਭਾਗ ਵੱਲੋਂ ਗਣਿਤ ਵਿਸ਼ੇ ਨੂੰ ਹੋਰ ਵੀ ਸੌਖਾ ਬਣਾ ਕੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਖਾਨ ਅਕੈਡਮੀ ਤੋਂ ਵਿਸ਼ੇਸ਼ ਟ੍ਰੇਨਿੰਗ ਦਿਵਾਈ ਜਾ ਰਹੀ ਹੈ। ਟ੍ਰੇਨਿੰਗ ਦਾ ਇਹ ਸਿਲਸਿਲਾ 9 ਮਈ ਤੱਕ ਜਾਰੀ ਰਹੇਗਾ। ਉਸ ਤੋਂ ਬਾਅਦ ਇਹ ਵਿਸ਼ੇਸ਼ ਟ੍ਰੇਨਿੰਗ ਹਾਸਲ ਕਰਕੇ ਆਏ ਗਣਿਤ ਦੇ ਅਧਿਆਪਕ ਵਿਦਿਆਰਥੀਆਂ ਨੂੰ ਸਰਲ ਭਾਸ਼ਾ ਅਤੇ ਸਰਲ ਤਰੀਕੇ ਨਾਲ ਗਣਿਤ ਵਿਸ਼ਾ ਪੜ੍ਹਾ ਸਕਣਗੇ। ਗਣਿਤ ਦੇ ਅਧਿਆਪਕਾਂ ਨੂੰ ਖੇਡ-ਖੇਡ ‘ਚ ਵਿਦਿਆਰਥੀਆਂ ਨੂੰ ਗਣਿਤ ਦੀਆਂ ਮੁਸ਼ਕਲ ਸਮੱਸਿਆਵਾਂ ਨੂੰ ਹੱਲ ਕਰਨ ਦੇ ਟਿਪਸ ਦਿੱਤੇ ਜਾ ਰਹੇ ਹਨ। ਖਾਨ ਅਕੈਡਮੀ ਵੱਲੋਂ ਦਿੱਤੀ ਜਾ ਰਹੀ ਇਸ ਵਿਸ਼ੇਸ਼ ਸਿਖਲਾਈ ਵਿੱਚ ਸਾਰੇ ਸਕੂਲਾਂ ਦੇ ਮੁਖੀਆਂ, ਗਣਿਤ ਲੈਕਚਰਾਰਾਂ ਅਤੇ ਗਣਿਤ ਅਧਿਆਪਕਾਂ ਨੂੰ ਸ਼ਾਮਲ ਕੀਤਾ ਗਿਆ ਹੈ। 

ਹੁਣ ਤੱਕ ਇਹ ਮੰਨਿਆ ਜਾਂਦਾ ਸੀ ਕਿ ਗਣਿਤ ਵਿਸ਼ਾ ਵਿਦਿਆਰਥੀਆਂ ਲਈ ਇੱਕ ਹਊਆ ਬਣ ਜਾਂਦਾ ਹੈ ਅਤੇ ਜ਼ਿਆਦਾਤਰ ਵਿਦਿਆਰਥੀ ਗਣਿਤ ਤੋਂ ਕਿਨਾਰਾ ਕਰਦੇ ਹਨ ਪਰ ਹੁਣ ਦਿਲਚਸਪ ਅਤੇ ਆਸਾਨ ਤਰੀਕੇ ਨਾਲ ਜਦੋਂ ਗਣਿਤ ਦੀ ਪੜ੍ਹਾਈ ਕਰਵਾਈ ਜਾਵੇਗੀ ਅਤੇ ਕਈ ਹੋਰ ਗਤੀਵਿਧੀਆਂ ਇਸ ਵਿਸ਼ੇ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ ਤਾਂ ਵਿਦਿਆਰਥੀਆਂ ਦੇ ਮਨ ਵਿੱਚੋਂ ਗਣਿਤ ਦਾ ਡਰ ਸਦਾ ਲਈ ਨਿਕਲ ਜਾਵੇਗਾ ਅਤੇ ਉਹ ਚੰਗੀ ਤਰੀਕੇ ਨਾਲ ਪੜ੍ਹਾਈ ਕਰ ਸਕਣਗੇ। ਸਕੂਲਾਂ ਵਿੱਚ ਨਵਾਂ ਸੈਸ਼ਨ ਸ਼ੁਰੂ ਹੋ ਗਿਆ ਹੈ। ਅਜਿਹੇ ‘ਚ ਸੈਸ਼ਨ ਦੀ ਸ਼ੁਰੂਆਤ ‘ਚ ਹੀ ਵਿਭਾਗ ਨੇ ਪੂਰੇ ਸਿਲੇਬਸ ਨੂੰ ਮਹੀਨਿਆਂ ‘ਚ ਵੰਡ ਦਿੱਤਾ। ਅਧਿਆਪਕਾਂ ਨੂੰ ਇੱਕ ਮਹੀਨੇ ਵਿੱਚ ਤੈਅ ਸਿਲੇਬਸ ਪੜ੍ਹਾਉਣਾ ਹੋਵੇਗਾ।

ਇਸ ਦੇ ਪਿੱਛੇ ਕੋਸ਼ਿਸ਼ ਇਹ ਹੁੰਦੀ ਹੈ ਕਿ ਜੇਕਰ ਬੱਚੇ ਨੂੰ ਸਕੂਲ ਛੱਡਣਾ ਪਵੇ ਤਾਂ ਵੀ ਉਸ ਨੂੰ ਕਿਸੇ ਹੋਰ ਥਾਂ ਜਾ ਕੇ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਕਰਾਉਣ ਦੇ ਤਰੀਕੇ ਬਦਲੇ ਜਾਣ ਦੀ ਲੰਬੇ ਸਮੇਂ ਤੋਂ ਲੋੜ ਮਹਿਸੂਸ ਕੀਤੀ ਜਾ ਰਹੀ ਸੀ, ਜਿਸ ਦੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ। ਪ੍ਰੀਖਿਆਵਾਂ ਦਾ ਪੈਟਰਨ ਵੀ ਬਦਲਿਆ ਗਿਆ ਹੈ ਅਤੇ ਸਿਲੇਬਸ ਵਾਲੀਆਂ ਪਾਠ-ਪੁਸਤਕਾਂ ਵਿੱਚ ਵੀ ਵੱਡੇ ਪੱਧਰ 'ਤੇ ਤਬਦੀਲੀਆਂ ਕੀਤੀਆਂ ਗਈਆਂ ਹਨ। ਆਉਣ ਵਾਲੇ ਸਮੇਂ 'ਚ ਇਸ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 

Credit : www.jagbani.com

  • TODAY TOP NEWS