ਨਾਮਜ਼ਦਗੀ ਦਾਖ਼ਲ ਕਰਦੇ ਹੀ ਉਮੀਦਵਾਰਾਂ ਦੇ ਖ਼ਾਤੇ ’ਚ ਜੁੜਨਾ ਸ਼ੁਰੂ ਹੋ ਜਾਵੇਗਾ ਪ੍ਰਚਾਰ ਦਾ ਖ਼ਰਚ

ਨਾਮਜ਼ਦਗੀ ਦਾਖ਼ਲ ਕਰਦੇ ਹੀ ਉਮੀਦਵਾਰਾਂ ਦੇ ਖ਼ਾਤੇ ’ਚ ਜੁੜਨਾ ਸ਼ੁਰੂ ਹੋ ਜਾਵੇਗਾ ਪ੍ਰਚਾਰ ਦਾ ਖ਼ਰਚ

ਲੁਧਿਆਣਾ : ਲੋਕ ਸਭਾ ਚੋਣਾਂ ਦੌਰਾਨ ਪੰਜਾਬ ’ਚ ਆਖ਼ਰੀ ਪੜਾਅ ’ਚ ਹੋਣ ਵਾਲੀ ਵੋਟਿੰਗ ਨੂੰ ਲੈ ਕੇ ਉਮੀਦਵਾਰਾਂ ਦੇ ਨਾਮਜ਼ਦਗੀ ਦਾਖ਼ਲ ਕਰਨ ਦੀ ਪ੍ਰਕਿਰਿਆ ਮੰਗਲਵਾਰ ਨੂੰ ਸ਼ੁਰੂ ਹੋ ਗਈ ਹੈ। ਭਾਵੇਂ ਪਹਿਲੇ ਦਿਨ ਲੁਧਿਆਣਾ ’ਚ ਕਿਸੇ ਉਮੀਦਵਾਰ ਵੱਲੋਂ ਨਾਮਜ਼ਦਗੀ ਦਾਖ਼ਲ ਨਹੀਂ ਕੀਤਾ ਗਿਆ ਹੈ ਪਰ ਚੋਣ ਕਮਿਸ਼ਨ ਵੱਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਨਾਮਜ਼ਦਗੀ ਦਾਖ਼ਲ ਕਰਨ ਦੇ ਨਾਲ ਹੀ ਉਮੀਦਵਾਰਾਂ ਦੇ ਖ਼ਾਤੇ ’ਚ ਪ੍ਰਚਾਰ ਦਾ ਖ਼ਰਚ ਜੁੜਨਾ ਸ਼ੁਰੂ ਹੋ ਜਾਵੇਗਾ। ਇਸ ਤੋਂ ਪਹਿਲਾਂ ਇਹ ਖ਼ਰਚ ਸਿਆਸੀ ਪਾਰਟੀਆਂ ਦੇ ਅਕਾਊਂਟ ’ਚ ਜੋੜਿਆ ਜਾ ਰਿਹਾ ਸੀ। ਇਸ ਸਬੰਧ ’ਚ ਡੀ. ਸੀ. ਸਾਕਸ਼ੀ ਸਾਹਨੀ ਦਾ ਕਹਿਣਾ ਹੈ ਕਿ ਚੋਣ ਪ੍ਰਚਾਰ ’ਤੇ ਹੋਣ ਵਾਲੇ ਖ਼ਰਚ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਫਾਈਨਲ ਕੀਤੀ ਗਈ ਰੇਟ ਲਿਸਟ ਪਹਿਲਾਂ ਹੀ ਸਿਆਸੀ ਪਾਰਟੀਆਂ ਨੂੰ ਦੇ ਦਿੱਤੀ ਗਈ ਹੈ ਅਤੇ ਹੁਣ ਨਾਮਜ਼ਦਗੀ ਦਾਖ਼ਲ ਕਰਨ ਸਮੇਂ ਵੀ ਉਮੀਦਵਾਰਾਂ ਨੂੰ ਦਿੱਤੀਆਂ ਜਾਣਗੀਆਂ, ਜਿਸ ਦੇ ਆਧਾਰ ’ਤੇ ਉਨ੍ਹਾਂ ਦੇ ਖ਼ਾਤੇ ’ਚ ਖ਼ਰਚ ਦਰਜ ਕਰਨ ਲਈ ਵਿਧਾਨ ਸਭਾ ਏਰੀਆ ਵਾਈਜ਼ ਐੱਸ. ਐੱਸ. ਟੀ. ਅਤੇ ਫਲਾਈਂਗ ਸਕੁਐਡ ਟੀਮਾਂ ਦੀ ਡਿਊਟੀ ਲਗਾਈ ਗਈ ਹੈ।

ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਲਈ ਜੋ ਆਬਜ਼ਰਵਰਾਂ ਦੀ ਨਿਯੁਕਤੀ ਕੀਤੀ ਗਈ ਹੈ, ਉਹ ਲੁਧਿਆਣਾ ਪੁੱਜਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ’ਚ 2 ਆਈ. ਆਰ. ਐੱਸ. ਅਫ਼ਸਰ ਸ਼ਾਮਲ ਹਨ, ਜਿਨ੍ਹਾਂ ਨੂੰ ਉਮੀਦਵਾਰਾਂ ਵੱਲੋਂ 95 ਲੱਖ ਦੀ ਲਿਮਟ ਦੇ ਅੰਦਰ ਖ਼ਰਚ ਕਰਨ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਕਤ ਆਬਜ਼ਰਵਰਾਂ ਵੱਲੋਂ ਮੰਗਲਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਸਬੰਧਿਤ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਆਬਜ਼ਰਵਰਾਂ ਨੂੰ ਕੋਡ ਆਫ ਕੰਡਕਟ ਲਾਗੂ ਕਰਵਾਉਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਵਿਚ ਹੁਣ ਤੱਕ 30 ਕਰੋੜ ਤੋਂ ਜ਼ਿਆਦਾ ਦੀ ਨਕਦੀ, ਸ਼ਰਾਬ, ਨਸ਼ਾ ਅਤੇ ਹੋਰ ਪਾਬੰਦੀਸ਼ੁਦਾ ਸਾਮਾਨ ਜ਼ਬਤ ਕਰਨ ਦਾ ਪਹਿਲੂ ਮੁੱਖ ਰੂਪ ਵਿਚ ਸ਼ਾਮਲ ਹੈ।

Credit : www.jagbani.com

  • TODAY TOP NEWS