ਵੱਡੀ ਖ਼ਬਰ: 3 ਜ਼ਿਲ੍ਹਿਆਂ ’ਚ ਪੈਰਾ-ਮਿਲਟਰੀ ਫੋਰਸ ਦੀਆਂ 5 ਕੰਪਨੀਆਂ ਪਹੁੰਚੀਆਂ, ਲੱਗਣਗੇ ਹਾਈਟੈੱਕ ਨਾਕੇ

ਵੱਡੀ ਖ਼ਬਰ: 3 ਜ਼ਿਲ੍ਹਿਆਂ ’ਚ ਪੈਰਾ-ਮਿਲਟਰੀ ਫੋਰਸ ਦੀਆਂ 5 ਕੰਪਨੀਆਂ ਪਹੁੰਚੀਆਂ, ਲੱਗਣਗੇ ਹਾਈਟੈੱਕ ਨਾਕੇ

ਜਲੰਧਰ–ਸ਼ਹਿਰ ਵਿਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ, ਚੋਰ-ਲੁਟੇਰਿਆਂ ਅਤੇ ਅਪਰਾਧੀਆਂ ’ਤੇ ਨਕੇਲ ਕੱਸਣ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਸ ਨੇ ਸ਼ਹਿਰ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ। ‘ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਜਲੰਧਰ ਜ਼ੋਨ ਦੇ ਡੀ. ਆਈ. ਜੀ. ਐੱਸ. ਭੂਪਤੀ (ਆਈ. ਪੀ. ਐੱਸ.) ਨੇ ਦੱਸਿਆ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੂਰੇ ਜਲੰਧਰ ਜ਼ੋਨ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਲੰਧਰ ਦਿਹਾਤੀ, ਕਪੂਰਥਲਾ ਅਤੇ ਹੁਸ਼ਿਆਰਪੁਰ ਸਮੇਤ ਤਿੰਨਾਂ ਜ਼ਿਲ੍ਹਿਆਂ ਦੇ ਐੱਸ. ਐੱਸ. ਪੀਜ਼ ਦੇ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਤਿੰਨਾਂ ਜ਼ਿਲ੍ਹਿਆਂ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਤਿੰਨਾਂ ਜ਼ਿਲ੍ਹਿਆਂ ਵਿਚ ਪੈਰਾ-ਮਿਲਟਰੀ ਫੋਰਸ ਦੀਆਂ 5 ਕੰਪਨੀਆਂ ਪਹੁੰਚ ਚੁੱਕੀਆਂ ਹਨ ਅਤੇ ਲਗਭਗ 50 ਹੋਰ ਕੰਪਨੀਆਂ ਜਲਦ ਹੀ ਤਿੰਨਾਂ ਜ਼ਿਲ੍ਹਿਆਂ ਵਿਚ ਪਹੁੰਚ ਜਾਣਗੀਆਂ। ਉਨ੍ਹਾਂ ਦੱਸਿਆ ਕਿ ਤਿੰਨਾਂ ਜ਼ਿਲ੍ਹਿਆਂ ਦੇ ਐੱਸ. ਐੱਸ. ਪੀਜ਼ ਨੂੰ ਸੀਨੀਅਰ ਅਧਿਕਾਰੀਆਂ ਸਮੇਤ ਖ਼ੁਦ ਫੀਲਡ ਵਿਚ ਰਹਿਣ ਅਤੇ ਸ਼ੱਕੀ ਲੋਕਾਂ ਅਤੇ ਨਸ਼ਾ ਸਮੱਗਲਰਾਂ ’ਤੇ ਨਜ਼ਰ ਰੱਖ ਕੇ ਉਨ੍ਹਾਂ ’ਤੇ ਨਕੇਲ ਕੱਸਣ ਦੇ ਹੁਕਮ ਦਿੱਤੇ ਗਏ ਹਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਅਤੇ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ, ਕੋਡ ਆਫ਼ ਕੰਡਕਟ ਕਾਰਨ ਤਿੰਨਾਂ ਜ਼ਿਲ੍ਹਿਆਂ ਵਿਚ ਹਾਈਵੇਅ ’ਤੇ ਲਗਭਗ 10 ਹਾਈਟੈੱਕ ਨਾਕੇ ਲਗਾਏ ਜਾ ਰਹੇ ਹਨ।

PunjabKesari

ਉਨ੍ਹਾਂ ਦੱਸਿਆ ਕਿ ਇਨ੍ਹਾਂ ਹਾਈਟੈੱਕ ਨਾਕਿਆਂ ’ਤੇ ਵੱਡੇ-ਵੱਡੇ ਬੈਰੀਕੇਡਜ਼ ਲਗਾ ਕੇ ਅਤੇ ਸਮਾਂ ਬਦਲ-ਬਦਲ ਕੇ ਵਿਸ਼ੇਸ਼ ਨਾਕੇ ਲਗਾਏ ਜਾ ਰਹੇ ਹਨ। ਇਸ ਦੇ ਨਾਲ ਹੀ ਉਥੇ ਆਉਣ-ਜਾਣ ਵਾਲੇ ਵਾਹਨਾਂ ਦੀ ਵੀ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਾਈਟੈੱਕ ਨਾਕਿਆਂ ਤੋਂ ਇਲਾਵਾ ਤਿੰਨਾਂ ਜ਼ਿਲ੍ਹਿਆਂ ਵਿਚ ਵੀ ਸਾਰੇ ਅਧਿਕਾਰੀਆਂ ਨੂੰ ਪੁਲਸ ਫੋਰਸ ਦੇ ਨਾਲ ਪੈਟਰੋਲਿੰਗ ਕਰਨ ਅਤੇ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਅਪਰਾਧੀ ਦੀ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਜਾਵੇ।

PunjabKesari

ਨਸ਼ਾ ਸਮੱਗਲਰਾਂ ’ਤੇ ਦਿਹਾਤ ਪੁਲਸ ਦੀ ਵੱਡੀ ਕਾਰਵਾਈ, ਡੇਢ ਮਹੀਨੇ ’ਚ 52 ਮਾਮਲੇ ਦਰਜ, 67 ਨਸ਼ਾ ਸਮੱਗਲਰ ਗ੍ਰਿਫ਼ਤਾਰ : ਐੱਸ. ਐੱਸ. ਪੀ. ਅੰਕੁਰ ਗੁਪਤਾ
‘ਜਗ ਬਾਣੀ’ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦਿਹਾਤ ਪੁਲਸ ਦੇ ਐੱਸ. ਐੱਸ. ਪੀ. ਅੰਕੁਰ ਗੁਪਤਾ (ਆਈ. ਪੀ. ਐੱਸ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਹਾਤੀ ਇਲਾਕਿਆਂ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਐੱਸ. ਐੱਸ. ਪੀ. ਦਿਹਾਤ ਦਾ ਚਾਰਜ ਸੰਭਾਲੇ ਹਾਲੇ ਉਨ੍ਹਾਂ ਨੂੰ ਕੁਝ ਸਮਾਂ ਹੀ ਹੋਇਆ ਹੈ। ਉਨ੍ਹਾਂ ਨੇ ਸਾਫ਼ ਕਿਹਾ ਕਿ ਚਾਰਜ ਸੰਭਾਲਣ ਦੇ ਨਾਲ ਹੀ ਉਨ੍ਹਾਂ ਨੇ ਦਿਹਾਤੀ ਪੁਲਸ ਦੇ ਸਾਰੇ ਅਧਿਕਾਰੀਆਂ ਨੂੰ ਸਪੱਸ਼ਟ ਤੌਰ ’ਤੇ ਕਿਹਾ ਸੀ ਕਿ ਜੇਕਰ ਕੋਈ ਡਿਊਟੀ ਵਿਚ ਲਾਪ੍ਰਵਾਹੀ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਦਿਹਾਤੀ ਪੁਲਸ ਵਿਚ ਪੈਰਾ-ਮਿਲਟਰੀ ਫੋਰਸ ਦੀਆਂ ਲਗਭਗ 2 ਕੰਪਨੀਆਂ ਪਹੁੰਚ ਚੁੱਕੀਆਂ ਹਨ ਅਤੇ ਲੱਗਭਗ 27 ਕੰਪਨੀਆਂ ਜਲਦ ਹੀ ਹੋਰ ਪਹੁੰਚ ਜਾਣਗੀਆਂ। ਪੈਰਾ-ਮਿਲਟਰੀ ਫੋਰਸ ਦੇ ਜਵਾਨਾਂ ਦੇ ਨਾਲ ਦਿਹਾਤ ਇਲਾਕੇ ਵਿਚ ਰੋਜ਼ਾਨਾ ਅਮਨ-ਸ਼ਾਂਤੀ ਬਣਾਈ ਰੱਖਣ, ਅਪਰਾਧੀਆਂ ਅਤੇ ਸ਼ੱਕੀ ਲੋਕਾਂ ’ਤੇ ਨਕੇਲ ਕੱਸਣ ਲਈ ਵੱਖ-ਵੱਖ ਸਥਾਨਾਂ ’ਤੇ ਫਲੈਗ ਮਾਰਚ ਕੱਢੇ ਜਾ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਦਿਹਾਤ ਪੁਲਸ ਨੇ ਪਿਛਲੇ ਕੁਝ ਸਮੇਂ ਅੰਦਰ ਹੀ ਨਸ਼ਾ ਸਮੱਗਲਰਾਂ ’ਤੇ ਸਖ਼ਤ ਕਾਰਵਾਈ ਕਰਦਿਆਂ 52 ਮਾਮਲੇ ਦਰਜ ਕਰ ਕੇ 67 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਭਾਰੀ ਮਾਤਰਾ ਵਿਚ ਨਸ਼ੇ ਦੀ ਖੇਪ ਬਰਾਮਦ ਕੀਤੀ, ਜਿਸ ਦੀ ਕੌਮਾਂਤਰੀ ਮਾਰਕੀਟ ਵਿਚ ਕੀਮਤ 3 ਕਰੋੜ 4 ਲੱਖ ਦੱਸੀ ਜਾ ਰਹੀ ਹੈ।

PunjabKesari

ਸ਼ਰਾਬ ਸਮੱਗਲਰਾਂ ’ਤੇ ਵੀ ਸਖ਼ਤ ਕਾਰਵਾਈ, 38 ਮਾਮਲੇ ਦਰਜ, 33 ਸ਼ਰਾਬ ਸਮੱਗਲਰ ਗ੍ਰਿਫ਼ਤਾਰ
ਆਪਣੇ ਕੰਮ ਵਿਚ ਤੇਜ਼-ਤਰਾਰ ਮੰਨੇ ਜਾਂਦੇ ਐੱਸ. ਐੱਸ. ਪੀ. ਅੰਕੁਰ ਗੁਪਤਾ ਨੇ ਦੱਸਿਆ ਕਿ ਦਿਹਾਤ ਪੁਲਸ ਨੇ ਪਿਛਲੇ ਕੁਝ ਸਮੇਂ ਅੰਦਰ ਹੀ ਨਸ਼ਾ ਸਮੱਗਲਰਾਂ ਤੋਂ ਇਲਾਵਾ ਸ਼ਰਾਬ ਸਮੱਗਲਰਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦਿਹਾਤ ਪੁਲਸ ਨੇ ਸ਼ਰਾਬ ਸਮੱਗਲਰਾਂ ਖ਼ਿਲਾਫ਼ 38 ਮਾਮਲੇ ਦਰਜ ਕਰ ਕੇ 33 ਸ਼ਰਾਬ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਕਰੀਬ 2 ਕਰੋੜ 16 ਲੱਖ ਰੁਪਏ ਦੀ ਸ਼ਰਾਬ ਬਰਾਮਦ ਕੀਤੀ ਹੈ। ਉਨ੍ਹਾਂ ਸਾਫ ਕਿਹਾ ਕਿ ਦਿਹਾਤ ਇਲਾਕੇ ਨੂੰ ਨਸ਼ਾ ਅਤੇ ਅਪਰਾਧ ਮੁਕਤ ਬਣਾਉਣਾ ਮੇਰਾ ਮੁੱਖ ਟੀਚਾ ਹੈ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਦਿਹਾਤ ਇਲਾਕੇ ਵਿਚ ਕੋਈ ਵੀ ਨਸ਼ੇ ਜਾਂ ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਕਰਦਾ ਹੈ ਤਾਂ ਬੇਝਿਜਕ ਸਾਨੂੰ ਸੂਚਨਾ ਦਿੱਤੀ ਜਾਵੇ। ਸੂਚਨਾ ਮਿਲਣ ਤੋਂ ਬਾਅਦ ਦਿਹਾਤ ਪੁਲਸ ਮੁਲਜ਼ਮ ਵਿਰੁੱਧ ਸਖ਼ਤ ਕਾਰਵਾਈ ਕਰੇਗੀ। ਉਨ੍ਹਾਂ ਦੱਸਿਆ ਕਿ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ।

PunjabKesari

ਮੈਂ ਖ਼ੁਦ ਫੀਲਡ ਵਿਚ ਨਿਕਲ ਕੇ ਲੈ ਰਿਹਾ ਹਾਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
ਐੱਸ. ਐੱਸ. ਪੀ. ਅੰਕੁਰ ਗੁਪਤਾ ਨੇ ਦੱਸਿਆ ਕਿ ਚੋਣ ਸੀਜ਼ਨ ਕਾਰਨ ਦਿਹਾਤੀ ਵਿਚ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਦਿਹਾਤ ਪੁਲਸ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਉਹ ਖ਼ੁਦ ਵੀ ਰਾਤ ਨੂੰ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਫੀਲਡ ਵਿਚ ਨਿਕਲ ਰਹੇ ਹਨ। ਉਨ੍ਹਾਂ ਦੱਸਿਆ ਕਿ ਦਿਹਾਤ ਇਲਾਕੇ ਵਿਚ ਸੀਨੀਅਰ ਅਧਿਕਾਰੀ ਵੀ ਖੁਦ ਫੀਲਡ ਵਿਚ ਰਹਿ ਕੇ ਸੁਰੱਖਿਆ ਪ੍ਰਬੰਧਾਂ ਨੂੰ ਵੇਖ ਰਹੇ ਹਨ। ਉਨ੍ਹਾਂ ਸਾਫ ਕਿਹਾ ਕਿ ਉਹ ਸਰਪ੍ਰਾਈਜ਼ ਚੈਕਿੰਗ ਲਈ ਕਿਸੇ ਨੂੰ ਬਿਨਾਂ ਦੱਸੇ ਫੀਲਡ ਵਿਚ ਨਿਕਲਦੇ ਹਨ ਤਾਂ ਜੋ ਕਿਸੇ ਹੋਰ ਅਧਿਕਾਰੀ ਨੂੰ ਉਨ੍ਹਾਂ ਦੇ ਫੀਲਡ ਵਿਚ ਨਿਕਲਣ ਦਾ ਪਹਿਲਾਂ ਤੋਂ ਪਤਾ ਨਾ ਚੱਲ ਸਕੇ। ਉਨ੍ਹਾਂ ਇਹ ਵੀ ਸਾਫ ਕਿਹਾ ਕਿ ਡਿਊਟੀ ਵਿਚ ਲਾਪ੍ਰਵਾਹੀ ਵਰਤਣ ਵਾਲੇ ਕਿਸੇ ਵੀ ਅਧਿਕਾਰੀ ਜਾਂ ਮੁਲਾਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਵਧੀਆ ਡਿਊਟੀ ਨਿਭਾਉਣ ਵਾਲਿਆਂ ਨੂੰ ਪ੍ਰਸ਼ੰਸਾ-ਪੱਤਰ ਦੇ ਕੇ ਸਨਮਾਨਤ ਕੀਤਾ ਜਾਵੇਗਾ।

PunjabKesari

ਨਾਕਿਆਂ ’ਚ ਕੀਤਾ ਜਾ ਰਿਹਾ ਵਾਧਾ, ਪੁਲਸ ਨੇ ਲਗਭਗ 45 ਲੱਖ ਦਾ ਸੋਨਾ ਵੀ ਕੀਤਾ ਜ਼ਬਤ
ਐੱਸ. ਐੱਸ. ਪੀ. ਦਿਹਾਤ ਅੰਕੁਰ ਗੁਪਤਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਦਿਹਾਤ ਇਲਾਕੇ ਦੇ ਨਾਕਿਆਂ ਵਿਚ ਹੋਰ ਵਾਧਾ ਕੀਤਾ ਜਾ ਰਿਹਾ ਹੈ, ਜਿਸ ਵਿਚ ਪੈਰਾ-ਮਿਲਟਰੀ ਫੋਰਸ ਦੇ ਜਵਾਨਾਂ ਤੋਂ ਇਲਾਵਾ ਦਿਹਾਤ ਪੁਲਸ ਦੇ ਅਧਿਕਾਰੀਆਂ ਨੂੰ ਵੀ ਤਾਇਨਾਤ ਕੀਤਾ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਦਿਹਾਤ ਪੁਲਸ ਦੇ ਕੰਟਰੋਲ ਰੂਮ ਨੂੰ ਵੀ ਐਕਟਿਵ ਕੀਤਾ ਜਾ ਰਿਹਾ ਹੈ। ਕੰਟਰੋਲ ਰੂਮ ਵਿਚ ਕਿਸੇ ਵੀ ਤਰ੍ਹਾਂ ਦੀ ਸੂਚਨਾ ਮਿਲਣ ’ਤੇ ਪੁਲਸ ਅਧਿਕਾਰੀਆਂ ਅਤੇ ਸਬੰਧਤ ਥਾਣੇ ਦੀ ਪੁਲਸ ਨੂੰ ਤੁਰੰਤ ਮੌਕੇ ’ਤੇ ਪਹੁੰਚਣ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਦਿਹਾਤ ਪੁਲਸ ਨੇ ਲਗਭਗ 45 ਲੱਖ ਦਾ ਸੋਨਾ ਵੀ ਜ਼ਬਤ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਉਥੇ ਹੀ, ਆਰਮਜ਼ ਐਕਟ ਅਧੀਨ ਪੁਲਸ ਨੇ 2 ਮਾਮਲੇ ਦਰਜ ਕਰ ਕੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 3 ਦੇਸੀ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਦਿਹਾਤ ਪੁਲਸ ਦੀ ਸਖ਼ਤੀ ਹੋਰ ਵੇਖਣ ਨੂੰ ਮਿਲੇਗੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS