ਵਿਦੇਸ਼ ਜਾਣ ਤੋਂ 10 ਦਿਨ ਬਾਅਦ ਤਰਨਤਾਰਨ ਦੇ ਗੁਰਜੰਟ ਦੀ ਮੌਤ, ਲਾਸ਼ ਦੇਖ ਧਾਹਾਂ ਮਾਰ ਰੋਇਆ ਪਰਿਵਾਰ

ਵਿਦੇਸ਼ ਜਾਣ ਤੋਂ 10 ਦਿਨ ਬਾਅਦ ਤਰਨਤਾਰਨ ਦੇ ਗੁਰਜੰਟ ਦੀ ਮੌਤ, ਲਾਸ਼ ਦੇਖ ਧਾਹਾਂ ਮਾਰ ਰੋਇਆ ਪਰਿਵਾਰ

ਅੰਮ੍ਰਿਤਸਰ : ਖਾੜੀ ਮੁਲਕਾਂ ਅੰਦਰ ਰੱਬ ਦੇ ਫਰਿਸ਼ਤੇ ਵੱਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐੱਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨਾਰਲਾ ਨਾਲ ਸਬੰਧਤ 35 ਸਾਲਾ ਗੁਰਜੰਟ ਸਿੰਘ ਪੁੱਤਰ ਕਾਬਲ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਇੱਕ ਮਾਸੂਮ ਬੱਚੇ ਦਾ ਪਿਤਾ ਗੁਰਜੰਟ ਸਿੰਘ ਵੀ ਹੋਰਨਾਂ ਨੌਜਵਾਨਾਂ ਵਾਂਗ ਆਪਣੇ ਬਿਹਤਰ ਭਵਿੱਖ ਦੇ ਸੁਫਨੇ ਲੈ ਕੇ ਅਜੇ ਬੀਤੀ 21 ਮਾਰਚ ਨੂੰ ਹੀ ਦੁਬਈ ਆਇਆ ਸੀ ਕਿ ਸਿਰਫ 10 ਦਿਨ ਬਾਅਦ ਹੀ 31 ਮਾਰਚ ਨੂੰ ਅਣਕਿਆਸੇ ਹਾਲਾਤ 'ਚ ਉਸਦੀ ਮੌਤ ਹੋ ਗਈ। 

ਡਾ.ਓਬਰਾਏ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਜਦੋਂ ਮ੍ਰਿਤਕ ਦੇ ਵਾਰਸਾਂ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਟੀਮ ਰਾਹੀਂ ਮਿਲ ਕੇ ਆਪਣੇ ਨਾਲ ਹੋਈ ਇਸ ਅਣਹੋਣੀ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਭਾਰਤ ਤੋਂ ਗੁਰਜੰਟ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਨੂੰ ਦੁਬਈ ਬੁਲਾ ਕੇ ਉਸ ਦੇ ਮ੍ਰਿਤਕ ਸਰੀਰ ਦੀ ਪਹਿਚਾਣ ਕਰਵਾਉਣ ਉਪਰੰਤ ਆਪਣੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖ-ਰੇਖ 'ਚ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਗੁਰਜੰਟ ਸਿੰਘ ਦਾ ਮ੍ਰਿਤਕ ਸਰੀਰ ਭਾਰਤ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਗੁਰਜੰਟ ਦਾ ਮ੍ਰਿਤਕ ਸਰੀਰ ਭਾਰਤ ਭੇਜਣ ਲਈ ਆਏ ਖਰਚ ਦੀ ਜ਼ਿੰਮੇਵਾਰੀ ਉਸ ਦੇ ਇੱਕ ਰਿਸ਼ਤੇਦਾਰ ਨੇ ਨਿਭਾਈ ਹੈ। ਡਾ. ਓਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਗੁਰਜੰਟ ਸਿੰਘ ਦੀ ਵਿਧਵਾ ਨੂੰ 1500 ਰੁਪਏ ਜਦ ਕਿ ਅੰਗਹੀਣ ਪਿਤਾ ਨੂੰ 1000 ਰੁਪਏ, ਕੁੱਲ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ।

ਗੁਰਜੰਟ ਦਾ ਮ੍ਰਿਤਕ ਸਰੀਰ ਲੈਣ ਪਹੁੰਚੇ ਉਸ ਦੇ ਬਜ਼ੁਰਗ ਤੇ ਅੰਗਹੀਣ ਪਿਤਾ ਕਾਬਲ ਸਿੰਘ ਤੇ ਮਾਤਾ ਕਸ਼ਮੀਰ ਕੌਰ ਨੇ ਰੋਂਦਿਆਂ ਹੋਇਆਂ ਦੱਸਿਆ ਕਿ ਗੁਰਜੰਟ ਘਰ ਦੀ ਗੁਰਬਤ ਨੂੰ ਦੂਰ ਕਰਨ ਲਈ ਆਪਣੇ ਹਿੱਸੇ ਦੀ ਜ਼ਮੀਨ ਵੇਚ ਕੇ ਦੁਬਈ ਰਾਹੀਂ ਕਿਸੇ ਹੋਰ ਦੇਸ਼ ਜਾਣ ਦੀ ਕੋਸ਼ਿਸ਼ ਵਿਚ ਸੀ ਕਿ ਅਚਾਨਕ ਉਨ੍ਹਾਂ ਨੂੰ ਕਿਸੇ ਦੂਰ ਦੇ ਰਿਸ਼ਤੇਦਾਰ ਦਾ ਫ਼ੋਨ ਆਇਆ ਕਿ ਗੁਰਜੰਟ ਦੀ ਉਸਦੀ ਦੁਬਈ ਵਿਚਲੀ ਰਿਹਾਇਸ਼ ਵਾਲੀ ਬਿਲਡਿੰਗ ਤੋਂ ਡਿੱਗਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਭਰੇ ਗੱਚ ਨਾਲ ਦੱਸਿਆ ਕਿ ਗੁਰਜੰਟ ਆਪਣੇ ਪਿੱਛੇ ਗਰਭਵਤੀ ਪਤਨੀ ਤੋਂ ਇਲਾਵਾ ਇੱਕ ਮਾਸੂਮ ਬੱਚਾ ਛੱਡ ਗਿਆ ਹੈ।

ਪੀੜਤ ਪਰਿਵਾਰ ਨਾਲ ਹਵਾਈ ਅੱਡੇ 'ਤੇ ਦੁੱਖ ਸਾਂਝਾ ਕਰਨ ਪਹੁੰਚੀ ਟਰੱਸਟ ਦੀ ਟੀਮ ਵੱਲੋਂ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮਾਝਾ ਜ਼ੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਜ਼ਿਲ੍ਹਾ ਪ੍ਰਧਾਨ ਸ਼ਿਸ਼ਪਾਲ ਲਾਡੀ, ਜਨਰਲ ਸਕੱਤਰ ਮਨਪ੍ਰੀਤ ਸੰਧੂ ਚਮਿਆਰੀ, ਖਜ਼ਾਨਚੀ ਨਵਜੀਤ ਘਈ, ਮੈਂਬਰ ਜਗਦੇਵ ਸਿੰਘ ਛੀਨਾ ਤੇ ਮੰਗਦੇਵ ਸਿੰਘ ਛੀਨਾ ਨੇ ਦੱਸਿਆ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 355 ਦੇ ਕਰੀਬ ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS