ਗਦਾਈਪੁਰ ’ਚ ਬੈੱਡ ’ਚੋਂ ਮਿਲੀ ਲਾਸ਼ ਵਿਨੋਦ ਦੀ ਨਹੀਂ ਸੇਵਾਮੁਕਤ ਫ਼ੌਜੀ ਦੀ ਨਿਕਲੀ, ਹੈਰਾਨ ਕਰ ਦੇਣ ਵਾਲੇ ਹੋਏ ਖ਼ੁਲਾਸੇ

ਗਦਾਈਪੁਰ ’ਚ ਬੈੱਡ ’ਚੋਂ ਮਿਲੀ ਲਾਸ਼ ਵਿਨੋਦ ਦੀ ਨਹੀਂ ਸੇਵਾਮੁਕਤ ਫ਼ੌਜੀ ਦੀ ਨਿਕਲੀ, ਹੈਰਾਨ ਕਰ ਦੇਣ ਵਾਲੇ ਹੋਏ ਖ਼ੁਲਾਸੇ

ਜਲੰਧਰ- ਗਦਾਈਪੁਰ ’ਚ ਇਕ ਘਰ ਦੇ ਬੈੱਡ ਬਾਕਸ ’ਚੋਂ ਮਿਲੀ ਲਾਸ਼ ਨੂੰ ਲੈ ਕੇ ਵੱਡਾ ਖ਼ੁਲਾਸਾ ਹੋਇਆ ਹੈ। ਪ੍ਰੈੱਸ ਕਾਨਫ਼ਰੰਸ ਕਰਕੇ ਜੁਆਇੰਟ ਸੀ. ਪੀ. ਨੇ ਜਿਸ ਮ੍ਰਿਤਕ ਦਾ ਨਾਂ ਦੱਸਿਆ, ਉਹ ਜ਼ਿੰਦਾ ਹੈ, ਜਦਕਿ ਲਾਸ਼ ਵਿਨੋਦ ਦੀ ਨਹੀਂ ਸਗੋਂ ਬਰਨਾਲਾ ਦੇ ਰਹਿਣ ਵਾਲੇ ਸੇਵਾਮੁਕਤ ਫ਼ੌਜੀ ਅਫਸਰ ਯੋਗਰਾਜ ਖੱਤਰੀ ਦੀ ਨਿਕਲੀ ਹੈ। ਇਹ ਸੱਚ ਹਮੇਸ਼ਾ ਲਈ ਰਹੱਸ ਹੀ ਰਹਿੰਦਾ, ਜੇਕਰ 2 ਮਈ ਤੋਂ ਲਾਪਤਾ ਅੱਧਖੜ ਉਮਰ ਦੇ ਸਾਬਕਾ ਫ਼ੌਜੀ ਅਫ਼ਸਰ ਦੇ ਪਰਿਵਾਰਕ ਮੈਂਬਰ ਬਰਨਾਲਾ ਪੁਲਸ ਦੀ ਮਦਦ ਨਾਲ ਉਸ ਦੀ ਮੋਬਾਇਲ ਲੋਕੇਸ਼ਨ ਨਾ ਕਢਵਾਉਂਦੇ। ਹੋਇਆ ਇੰਝ ਕਿ ਲਗਭਗ 50 ਸਾਲ ਦੇ ਯੋਗਰਾਜ ਖੱਤਰੀ ਨਿਵਾਸੀ ਬਰਨਾਲਾ 2 ਮਈ ਨੂੰ ਕੁਝ ਦਿਨਾਂ ਲਈ ਆਪਣੇ ਪਰਿਵਾਰ ਨੂੰ ਬਾਹਰ ਜਾਣ ਦਾ ਕਹਿ ਕੇ ਘਰੋਂ ਚਲੇ ਸਨ। 2 ਤੋਂ 3 ਮਈ ਤਕ ਉਨ੍ਹਾਂ ਆਪਣੇ ਘਰ 2 ਵਾਰ ਫੋਨ ਕੀਤਾ ਪਰ 3 ਮਈ ਦੀ ਰਾਤ ਤੋਂ ਉਨ੍ਹਾਂ ਦਾ ਮੋਬਾਇਲ ਫੋਨ ਬੰਦ ਆ ਰਿਹਾ ਸੀ। ਪਰਿਵਾਰ ਨੇ ਸਮਝਿਆ ਕਿ ਬੈਟਰੀ ਘੱਟ ਹੋਣ ਕਾਰਨ ਮੋਬਾਇਲ ਬੰਦ ਹੋ ਗਿਆ ਹੋਵੇਗਾ ਪਰ ਉਸ ਤੋਂ ਬਾਅਦ ਮੋਬਾਇਲ ਆਨ ਹੀ ਨਹੀਂ ਹੋਇਆ।

ਆਰਮੀ ਤੋਂ ਰਿਟਾ. ਖੱਤਰੀ ਦੇ ਪਰਿਵਾਰਕ ਮੈਂਬਰ ਰਿਸ਼ਤੇਦਾਰਾਂ ਕੋਲੋਂ ਉਨ੍ਹਾਂ ਦਾ ਸੁਰਾਗ ਲਾਉਣ ’ਚ ਜੁਟ ਗਏ ਪਰ ਇਸੇ ਵਿਚਕਾਰ ਬਰਨਾਲਾ ਪੁਲਸ ਨੂੰ ਸੂਚਨਾ ਵੀ ਦਿੱਤੀ। ਬਰਨਾਲਾ ਪੁਲਸ ਨੇ ਪਹਿਲਾਂ ਤਾਂ ਕੋਈ ਸਾਰ ਨਹੀਂ ਲਈ ਪਰ ਮਾਮਲਾ ਸਾਬਕਾ ਫ਼ੌਜੀ ਅਫ਼ਸਰ ਦਾ ਸੀ, ਜਿਸ ਕਾਰਨ ਪੁਲਸ ਨੇ ਉਨ੍ਹਾਂ ਦੇ ਮੋਬਾਇਲ ਦੀ ਆਖਰੀ ਲੋਕੇਸ਼ਨ, ਸੀ. ਡੀ. ਆਰ. (ਕਾਲ ਡਿਟੇਲ ਰਿਕਾਰਡ) ਆਦਿ ਕਢਵਾਈ ਤਾਂ ਪਤਾ ਲੱਗਾ ਕਿ 2 ਮਈ ਤੋਂ ਯੋਗਰਾਜ ਖੱਤਰੀ ਜਲੰਧਰ ਦੇ ਗਦਾਈਪੁਰ ਦੀ ਗਲੀ ਨੰ. 2 ’ਚ ਸਥਿਤ ਇਕ ਘਰ ’ਚ ਰੁਕੇ ਹੋਏ ਸਨ। ਉਨ੍ਹਾਂ 2 ਅਤੇ 3 ਮਈ ਨੂੰ ਘਰ ਜੋ ਫੋਨ ਕੀਤੇ ਸਨ, ਉਹ ਗਦਾਈਪੁਰ ਤੋਂ ਹੀ ਕੀਤੇ ਸਨ।

PunjabKesari

ਪੁਲਸ ਨੂੰ ਮਾਮਲਾ ਗੰਭੀਰ ਲੱਗਾ ਤਾਂ ਯੋਗਰਾਜ ਦੇ ਬੇਟੇ ਅਤੇ ਹੋਰ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਬਰਨਾਲਾ ਪੁਲਸ ਗਦਾਈਪੁਰ ਪੁੱਜੀ। ਗਦਾਈਪੁਰ ਦੇ ਮਾਰਕੀਟ ਦੇ ਦੁਕਾਨਦਾਰਾਂ ਨੂੰ ਉਨ੍ਹਾਂ ਯੋਗਰਾਜ ਦੀਆਂ ਤਸਵੀਰਾਂ ਵਿਖਾਈਆਂ ਤਾਂ ਪਤਾ ਲੱਗਾ ਕਿ ਕੁਝ ਦਿਨ ਪਹਿਲਾਂ ਇਸ ਵਿਅਕਤੀ ਨੂੰ ਉਨ੍ਹਾਂ ਕਤਲ ਦੇ ਦੋਸ਼ ’ਚ ਫੜੀ ਗਈ ਹਿਮਾਚਲੀ ਦੇਵੀ ਨਾਲ ਵੇਖਿਆ ਸੀ ਅਤੇ ਉਦੋਂ ਯੋਗਰਾਜ ਨੇ ਟੋਪੀ ਵੀ ਪਹਿਨੀ ਹੋਈ ਸੀ। ਇਹ ਮਾਮਲਾ ਥਾਣਾ ਨੰ. 8 ਦੀ ਪੁਲਸ ਦੇ ਧਿਆਨ ’ਚ ਆਇਆ ਤਾਂ ਇਕ ਵਾਰ ਪੁਲਸ ਵੀ ਹੈਰਾਨ ਹੋ ਗਈ ਕਿ ਹਿਮਾਚਲੀ ਨੇ ਇਹ ਝੂਠ ਕਿਉਂ ਬੋਲਿਆ। ਪੁਲਸ ਅਧਿਕਾਰੀ ਇਸ ਕਤਲ ਦੇ ਮਾਮਲੇ ਨੂੰ 24 ਘੰਟਿਆਂ ਅੰਦਰ ਟਰੇਸ ਕਰਨ ਸਬੰਧੀ ਪ੍ਰੈੱਸ ਕਾਨਫ਼ਰੰਸ ਵੀ ਕਰ ਚੁੱਕੇ ਸਨ। ਅਜਿਹੇ ’ਚ ਪੁਲਸ ਨੇ ਸਿਵਲ ਹਸਪਤਾਲ ਲਿਜਾ ਕੇ ਗਦਾਈਪੁਰ ’ਚ ਹਿਮਾਚਲੀ ਦੇ ਘਰੋਂ ਮਿਲੀ ਲਾਸ਼ ਦੀ ਪਛਾਣ ਕਰਵਾਉਣੀ ਚਾਹੀ ਤਾਂ ਮ੍ਰਿਤਕ ਦੇ ਬੇਟੇ ਨੇ ਉਹ ਲਾਸ਼ ਆਪਣੇ ਪਿਤਾ ਦੀ ਦੱਸੀ। ਪੁਲਸ ਵੀ ਹੈਰਾਨ ਸੀ। ਪਤਾ ਲੱਗਾ ਕਿ ਹਿਮਾਚਲੀ ਨੇ ਪੁਲਸ ਨੂੰ ਗੁੰਮਰਾਹ ਕੀਤਾ ਅਤੇ ਆਪਣੇ ਜਾਲ ’ਚ ਫਸਾ ਲਿਆ। ਦਰਅਸਲ ਹਿਮਾਚਲੀ ਨੇ ਮ੍ਰਿਤਕ ਦਾ ਨਾਂ ਗਲਤ ਦੱਸਿਆ ਸੀ ਅਤੇ ਲਾਸ਼ ਜਿਸ ਵਿਨੋਦ ਕੁਮਾਰ ਨਕੁਲ ਦੀ ਦੱਸੀ ਗਈ, ਉਹ ਉਸ ਦੇ ਕਥਿਤ ਪਤੀ ਦੇ ਸਕੇ ਭਰਾ ਦਾ ਨਾਂ ਹੈ ਅਤੇ ਉਹ ਜ਼ਿੰਦਾ ਹੈ। ਪੁਲਸ ਹੁਣ ਆਪਣੇ ਦਸਤਾਵੇਜ਼ਾਂ ’ਤੇ ਮ੍ਰਿਤਕ ਦਾ ਨਾਂ ਠੀਕ ਕਰਵਾਏਗੀ ਅਤੇ ਲਾਸ਼ ਦਾ ਸ਼ੁੱਕਰਵਾਰ ਨੂੰ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।

ਦੂਜੇ ਪਾਸੇ ਥਾਣਾ ਨੰ. 8 ਦੇ ਇੰਚਾਰਜ ਗੁਰਮੀਤ ਸਿੰਘ ਨੇ ਕਿਹਾ ਕਿ ਹੁਣ ਟੈਕਨੀਕਲ ਐਵੀਡੈਂਸ ਨਾਲ ਜਾਂਚ ਕੀਤੀ ਜਾਵੇਗੀ। ਹਿਮਾਚਲੀ ਅਤੇ ਉਸ ਦਾ ਕਿਰਾਏਦਾਰ ਸਨੋਜ ਰਿਮਾਂਡ ਅਧੀਨ ਹੈ। ਹੁਣ ਹਿਮਾਚਲੀ ਤੋਂ ਇਹ ਪੁੱਛਗਿੱਛ ਹੋਵੇਗੀ ਕਿ ਉਸ ਨੇ ਯੋਗਰਾਜ ਖੱਤਰੀ ਦਾ ਕਤਲ ਕਿਉਂ ਕੀਤਾ। ਇਹ ਕਤਲ ਸੀ ਕਿ ਕਿਸੇ ਚੀਜ਼ ਦੀ ਓਵਰਡੋਜ਼ ਕਾਰਨ ਉਨ੍ਹਾਂ ਦੀ ਮੌਤ ਹੋਈ, ਹੁਣ ਇਹ ਵੀ ਜਾਂਚ ਦਾ ਹਿੱਸਾ ਹੈ।

ਇਕ ਹਫ਼ਤਾ ਅੰਬਾਲਾ ’ਚ ਰਹਿਣ ਜਾਂਦੀ ਸੀ ਹਿਮਾਚਲੀ
ਹੁਣ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਹਿਮਾਚਲੀ ਪਿਛਲੇ ਲਗਭਗ 6 ਮਹੀਨਿਆਂ ਤੋਂ ਅਕਸਰ ਅੰਬਾਲਾ ਜਾਂਦੀ ਰਹਿੰਦੀ ਸੀ। ਉਹ ਲੋਕਾਂ ਨੂੰ ਦੱਸਦੀ ਕਿ ਕਿਸੇ ਆਰਮੀ ਅਫ਼ਸਰ ਨਾਲ ਉਸ ਦੀ ਚੰਗੀ ਜਾਣ-ਪਛਾਣ ਹੈ, ਜਿਸ ਨੇ ਉਸ ਨੂੰ ਰੇਲਵੇ ’ਚ ਨੌਕਰੀ ’ਤੇ ਲੁਆ ਦਿੱਤਾ ਹੈ ਪਰ ਹਿਮਾਚਲੀ ਉਥੇ ਅੰਬਾਲਾ ’ਚ ਇਕ ਹੋਟਲ ਵਿਚ ਰੁਕਦੀ ਸੀ। ਬਰਨਾਲਾ ਪੁਲਸ ਨੇ ਯੋਗਰਾਜ ਖੱਤਰੀ ਦੇ ਮੋਬਾਇਲ ਨੰਬਰ ਦੀ ਜੋ ਸੀ. ਡੀ. ਆਰ. ਕਢਵਾਈ ਹੈ, ਉਸ ਤੋਂ ਯੋਗਰਾਜ ਅਤੇ ਹਿਮਾਚਲੀ ਦੀਆਂ ਲੰਮੀਆਂ-ਲੰਮੀਆਂ ਗੱਲਾਂ ਹੋਈਆਂ ਸਾਹਮਣੇ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 5-6 ਮਹੀਨਿਆਂ ਤੋਂ ਉਹ ਦੋਵੇਂ ਇਕ-ਦੂਜੇ ਦੇ ਸੰਪਰਕ ’ਚ ਸਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS