ਬੈਂਕਾਕ– ਥਾਈਲੈਂਡ ਵਿਚ ਬੌਧ ਭਿਕਸ਼ੂਆਂ ਨੂੰ ਜਿਨਸੀ ਸਬੰਧਾਂ ਵਿਚ ਫਸਾ ਕੇ ਬਲੈਕਮੇਲ ਕਰਨ ਦੇ ਇਕ ਵੱਡੇ ਸਕੈਂਡਲ ਦਾ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਦੋਸ਼ ਹੈ ਕਿ 35 ਸਾਲਾ ਔਰਤ ਵਿਲਵਾਨ ਐਮਸਾਵਤ ਨੇ ਬੌਧ ਭਿਕਸ਼ੂਆਂ ਨਾਲ ਸਰੀਰਕ ਸਬੰਧ ਬਣਾਏ ਅਤੇ ਇਸ ਦੀਆਂ ਫੋਟੋਆਂ ਤੇ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕੀਤਾ।
ਪੁਲਸ ਨੇ ਔਰਤ ਨੂੰ ਉੱਤਰੀ ਬੈਂਕਾਕ ਦੇ ਨਾਰਥ ’ਚ ਨਾਨਥਾਬੁਰੀ ਸਥਿਤ ਉਸ ਦੇ ਆਲੀਸ਼ਾਨ ਘਰ ’ਚੋਂ ਗ੍ਰਿਫ਼ਤਾਰ ਕੀਤਾ। ਉਸ ਦੇ ਫ਼ੋਨ ਵਿਚੋਂ ਕਈ ਬੌਧ ਭਿਕਸ਼ੂਆਂ ਨਾਲ ਸੈਕਸ ਕਰਦੇ ਵੀਡੀਓ ਅਤੇ ਬਲੈਕਮੇਲਿੰਗ ਚੈਟ ਮਿਲੀਆਂ ਹਨ। ਪੁਲਸ ਨੇ ਔਰਤ ਦੇ ਘਰੋਂ 80,000 ਤੋਂ ਵੱਧ ਨਗਨ ਫਾਈਲਾਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਦੀ ਵਰਤੋਂ ਉਹ ਬੌਧ ਭਿਕਸ਼ੂਆਂ ਨੂੰ ਬਲੈਕਮੇਲ ਕਰਨ ਅਤੇ ਉਨ੍ਹਾਂ ਤੋਂ ਪੈਸੇ ਵਸੂਲਣ ਲਈ ਕਰਦੀ ਸੀ।
ਜੂਨ ’ਚ ਸਾਹਮਣੇ ਆਇਆ ਸੀ ਪਹਿਲਾ ਮਾਮਲਾ
ਇਹ ਮਾਮਲਾ ਜੂਨ ਵਿਚ ਉਦੋਂ ਸਾਹਮਣੇ ਆਇਆ ਸੀ ਜਦੋਂ ਬੈਂਕਾਕ ਵਿਚ ਇਕ ਬੌਧ ਮੱਠ ਦਾ ਮੁਖੀ ਅਚਾਨਕ ਲਾਪਤਾ ਹੋ ਗਿਆ। ਪੁਲਸ ਦਾ ਮੰਨਣਾ ਹੈ ਕਿ ਔਰਤ ਵੱਲੋਂ ਬਲੈਕਮੇਲ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਵਾਟ ਤ੍ਰਿ-ਥੋਤਸਾਥੇਪ ਮੱਠ ਛੱਡ ਦਿੱਤਾ ਸੀ। ਹੁਣ ਦੋਸ਼ੀ ਔਰਤ ਨੇ ਦਾਅਵਾ ਕੀਤਾ ਹੈ ਕਿ ਮੱਠ ਮੁਖੀ ਉਸ ਦੇ ਬੱਚੇ ਦਾ ਪਿਓ ਹੈ। ਇਸ ਘਪਲੇ ਵਿਚ ਇੰਨੀ ਵੱਡੀ ਗਿਣਤੀ ਵਿਚ ਬੌਧ ਭਿਕਸ਼ੂਆਂ ਦੇ ਨਾਂ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿਚ ਬਹੁਤ ਗੁੱਸਾ ਹੈ। ਔਰਤ ਨੇ ਪਿਛਲੇ 3 ਸਾਲਾਂ ਵਿਚ ਬੌਧ ਭਿਕਸ਼ੂਆਂ ਨੂੰ ਬਲੈਕਮੇਲ ਕਰ ਕੇ ਲੱਗਭਗ 102 ਕਰੋੜ ਰੁਪਏ ਕਮਾਏ ਹਨ।
Credit : www.jagbani.com