ਲੁਧਿਆਣਾ : ਸ਼ਹਿਰ ਦੇ ਟਿੱਬਾ ਰੋਡ 'ਤੇ ਸਥਿਤ ਗੋਪਾਲ ਨਗਰ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੁਝ ਅਣਪਛਾਤੇ ਨੌਜਵਾਨਾਂ ਨੇ ਭਾਜਪਾ ਯੂਥ ਵਿੰਗ ਦੇ ਉਪ-ਪ੍ਰਧਾਨ ਨਮਨ ਬਾਂਸਲ 'ਤੇ ਸ਼ਰੇਆਮ ਹਮਲਾ ਕਰ ਦਿੱਤਾ। ਇਹ ਘਟਨਾ ਰਾਤ 10 ਵਜੇ ਦੇ ਕਰੀਬ ਵਾਪਰੀ। ਪਹਿਲਾਂ ਨਮਨ ਦੇ ਥੱਪੜ ਮਾਰੇ ਗਏ, ਫਿਰ ਉਸ ਦੀ ਪਿੱਠ 'ਤੇ ਤੇਜ਼ਧਾਰ ਦਾਤਰ ਨਾਲ ਤਾਬੜਤੋੜ ਵਾਰ ਕੀਤੇ ਗਏ। ਖੂਨ ਨਾਲ ਲੱਥਪੱਥ ਨਮਨ ਨੇ ਨੇੜਲੀ ਦੁਕਾਨ ਵਿਚ ਦਾਖਲ ਹੋ ਕੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ।
ਨਮਨ ਬਾਂਸਲ ਨੇ ਖੁਦ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਤਿੰਨ ਦਿਨਾਂ ਤੋਂ ਧਮਕੀਆਂ ਮਿਲ ਰਹੀਆਂ ਸਨ। ਹਮਲੇ ਤੋਂ ਠੀਕ ਪਹਿਲਾਂ ਕੁਝ ਨੌਜਵਾਨ ਸ਼ੱਕੀ ਹਾਲਤ ਵਿਚ ਦੁਕਾਨ ਦੇ ਬਾਹਰ ਘੁੰਮ ਰਹੇ ਸਨ। ਜਿਵੇਂ ਹੀ ਉਹ ਦੁਕਾਨ ਤੋਂ ਬਾਹਰ ਆਏ, ਹਮਲਾਵਰਾਂ ਨੇ ਉਸ ਨੂੰ ਘੇਰ ਲਿਆ। ਹਮਲਾਵਰਾਂ ਨੇ ਉਸ ਦਾ ਨਾਮ ਪੁੱਛਣ ਦੇ ਬਹਾਨੇ ਰੋਕਿਆ ਅਤੇ ਫਿਰ ਕਿਹਾ ਕਿ ਤੂੰ ਨਾਮ ਬਾਰੇ ਝੂਠ ਬੋਲ ਰਿਹਾ ਹੈ ਅਤੇ ਫਿਰ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਚਸ਼ਮਦੀਦਾਂ ਅਨੁਸਾਰ, ਹਮਲਾਵਰਾਂ ਕੋਲ ਤੇਜ਼ਧਾਰ ਹਥਿਆਰ ਸਨ। ਕੁਝ ਲੋਕਾਂ ਨੇ ਕਿਹਾ ਕਿ ਗੋਪਾਲ ਨਗਰ ਚੌਕ 'ਤੇ ਵੀ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ। ਹਾਲਾਂਕਿ ਪੁਲਸ ਨੇ ਗੋਲੀਬਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਮੌਕੇ 'ਤੇ ਸਨਸਨੀ ਫੈਲ ਗਈ। ਘਟਨਾ ਤੋਂ ਬਾਅਦ, ਜ਼ਖਮੀ ਨਮਨ ਨੂੰ ਉਸਦੇ ਦੋਸਤਾਂ ਨੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਦੀ ਪਿੱਠ 'ਤੇ ਕਈ ਟਾਂਕੇ ਲਗਾਏ। ਨਮਨ ਦਾ ਕਹਿਣਾ ਹੈ ਕਿ ਉਹ ਹਮਲਾਵਰਾਂ ਨੂੰ ਨਹੀਂ ਜਾਣਦਾ ਅਤੇ ਨਾ ਹੀ ਉਸਨੇ ਉਨ੍ਹਾਂ ਨੂੰ ਪਹਿਲਾਂ ਇਲਾਕੇ ਵਿਚ ਦੇਖਿਆ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਟਿੱਬਾ ਪੁਲਸ ਥਾਣੇ ਦੀ ਪੁਲਸ ਸਰਗਰਮ ਹੋ ਗਈ। ਉਧਰ ਪੁਲਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾਵਰਾਂ ਦੀ ਭਾਲ ਜਾਰੀ ਹੈ। ਇਸ ਹਮਲੇ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਫੈਲ ਗਈ ਹੈ।
Credit : www.jagbani.com