ਅਨਮੋਲ ਗਗਨ ਮਾਨ ਨੇ ਛੱਡੀ ਸਿਆਸਤ ! ਕੀ ਹੁਣ ਮੁੜ ਮਿਊਜ਼ਿਕ ਇੰਡਸਟਰੀ 'ਚ ਪਾਉਣਗੇ 'ਧੱਕ' ?

ਅਨਮੋਲ ਗਗਨ ਮਾਨ ਨੇ ਛੱਡੀ ਸਿਆਸਤ ! ਕੀ ਹੁਣ ਮੁੜ ਮਿਊਜ਼ਿਕ ਇੰਡਸਟਰੀ 'ਚ ਪਾਉਣਗੇ 'ਧੱਕ' ?

ਐਂਟਰਟੇਨਮੈਂਟ ਡੈਸਕ- ਹਾਲ ਹੀ 'ਚ ਪੰਜਾਬ ਦੀ ਸਿਆਸਤ ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਖਰੜ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨ ਮਾਨ ਨੇ ਸਿਆਸਤ ਛੱਡਣ ਦਾ ਐਲਾਨ ਕਰ ਦਿੱਤਾ ਹੈ। ਵਿਧਾਇਕਾ ਅਨਮੋਲ ਗਗਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸਾਂਝੀ ਕਰ ਲਿਖਿਆ ਕਿ ‘ਦਿਲ ਭਾਰੀ ਹੈ, ਪਰ ਮੈਂ ਸਿਆਸਤ ਛੱਡਣ ਦਾ ਫ਼ੈਸਲਾ ਲਿਆ ਹੈ, ਮੇਰਾ MLA ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ। ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਦੇ ਨਾਲ ਹਨ, ਮੈਨੂੰ ਓਮੀਦ ਹੈ, ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰੇਗੀ।’
ਅਨਮੋਲ ਗਗਨ ਮਾਨ ਨੇ ਆਮ ਆਦਮੀ ਪਾਰਟੀ ਨਾਲ ਜੁੜਣ ਮਗਰੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ। ਹੁਣ ਪ੍ਰਸ਼ੰਸਕਾਂ ਵਲੋਂ ਅੰਦਾਜ਼ੇ ਲਗਾਏ ਜਾਣ ਲੱਗ ਪਏ ਹਨ ਕਿ ਗਗਨ ਮਾਨ, ਜੋ ਕਿ ਮਿਊਜ਼ਿਕ ਇੰਡਸਟਰੀ ਛੱਡ ਸਿਆਸੀ ਮੈਦਾਨ 'ਚ ਉਤਰੀ ਸੀ, ਹੁਣ ਸਿਆਸਤ ਛੱਡ ਮੁੜ ਮਿਊਜ਼ਿਕ ਇੰਡਸਟਰੀ 'ਚ ਵਾਪਸੀ ਕਰੇਗੀ।
ਦੱਸਣਯੋਗ ਹੈ ਕਿ ਅਨਮੋਲ ਗਗਨ ਮਾਨ ਗਾਇਕਾ ਦੇ ਨਾਲ-ਨਾਲ ਅਦਾਕਾਰੀ 'ਚ ਵੀ ਹੱਥ ਅਜ਼ਮਾ ਚੁੱਕੀ ਹੈ। ਉਨ੍ਹਾਂ ਨੇ ਪ੍ਰਸ਼ੰਸਕਾਂ ਦੀ ਝੋਲੀ 'ਚ ਬਹੁਤ ਹੀ ਹਿੱਟ ਗੀਤ ਪਾਏ, ਜੋ ਪ੍ਰਸ਼ੰਸਕਾਂ ਵਲੋਂ ਹੁਣ ਤੱਕ ਪਸੰਦ ਕੀਤੇ ਜਾ ਰਹੇ ਹਨ। ਅਨਮੋਲ ਦੇ ਮਿਊਜ਼ੀਕਲ ਸਫ਼ਰ ਦੀ ਸ਼ੁਰੂਆਤ ਸਾਲ 2015 'ਚ ਹੋਈ ਸੀ, ਜਦੋਂ ਉਨ੍ਹਾਂ ਦਾ ਪਹਿਲਾ ਪਹਿਲਾ ਗੀਤ ਸ਼ੌਕੀਨ ਜੱਟ ਰਿਲੀਜ਼ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇੰਡਸਟਰੀ ਨੂੰ ਇਕ ਤੋਂ ਬਾਅਦ ਇਕ ਹਿੱਟ ਗੀਤ ਦਿੱਤੇ, ਜਿਨ੍ਹਾਂ 'ਚ ਕੋਲਾ vs ਮਿਲਕ, ਪਸੰਦ ਤੇਰੀ, ਪਟੋਲਾ, ਘੈਂਟ ਪਰਪੋਜ਼, ਸੂਟ ਵਰਗੇ ਗੀਤ ਸ਼ਾਮਲ ਹਨ।
ਇਸ ਮਗਰੋਂ ਉਨ੍ਹਾਂ ਸਿਆਸਤ 'ਚ ਜਾਣ ਦਾ ਫ਼ੈਸਲਾ ਕੀਤਾ ਤੇ ਸਾਲ 2020 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਦੋਂ ਤੋਂ ਉਨ੍ਹਾਂ ਨੇ ਆਪਣਾ ਪੂਰਾ ਸਮਾਂ ਰਾਜਨੀਤੀ ਨੂੰ ਦੇਣਾ ਸ਼ੁਰੂ ਕਰ ਦਿੱਤਾ। ਹੁਣ ਜਦੋਂ ਉਨ੍ਹਾਂ ਅਚਾਨਕ ਸਿਆਸਤ ਛੱਡਣ ਦਾ ਐਲਾਨ ਕਰ ਦਿੱਤਾ ਹੈ ਤਾਂ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਉਹ ਸੰਗੀਤ ਜਗਤ 'ਚ ਵਾਪਸੀ ਕਰਦੇ ਹਨ ਜਾਂ ਫ਼ਿਰ ਕਿਸੇ ਹੋਰ ਖਿੱਤੇ 'ਚ ਹੱਥ ਅਜ਼ਮਾਉਣਗੇ।

Credit : www.jagbani.com

  • TODAY TOP NEWS