ਮਾਛੀਵਾੜਾ ਸਾਹਿਬ, (ਟੱਕਰ)- ਨੇੜਲੇ ਪਿੰਡ ਪਵਾਤ ਵਿਖੇ ਸੱਪ ਦੇ ਡੱਸਣ ਨਾਲ 2 ਸਕੀਆਂ ਭੈਣਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਅਨੁਪਮ (11) ਅਤੇ ਸੁਰਭੀ (8) ਵਜੋਂ ਹੋਈ ਹੈ ਜੋ ਕਿ ਸਕੂਲ ਵਿਚ ਪੜਦੀਆਂ ਸਨ।
ਮ੍ਰਿਤਕਾਂ ਦੀ ਮਾਂ ਆਸ਼ਾ ਦੇਵੀ ਨੇ ਦੱਸਿਆ ਕਿ ਉਸਦੇ 6 ਬੱਚੇ ਹਨ ਅਤੇ ਉਹ ਪਿਛਲੇ 4-5 ਸਾਲਾਂ ਤੋਂ ਪਿੰਡ ਪਵਾਤ ਵਿਖੇ ਖੇਤਾਂ ਵਿਚ ਬਣੀ ਇੱਕ ਮੋਟਰ ਨੇੜੇ ਆਪਣੀਆਂ ਝੁੱਗੀਆਂ ਬਣਾ ਕੇ ਰਹਿ ਰਹੇ ਹਨ। ਉਸਨੇ ਦੱਸਿਆ ਕਿ ਕੱਲ੍ਹ ਰਾਤ ਖਾਣਾ ਖਾਣ ਤੋਂ ਬਾਅਦ ਉਨ੍ਹਾਂ ਦੀਆਂ ਦੋਵੇਂ ਕੁੜੀਆਂ ਮੋਟਰ ਵਾਲੇ ਕਮਰੇ ਦੀ ਛੱਤ ’ਤੇ ਜਾ ਕੇ ਸੌਂ ਗਈਆਂ। ਰਾਤ ਕਰੀਬ 1 ਵਜੇ ਉਹ ਲਾਈਟ ਆਉਣ ਤੋਂ ਬਾਅਦ ਹੇਠਾਂ ਉੱਤਰ ਆਈਆਂ ਅਤੇ ਆ ਕੇ ਝੁੱਗੀ ਵਿਚ ਸੌਂ ਗਈਆਂ। ਲਾਈਟ ਜਾਣ ਤੋਂ ਬਾਅਦ ਇਹ ਮੁੜ ਛੱਤ ’ਤੇ ਚਲੀਆਂ ਗਈਆਂ ਜਿੱਥੇ ਉਕਤ ਦੋਵਾਂ ਕੁੜੀਆਂ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਅਸੀਂ ਸਾਰੇ ਜਾਗ ਪਏ ਅਤੇ ਦੇਖਿਆ ਕਿ ਇੱਕ ਸੱਪ ਹੇਠਾਂ ਵਿਹੜੇ ਵਿਚ ਫਿਰ ਰਿਹਾ ਸੀ, ਜਿਸ ਨੂੰ ਸਾਡੇ ਵਲੋਂ ਮਾਰ ਦਿੱਤਾ ਗਿਆ।
ਕਰੀਬ 2 ਵਜੇ ਅਨੁਪਮ ਦੇ ਮੂੰਹ ’ਚੋਂ ਝੱਗ ਆਉਣੀ ਸ਼ੁਰੂ ਹੋ ਗਈ ਅਤੇ 5 ਮਿੰਟ ਬਾਅਦ ਸੁਰਭੀ ਦੇ ਮੂੰਹ ’ਚੋਂ ਵੀ ਝੱਗ ਨਿਕਲਣ ਲੱਗ ਪਈ। ਇੱਕ ਕੁੜੀ ਦੇ ਗਲੇ 'ਤੇ ਅਤੇ ਦੂਜੀ ਦੇ ਹੱਥ ’ਤੇ ਸੱਪ ਵਲੋਂ ਡੱਸਣ ਦੇ ਨਿਸ਼ਾਨ ਬਣੇ ਹੋਏ ਸਨ। ਇਸ ਤੋਂ ਬਾਅਦ ਦੋਵਾਂ ਕੁੜੀਆਂ ਨੂੰ ਮਾਛੀਵਾੜਾ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਆਸ਼ਾ ਦੇਵੀ ਨੇ ਦੱਸਿਆ ਕਿ ਉਸ ਦੀਆਂ ਦੋਵਾਂ ਕੁੜੀਆਂ ਦੀ ਮੌਤ ਸੱਪ ਦੇ ਡੱਸਣ ਕਾਰਨ ਹੋਈ ਹੈ।
Credit : www.jagbani.com