ਵਾਸ਼ਿੰਗਟਨ – ਰਾਇਲ ਕੈਰੇਬੀਅਨ ਇੰਟਰਨੈਸ਼ਨਲ ਜਹਾਜ਼ ’ਤੇ ਸਵਾਰ 140 ਤੋਂ ਵੱਧ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਇਕ ਅਣਪਛਾਤੀ ਬੀਮਾਰੀ ਤੋਂ ਪੀੜਤ ਹੋ ਗਏ ਹਨ। ‘ਨਾਵਿਕ ਆਫ ਦਿ ਸੀਜ਼’ ਨਾਂ ਦਾ ਇਹ ਜਹਾਜ਼ 4 ਜੁਲਾਈ ਨੂੰ ਲਾਸ ਏਂਜਲਸ ਤੋਂ ਰਵਾਨਾ ਹੋਇਆ ਸੀ ਅਤੇ ਇਕ ਹਫਤੇ ਦੇ ਰਾਊਂਡ-ਟ੍ਰਿਪ ਕਰੂਜ਼ ’ਤੇ ਸੀ। ਜਹਾਜ਼ ਟ੍ਰੈਕਿੰਗ ਸਾਈਟ ‘ਕਰੂਜ਼ਮੈਪਰ’ ਅਨੁਸਾਰ ਇਹ ਜਹਾਜ਼ ਮੈਕਸੀਕੋ ਵਿਚ 3 ਵਾਰ ਰੁਕਿਆ ਅਤੇ ਫਿਰ 11 ਜੁਲਾਈ ਨੂੰ ਲਾਸ ਏਂਜਲਸ ਵਾਪਸ ਆ ਗਿਆ ਸੀ। ਇਸੇ ਦਿਨ ਰੋਗ ਰੋਕਥਾਮ ਕੇਂਦਰ ਸੀ. ਡੀ. ਸੀ. ਨੂੰ ਇਹ ਬੀਮਾਰੀ ਫੈਲਣ ਦੀ ਸੂਚਨਾ ਦਿੱਤੀ ਗਈ।
ਜਹਾਜ਼ ’ਚ ਸਵਾਰ ਸਨ 3,914 ਯਾਤਰੀ
ਜਹਾਜ਼ ਦੇ 3,914 ਯਾਤਰੀਆਂ ਵਿਚੋਂ 134 ਨੇ ਯਾਤਰਾ ਦੌਰਾਨ ਬੀਮਾਰ ਹੋਣ ਦੀ ਸੂਚਨਾ ਦਿੱਤੀ ਸੀ। 1,266 ਵਿਚੋਂ ਚਾਲਕ ਦਲ ਦੇ 7 ਮੈਂਬਰਾਂ ਨੇ ਬੀਮਾਰੀ ਬਾਰੇ ਦੱਸਿਆ ਸੀ। ਸੀ. ਡੀ. ਸੀ. ਨੇ ਦੱਸਿਆ ਕਿ ਉਨ੍ਹਾਂ ਨੂੰ ਦਸਤ, ਉਲਟੀ ਤੇ ਪੇਟ ਵਿਚ ਮਰੋੜ ਵਰਗੇ ਲੱਛਣ ਮਹਿਸੂਸ ਹੋਏ। ਰਾਇਲ ਕੈਰੇਬੀਅਨ ਨੇ ਸੀ. ਡੀ. ਸੀ. ਨੂੰ ਦੱਸਿਆ ਕਿ ਉਸ ਦੇ ਚਾਲਕ ਦਲ ਨੇ ਇਸ ਬੀਮਾਰੀ ਦੀ ਰੋਕਥਾਮ ਅਤੇ ਪ੍ਰਤੀਕਿਰਿਆ ਯੋਜਨਾ ਅਨੁਸਾਰ ਪ੍ਰੀਖਣ ਲਈ ਮਲ ਦੇ ਨਮੂਨੇ ਇਕੱਠੇ ਕੀਤੇ ਅਤੇ ਬੀਮਾਰ ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਨੂੰ ਵੱਖ ਰੱਖਿਆ। ਇਸ ਸਬੰਧੀ ਸ਼ਿਪ ਕਲੀਨਿੰਗ ਪ੍ਰੋਗਰਾਮ ਨਾਲ ਵੀ ਸਲਾਹ-ਮਸ਼ਵਰਾ ਕੀਤਾ ਗਿਆ। ਸੀ. ਡੀ. ਸੀ. ਨੇ ਕਿਹਾ ਕਿ ਪ੍ਰੋਗਰਾਮ ਨੇ ਦੂਰੋਂ ਹੀ ਸਥਿਤੀ ’ਤੇ ਨਜ਼ਰ ਰੱਖੀ।
ਬੀਮਾਰੀ ਲਈ ਨੋਰੋਵਾਇਰਸ ਜ਼ਿੰਮੇਵਾਰ
ਸੀ. ਡੀ. ਸੀ. ਨੇ ਕਿਹਾ ਕਿ ਬੀਮਾਰੀ ਦੇ ਕਾਰਨ ਦਾ ਪਤਾ ਲਾਉਣ ਲਈ ਹੋਰ ਕੰਮ ਕੀਤਾ ਜਾਵੇਗਾ। ਏਜੰਸੀ ਨੇ ਕਿਹਾ ਕਿ ਅਕਸਰ ਕਰੂਜ਼ ਜਹਾਜ਼ਾਂ ’ਤੇ ਗੈਸਟ੍ਰੋਇਨਟੈਸਟੀਨਲ ਸਬੰਧੀ ਬੀਮਾਰੀਆਂ ਫੈਲਣ ਲਈ ਪੇਟ ਇਨਫੈਕਸ਼ਨ ਵਾਲਾ ਕੀਟਾਣੂ ਨੋਰੋਵਾਇਰਸ ਜ਼ਿੰਮੇਵਾਰ ਹੁੰਦਾ ਹੈ।
ਦੱਸਣਯੋਗ ਹੈ ਕਿ ਫਰਵਰੀ ’ਚ ਹਾਲੈਂਡ ਅਮਰੀਕਾ ਲਾਈਨ ਦੇ ਇਕ ਜਹਾਜ਼ ’ਤੇ ਲੱਗਭਗ 80 ਯਾਤਰੀ ਬੀਮਾਰ ਹੋ ਗਏ ਸਨ। ਉਸੇ ਮਹੀਨੇ ਪ੍ਰਿੰਸੈੱਸ ਕਰੂਜ਼ ਦੇ ਇਕ ਜਹਾਜ਼ ’ਤੇ 16 ਰਾਤਾਂ ਦੇ ਕਰੂਜ਼ ਦੌਰਾਨ 80 ਤੋਂ ਵੱਧ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਬੀਮਾਰ ਪੈ ਗਏ ਸਨ। ਸਾਲ ਦੇ ਸ਼ੁਰੂ ਵਿਚ ਇਕ ਮਹੀਨੇ ਦੀ ਕੌਮਾਂਤਰੀ ਯਾਤਰਾ ’ਤੇ ਨਿਕਲੇ ਕਿਊਨਾਰਡ ਕਰੂਜ਼ ਲਾਈਨ ਦੇ ਇਕ ਲਗਜ਼ਰੀ ਜਹਾਜ਼ ’ਤੇ ਵੀ ਇਕ ਬੀਮਾਰੀ ਫੈਲੀ ਸੀ, ਜਿਸ ਤੋਂ 240 ਤੋਂ ਵੱਧ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਪ੍ਰਭਾਵਿਤ ਹੋਏ ਸਨ।
Credit : www.jagbani.com