ਚੰਡੀਗੜ੍ਹ : ਪੰਜਾਬ ’ਚ ਬੀ. ਐੱਡ. ਦਾਖ਼ਲਿਆਂ ਲਈ ਅਰਜ਼ੀ ਦੇਣ ਦੀ ਤਾਰੀਖ਼ 21 ਜੁਲਾਈ ਤੱਕ ਵਧਾ ਦਿੱਤੀ ਗਈ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨਾਲ ਸਬੰਧਿਤ ਐਜੂਕੇਸ਼ਨ ਕਾਲਜਾਂ ’ਚ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਨੂੰ ਹੋਰ ਦਿਨ ਮਿਲ ਗਏ ਹਨ। ਪਹਿਲਾਂ ਇਸ ਦੀ ਆਖ਼ਰੀ ਤਾਰੀਖ਼ 18 ਜੁਲਾਈ ਸੀ। ਪੰਜਾਬ ’ਚ ਮੌਜੂਦਾ ਅਕਾਦਮਿਕ ਸੈਸ਼ਨ ’ਚ ਬੀ. ਐੱਡ. ਦਾਖ਼ਲੇ ਲਈ 23,085 ਸੀਟਾਂ ਹਨ। ਹਾਲਾਂਕਿ ਦਾਖ਼ਲਾ ਪ੍ਰੀਖਿਆ ਦੀ ਮਿਤੀ ’ਚ ਕੋਈ ਬਦਲਾਅ ਨਹੀਂ ਹੋਵੇਗਾ ਅਤੇ ਇਹ 3 ਅਗਸਤ ਨੂੰ ਹੀ ਹੋਵੇਗੀ। ਉਮੀਦਵਾਰ 21 ਜੁਲਾਈ ਤੱਕ ਲਾਗਇਨ ਆਈ. ਡੀ. ਬਣਾ ਕੇ ਵੈੱਬਸਾਈਟ ’ਤੇ ਜਾਣਕਾਰੀ ਜਮ੍ਹਾਂ ਕਰਵਾ ਦੇਣ।
ਪ੍ਰੀਖਿਆ ਲਈ ਦਾਖ਼ਲਾ ਕਾਰਡ 27 ਜੁਲਾਈ ਨੂੰ ਸ਼ਾਮ 6 ਵਜੇ ਤੋਂ ਬਾਅਦ ਆਨਲਾਈਨ ਮੁਹੱਈਆ ਕਰਵਾਏ ਜਾਣਗੇ ਅਤੇ ਉਮੀਦਵਾਰਾਂ ਨੂੰ ਈ-ਮੇਲ ਰਾਹੀਂ ਸੂਚਿਤ ਕੀਤਾ ਜਾਵੇਗਾ। ਜਿਨ੍ਹਾਂ ਉਮੀਦਵਾਰਾਂ ਨੇ ਪਹਿਲਾਂ ਹੀ ਅਰਜ਼ੀ ਫ਼ੀਸ ਦਾ ਭੁਗਤਾਨ ਕਰ ਦਿੱਤਾ ਹੈ ਪਰ ਆਪਣਾ ਅਰਜ਼ੀ ਫਾਰਮ ਨਹੀਂ ਭਰ ਸਕੇ, ਉਹ 22 ਤੋਂ 29 ਜੁਲਾਈ ਤੱਕ ਸਵੇਰੇ 10 ਤੋਂ ਸ਼ਾਮ 4 ਵਜੇ ਦੇ ਤੱਕ 1000 ਰੁਪਏ ਲੇਟ ਫ਼ੀਸ ਨਾਲ ਫਾਰਮ ਭਰ ਸਕਦੇ ਹਨ।
ਇਸ ਤੋਂ ਇਲਾਵਾ ਜਿਨ੍ਹਾਂ ਉਮੀਦਵਾਰਾਂ ਨੇ ਨਾ ਤਾਂ ਰਜਿਸਟਰ ਕੀਤਾ ਹੈ ਅਤੇ ਨਾ ਹੀ ਅਰਜ਼ੀ ਫ਼ੀਸ ਦਾ ਭੁਗਤਾਨ ਕੀਤਾ ਹੈ, ਉਨ੍ਹਾਂ ਨੂੰ 22 ਤੋਂ 29 ਜੁਲਾਈ ਤੱਕ ਉਸੇ ਵਿੰਡੋ ’ਤੇ ਲਾਗੂ ਫਾਰਮ ਫ਼ੀਸ ਨਾਲ 1500 ਰੁਪਏ ਦੀ ਲੇਟ ਫ਼ੀਸ ਦੇ ਕੇ ਇਕ ਨਵਾਂ ਅਰਜ਼ੀ ਫਾਰਮ ਭਰਨ ਦਾ ਮੌਕਾ ਮਿਲੇਗਾ। ਲੇਟ ਫ਼ੀਸ ਜਮ੍ਹਾਂ ਕਰਵਾ ਕੇ ਫਾਰਮ ਭਰਨ ਵਾਲੇ ਉਮੀਦਵਾਰਾਂ ਲਈ ਦਾਖ਼ਲਾ ਕਾਰਡ ਇਕ ਅਗਸਤ ਤੱਕ ਜਾਰੀ ਕੀਤੇ ਜਾਣਗੇ ਅਤੇ ਸਾਂਝਾ ਦਾਖ਼ਲਾ ਟੈਸਟ 3 ਅਗਸਤ ਨੂੰ ਲਿਆ ਜਾਵੇਗਾ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸੋਧੀ ਹੋਈ ਸਮਾਂ-ਸੀਮਾ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਅਪਡੇਟ ਅਤੇ ਨਿਰਦੇਸ਼ਾਂ ਲਈ ਅਧਿਕਾਰਤ ਵੈੱਬਸਾਈਟ ’ਤੇ ਜਾਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com