ਜਲੰਧਰ–ਸੈਂਕੜੇ ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਦੇ ਕੇਸ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਵਿਜੀਲੈਂਸ ਵੱਲੋਂ ਮਾਣਯੋਗ ਅਦਾਲਤ ਵਿਚ ਵਿਧਾਇਕ ਰਮਨ ਅਰੋੜਾ, ਉਨ੍ਹਾਂ ਦੇ ਰਾਜ਼ਦਾਰ ਮਹੇਸ਼ ਮਖੀਜਾ ਅਤੇ ਰਿਸ਼ਵਤ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੀ ਗਈ ਨਗਰ ਨਿਗਮ ਦੀ ਮਹਿਲਾ ਇੰਸ. ਹਰਪ੍ਰੀਤ ਕੌਰ ਖ਼ਿਲਾਫ਼ 6 ਹਜ਼ਾਰ ਪੇਜਾਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਗਈ, ਜਿਸ ਵਿਚ ਕਈ ਵੱਡੇ ਵਪਾਰੀਆਂ ਅਤੇ ਹੋਰ ਕਈ ਲੋਕਾਂ ਦੇ ਵਿਧਾਇਕ ਅਰੋੜਾ ਵੱਲੋਂ ਤੰਗ-ਪ੍ਰੇਸ਼ਾਨ ਕਰਕੇ ਪੈਸੇ ਬਟੋਰਨ ਸਬੰਧੀ ਬਿਆਨ ਦਰਜ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਵਿਧਾਇਕ ਦੇ ਕੁੜਮ ਰਾਜੂ ਮਦਾਨ ਅਜੇ ਵੀ ਫ਼ਰਾਰ ਹਨ।
ਸੂਤਰਾਂ ਦੀ ਮੰਨੀਏ ਤਾਂ ਵਿਜੀਲੈਂਸ ਅਧਿਕਾਰੀਆਂ ਵੱਲੋਂ ਤੈਅ ਤਾਰੀਖ਼ ਤੋਂ ਪਹਿਲਾਂ ਹੀ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਗਈ ਹੈ। ਚਾਰਜਸ਼ੀਟ ਵਿਚ ਵਿਧਾਇਕ ਰਮਨ ਅਰੋੜਾ ਦੇ ਵਿਧਾਇਕ ਰਹਿੰਦੇ ਹੋਏ ਅਤੇ ਵਿਜੀਲੈਂਸ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਜਾਂਚ ਵਿਚ ਜਿੰਨੇ ਵੀ ਲੋਕ ਸਾਹਮਣੇ ਆਏ, ਜਿਨ੍ਹਾਂ ਕੋਲੋਂ ਪੈਸੇ ਬਟੋਰੇ ਗਏ ਅਤੇ ਕਿੰਨੇ ਲੱਖਾਂ ਰੁਪਏ ਵਸੂਲੇ ਗਏ, ਉਨ੍ਹਾਂ ਸਭ ਦੇ ਬਿਆਨ ਵਿਜੀਲੈਂਸ ਨੇ ਚਾਰਜਸ਼ੀਟ ਦਾਖ਼ਲ ਕਰਨ ਸਮੇਂ ਕਲਮਬੱਧ ਕਰਕੇ ਅਦਾਲਤ ਵਿਚ ਦਾਖ਼ਲ ਕੀਤੇ ਹਨ। ਦੂਜੇ ਪਾਸੇ ਚਾਰਜਸ਼ੀਟ ਵਿਚ ਵਿਧਾਇਕ ਰਮਨ ਅਰੋੜਾ ਦੇ ਨਾਲ-ਨਾਲ ਉਨ੍ਹਾਂ ਦੇ ਰਾਜ਼ਦਾਰ ਮਹੇਸ਼ ਮਖੀਜਾ, ਮਹਿਲਾ ਇੰਸ. ਹਰਪ੍ਰੀਤ ਕੌਰ ਅਤੇ ਵਿਧਾਇਕ ਰਮਨ ਅਰੋੜਾ ਦੇ ਰਿਸ਼ਤੇਦਾਰਾਂ ਅਤੇ ਉਨ੍ਹਾਂ ਦੀਆਂ ਕੰਪਨੀਆਂ ਅਤੇ ਫਰਮਾਂ ਦੀ ਸਟੇਟਮੈਂਟ ਸਮੇਤ ਬੈਂਕ ਟਰਾਂਜੈਕਸ਼ਨ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਕਾਫੀ ਅਹਿਮ ਤੱਥ ਸੀਲਬੰਦ ਲਿਫ਼ਾਫ਼ੇ ਵਿਚ ਵਿਜੀਲੈਂਸ ਨੇ ਅਦਾਲਤ ਵਿਚ ਪੇਸ਼ ਕੀਤੇ।

ਵਿਜੀਲੈਂਸ ਅਧਿਕਾਰੀਆਂ ਦੀ ਮੰਨੀਏ ਤਾਂ ਵਿਧਾਇਕ ਰਮਨ ਅਰੋੜਾ ਵੱਲੋਂ ਵਿਧਾਇਕ ਰਹਿੰਦੇ ਹੋਏ, ਜਿਸ ਤਰ੍ਹਾਂ ਬੇਨਾਮੀ ਜਾਇਦਾਦ ਬਣਾਈ ਗਈ ਹੈ ਅਤੇ ਉਸ ਦੇ ਨਾਲ-ਨਾਲ ਜਿਹੜੇ-ਜਿਹੜੇ ਲੋਕਾਂ ਦੇ ਨਾਂ ’ਤੇ ਜਾਇਦਾਦਾਂ ਖ਼ਰੀਦੀਆਂ ਗਈਆਂ ਹਨ, ਉਸ ਦੀ ਫਿਲਹਾਲ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ, ਹਾਲਾਂਕਿ ਵਿਜੀਲੈਂਸ ਵੱਲੋਂ ਹੋਰ ਕਈ ਲੋਕਾਂ, ਜਿਨ੍ਹਾਂ ਦੇ ਨਾਂ ’ਤੇ ਜਾਇਦਾਦਾਂ ਖ਼ਰੀਦੀਆਂ ਗਈਆਂ ਹਨ, ਉਨ੍ਹਾਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ ਤਾਂ ਕਿ ਬਾਅਦ ਵਿਚ ਬੇਨਾਮੀ ਜਾਇਦਾਦਾਂ ਦੀ ਇਕ ਵੱਖਰੀ ਰਿਪੋਰਟ ਦਾਖ਼ਲ ਕੀਤੀ ਜਾ ਸਕੇ।
ਜ਼ਿਕਰਯੋਗ ਹੈ ਕਿ 23 ਮਈ ਨੂੰ ਸਵੇਰੇ ਮੰਦਰ ਵਿਚ ਮੱਥਾ ਟੇਕਣ ਸਮੇਂ ਅਚਾਨਕ ਵਿਜੀਲੈਂਸ ਦੇ ਟੀਮ ਨੇ ਵਿਧਾਇਕ ਰਮਨ ਅਰੋੜਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ, ਹਾਲਾਂਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣੇ ਵਿਧਾਇਕ ਖ਼ਿਲਾਫ਼ ਮਾਮਲਾ ਦਰਜ ਕਰਨਾ ਅਤੇ ਬਾਅਦ ਵਿਚ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਰਾਜ਼ਦਾਰ ਮਹੇਸ਼ ਮਖੀਜਾ ਅਤੇ ਮਹਿਲਾ ਇੰਸ. ਹਰਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਵਿਧਾਇਕ ਰਮਨ ਅਰੋੜਾ ਵੱਲੋਂ ਸ਼ਹਿਰ ਵਿਚ ਇਕ ਸੋਚਿਆ-ਸਮਝਿਆ ਰੰਗਦਾਰੀ ਨੈੱਟਵਰਕ ਨਗਰ ਨਿਗਮ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਚਲਾਇਆ ਜਾ ਰਿਹਾ ਸੀ, ਜਿਸ ਵਿਚ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਵੱਲੋਂ ਉਸਾਰੀ ਅਧੀਨ ਬਿਲਡਿੰਗਾਂ ਦੇ ਮਾਲਕਾਂ ਨੂੰ ਿਸ ਭੇਜ ਕੇ ਬਾਅਦ ਵਿਚ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਕੇ ਵਿਧਾਇਕ ਰਮਨ ਅਰੋੜਾ ਕੋਲ ਭੇਜਿਆ ਜਾਂਦਾ ਸੀ। ਬਾਅਦ ਵਿਚ ਵਿਧਾਇਕ ਖ਼ੁਦ ਹੀ ਸੈਟਿੰਗ ਕਰਕੇ ਬਿਲਡਿੰਗਾਂ ਦੀ ਸੀਲ ਖੁੱਲ੍ਹਵਾ ਦਿੰਦੇ ਹੁੰਦੇ ਸਨ ਅਤੇ ਲੱਖਾਂ ਰੁਪਏ ਦੀ ਸੌਦੇਬਾਜ਼ੀ ਉਨ੍ਹਾਂ ਦੇ ਦਫ਼ਤਰ ਵਿਚ ਬੈਠ ਕੇ ਚੱਲ ਰਹੀ ਸੀ।
ਇੰਨਾ ਹੀ ਨਹੀਂ, ਸ਼ਹਿਰ ਵਿਚ ਇਕ ਚਰਚਿਤ ਪੁਲਸ ਅਧਿਕਾਰੀ ’ਤੇ ਹੀ ਵਿਧਾਇਕ ਰਮਨ ਅਰੋੜਾ ਦਾ ਹੱਥ ਸੀ, ਜੋ ਕਿ ਬਾਅਦ ਵਿਚ ਸ਼ਹਿਰ ਵਿਚੋਂ ਟਰਾਂਸਫਰ ਕਰ ਦਿੱਤਾ ਗਿਆ ਅਤੇ ਉਕਤ ਅਧਿਕਾਰੀ ਨੂੰ ਵਿਜੀਲੈਂਸ ਦਫਤਰ ਿਵਚ ਵੀ ਬੁਲਾਇਆ ਗਿਆ ਸੀ। ਇਸ ਸਾਰੇ ਮਾਮਲੇ ਵਿਚ ਵਿਜੀਲੈਂਸ ਵੱਲੋਂ ਵਿਧਾਇਕ ਰਮਨ ਅਰੋੜਾ ਦੇ ਬੇਟੇ ਰਾਜਨ ਅਰੋੜਾ, ਉਨ੍ਹਾਂ ਦੇ ਕੁੜਮ ਰਾਜੂ ਮਦਾਨ ਅਤੇ ਆਰ. ਟੀ. ਆਈ. ਐਕਟੀਵਿਸਟ ਸਮੇਤ ਹੋਰ ਕਈ ਲੋਕਾਂ ਨੂੰ ਕੇਸ ਵਿਚ ਨਾਮਜ਼ਦ ਕੀਤਾ ਗਿਆ ਸੀ।
ਆਮਦਨ ਤੋਂ ਵੱਧ ਜਾਇਦਾਦ ਦੀ ਵੱਖਰੀ ਚਾਰਜਸ਼ੀਟ ਅਦਾਲਤ ’ਚ ਦਾਖਲ ਕਰੇਗੀ ਵਿਜੀਲੈਂਸ
ਵਿਜੀਲੈਂਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਿਧਾਇਕ ਰਮਨ ਅਰੋੜਾ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਨੂੰ ਲੈ ਕੇ ਅਜੇ ਜਾਂਚ ਵਿਚਾਰ ਅਧੀਨ ਹੈ। ਜਾਂਚ ਮੁਕੰਮਲ ਕਰਨ ਲਈ ਹਰ ਐਂਗਲ ਤੋਂ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇੰਨਾ ਹੀ ਨਹੀਂ ਕਾਫ਼ੀ ਵੱਡੇ ਪੱਧਰ ’ਤੇ ਕਈ ਬੇਨਾਮੀ ਜਾਇਦਾਦਾਂ ਬਾਰੇ ਰਿਕਾਰਡ ਵੀ ਮਿਲਿਆ ਹੈ, ਜਿਨ੍ਹਾਂ ਵਿਚ ਕਈ ਆਗੂਆਂ ਦੇ ਵੀ ਨਾਂ ਸਾਹਮਣੇ ਆਏ ਹਨ। ਇਸ ਲਈ ਇਕ ਵੱਖਰੀ ਚਾਰਜਸ਼ੀਟ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਨੂੰ ਲੈ ਕੇ ਮਾਣਯੋਗ ਅਦਾਲਤ ਵਿਚ ਆਉਣ ਵਾਲੇ ਦਿਨਾਂ ਵਿਚ ਦਾਖ਼ਲ ਕੀਤੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com