ਜਲੰਧਰ-ਥਾਣਾ ਮਕਸੂਦਾਂ ਅਧੀਨ ਪੈਂਦੀ ਮੰਡ ਚੌਂਕੀ ਅਧੀਨ ਆਉਂਦੇ ਪਿੰਡ ਦੇਸਰਪੁਰ ਵਿਖੇ ਦੋ ਧਿਰਾਂ ਵਿਚ ਖ਼ੂਨੀ ਟਕਰਾਅ ਹੋਣ ਕਾਰਨ ਦੋਵਾਂ ਧਿਰਾਂ ਦੇ ਨੌਜਵਾਨਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਦਿੰਦੇ ਹੋਏ ਅਸ਼ੋਕ ਕੁਮਾਰ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਦੇਸਰਪੁਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜਿੰਮ ਵਿਚ ਉਨ੍ਹਾਂ ਦਾ ਪਿੰਡ ਦੇ ਇਕ ਨੌਜਵਾਨ ਨਾਲ ਝਗੜਾ ਹੋਇਆ ਅਤੇ ਸ਼ਨੀਵਾਰ ਸਵੇਰੇ ਦੋਵੇਂ ਜਠੇਰਿਆਂ ਵਾਲੀ ਜਗ੍ਹਾ ’ਤੇ ਇਕੱਠੇ ਹੋਏ ਅਤੇ ਬੀਤੇ ਦਿਨੀਂ ਹੋਏ ਝਗੜੇ ਬਾਰੇ ਗੱਲ ਕਰਨ ਲੱਗੇ।
ਪੀੜਤ ਅਸ਼ੋਕ ਨੇ ਦੱਸਿਆ ਕਿ ਝਗੜੇ ਨੇ ਅਚਾਨਕ ਹਿੰਸਕ ਰੂਪ ਧਾਰ ਲਿਆ ਅਤੇ ਦੂਜੀ ਧਿਰ ਦੇ ਨੌਜਵਾਨ ਨੇ ਉਸ ਦੇ ਹੱਥ ਵਿਚੋਂ ਲੋਹੇ ਦਾ ਖੰਡਾ ਕੱਢ ਕੇ ਉਸ ਦੇ ਬੁੱਲ੍ਹ ’ਤੇ ਮਾਰਿਆ, ਜਿਸ ਕਾਰਨ ਉਸ ਦਾ ਬੁੱਲ੍ਹ ਫਟ ਗਿਆ ਅਤੇ ਖ਼ੂਨ ਵਹਿਣ ਲੱਗ ਪਿਆ। ਉਸ ਨੇ ਦੱਸਿਆ ਕਿ ਇਸੇ ਦੌਰਾਨ ਹਮਲਾਵਰ ਨੌਜਵਾਨ ਦਾ ਭਰਾ ਵੀ ਆ ਗਿਆ ਅਤੇ ਦੋਵਾਂ ਨੇ ਉਸ ’ਤੇ ਲੋਹੇ ਦੇ ਖੰਡੇ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੇ ਸਿਰ ’ਤੇ ਡੂੰਘੀ ਸੱਟ ਲੱਗ ਗਈ।
ਅਸ਼ੋਕ ਨੇ ਦੱਸਿਆ ਕਿ ਖ਼ੂਨ ਨਾਲ ਲਥਪਥ ਪੁਲਸ ਮੈਨੂੰ ਪਹਿਲਾਂ ਮੰਡ ਚੌਂਕੀ ਲੈ ਗਈ, ਜਿੱਥੇ ਪੁਲਸ ਨੇ ਉਸ ਨੂੰ ਪਹਿਲਾਂ ਆਪਣਾ ਇਲਾਜ ਕਰਵਾਉਣ ਲਈ ਕਿਹਾ ਅਤੇ ਇਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਸਿਵਲ ਹਸਪਤਾਲ ਲੈ ਗਏ, ਜਿੱਥੇ ਦੇਰ ਸ਼ਾਮ ਤੱਕ ਉਸ ਦਾ ਇਲਾਜ ਚੱਲ ਰਿਹਾ ਸੀ। ਇਸ ਲੜਾਈ ਦੀ ਵੀਡੀਓ ਦੁਪਹਿਰ ਤੋਂ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ।
ਇਸ ਤੋਂ ਬਾਅਦ ਦੂਜੇ ਪਾਸੇ ਤੋਂ ਇਕ ਜ਼ਖ਼ਮੀ ਨੌਜਵਾਨ ਵੀ ਇਲਾਜ ਲਈ ਸਿਵਲ ਹਸਪਤਾਲ ਪਹੁੰਚਿਆ। ਮੰਡ ਚੌਕੀ ਪੁਲਸ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਇਸ ਦੌਰਾਨ ਦੂਜੀ ਧਿਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅਸ਼ੋਕ ਕੁਮਾਰ ਵੱਲੋਂ ਉਨ੍ਹਾਂ ਨੂੰ ਗਾਲੀ-ਗਲੋਚ ਕੀਤਾ ਗਿਆ ਸੀ, ਜਿਸ ਨਾਲ ਲੜਾਈ-ਝਗੜੇ ਦਾ ਮਾਹੌਲ ਬਣਿਆ। ਉਨ੍ਹਾਂ ਕਿਹਾ ਕਿ ਧੱਕਾ ਮੁੱਕੀ ਹੋਈ ਸੀ, ਜਿਸ ਨਾਲ ਉਹ ਸੜਕ ’ਤੇ ਡਿੱਗ ਗਿਆ ਤੇ ਸੱਟ ਲੱਗੀ ਹੈ।
Credit : www.jagbani.com