ਜਲੰਧਰ- ਪੰਜਾਬ ਦੇ 114 ਸਾਲਾ ਦੇ ਦੌੜਾਕ ਫ਼ੌਜਾ ਸਿੰਘ ਦਾ ਅੱਜ ਜੱਦੀ ਪਿੰਡ ਬਿਆਸ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਫ਼ੌਜਾ ਸਿੰਘ ਨੂੰ ਅੰਤਿਮ ਵਿਦਾਈ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ, ਪਵਨ ਟੀਨੂ, ਕੈਬਨਿਟ ਮੰਤਰੀ ਮੋਹਿੰਦਰ ਭਗਤ ਸਮੇਤ ਕਈ ਸਿਆਸੀ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਭਗਵੰਤ ਸਿੰਘ ਮਾਨ ਨੇ ਮਹਾਨ ਦੌੜਾਕ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਉਨ੍ਹਾਂ ਨੇ ਪਰਿਵਾਰ ਵਾਲਿਆਂ ਨਾਲ ਦੁੱਖ਼ ਪ੍ਰਗਟਾਇਆ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਦਾਰ ਫ਼ੌਜਾ ਸਿੰਘ, ਜਿਨ੍ਹਾਂ ਨੇ ਕਈ ਮੈਰਾਥਨ ਜਿੱਤੀਆਂ, ਸਨ। ਉਨ੍ਹਾਂ ਦੇਸ਼ ਦਾ ਨਾਂ ਉੱਚਾ ਕੀਤਾ ਹੈ। ਦੇਸ਼ ਨੂੰ ਮਾਣ ਦਿਵਾਇਆ ਹੈ। ਅੱਜ ਉਨ੍ਹਾਂ ਦੀ ਅੰਤਿਮ ਯਾਤਰਾ ਦੌਰਾਨ ਬਹੁਤ ਸਾਰੇ ਲੋਕ ਪਹੁੰਚੇ ਹਨ, ਇਥੋਂ ਪਤਾ ਲੱਗਦਾ ਹੈ ਕਿ ਉਹ ਸਭ ਦੇ ਕਿੰਨੇ ਹਰਮਨਪਿਆਰੇ ਸਨ। ਮੁੱਖ ਮੰਤਰੀ ਨੇ ਐਲਾਨ ਕਰਦੇ ਕਿਹਾ ਕਿ ਪਿੰਡ ਦੀ ਪੰਚਾਇਤ ਦੇ ਫ਼ੈਸਲੇ ਅਨੁਸਾਰ ਫ਼ੌਜਾ ਸਿੰਘ ਦੇ ਨਾਂ ਉਨ੍ਹਾਂ ਦੇ ਪਿੰਡ ਦੇ ਸਕੂਲ ਦਾ ਫ਼ੌਜਾ ਸਿੰਘ ਦੇ ਨਾਂ 'ਤੇ ਰੱਖਿਆ ਜਾਵੇਗਾ । ਪਿੰਡ ਦੇ ਸਟੇਡੀਅਮ ਵਿੱਚ ਫ਼ੌਜਾ ਸਿੰਘ ਦਾ ਬੁੱਤ ਲਗਾਇਆ ਜਾਵੇਗਾ ਤਾਂਕਿ ਲੋਕ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖ ਸਕਣ।

ਨਸ਼ਿਆਂ ਵਿਰੁੱਧ ਜੰਗ ਵਿੱਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਉਹ ਮੇਰੇ ਨਾਲ ਵੀ ਗੱਲ ਕਰਦੇ ਰਹੇ ਹਨ। ਉਨ੍ਹਾਂ ਦੇ ਯੋਗਦਾਨ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸੜਕ ਹਾਦਸਿਆਂ ਨੂੰ ਰੋਕਣ ਲਈ ਇਕ ਸੜਕ ਸੁਰੱਖਿਆ ਬਲ ਬਣਾਇਆ ਹੈ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਫ਼ੌਜਾ ਸਿੰਘ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ। ਭਗਵੰਤ ਮਾਨ ਨੇ ਕਿਹਾ ਕਿ ਸਰਦਾਰ ਫ਼ੌਜਾ ਸਿੰਘ 114 ਸਾਲ ਦੀ ਉਮਰ ਭੋਗ ਕੇ ਗਏ ਹਨ। 114 ਸਾਲ ਦੇ ਫ਼ੌਜਾ ਸਿੰਘ ਨੇ ਪੰਜਾਬ ਦੇ ਜਵਾਨੀ ਨੂੰ ਵੀ ਸੁਨੇਹਾ ਦਿੱਤਾ ਹੈ ਕਿ ਆਪਣੇ ਸਰੀਰ ਨੂੰ ਜੇਕਰ ਪਿਆਰ ਕਰੋਗੇ ਤਾਂ ਉਮਰਾਂ ਤੁਹਾਡੇ ਰਾਹ ਵਿਚ ਨਹੀਂ ਆ ਸਕਦੀਆਂ ਹਨ।

ਜ਼ਿਕਰਯੋਗ ਹੈ ਕਿ 114 ਸਾਲ ਦੇ ਫ਼ੌਜਾ ਸਿੰਘ ਦੀ ਉਨ੍ਹਾਂ ਦੇ ਘਰ ਤੋਂ ਹੀ ਕੁਝ ਦੂਰੀ 'ਤੇ ਸੜਕ ਹਾਦਸੇ ਦੌਰਾਨ ਜਾਨ ਚਲੀ ਗਈ ਸੀ। ਉਨ੍ਹਾਂ ਨੂੰ ਫਾਰਚਿਊਨਰ ਕਾਰ ਸਵਾਰ ਐੱਨ. ਆਰ. ਆਈ. ਅੰਮ੍ਰਿਤਪਾਲ ਸਿੰਘ ਢਿੱਲੋਂ ਨੇ ਟੱਕਰ ਮਾਰ ਦਿੱਤੀ ਸੀ। ਟੱਕਰ ਤੋਂ ਬਾਅਦ ਫ਼ੌਜਾ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਸਨ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਜਲੰਧਰ ਦਿਹਾਤੀ ਪੁਲਸ ਨੇ ਹਾਦਸੇ ਤੋਂ 30 ਘੰਟੇ ਬਾਅਦ ਹੀ ਮੁਲਜ਼ਮ ਦੀ ਪਛਾਣ ਕਰ ਲਈ ਸੀ। ਐੱਨ. ਆਰ. ਆਈ. ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਦੀ ਫਾਰਚਿਊਨਰ ਗੱਡੀ ਨੂੰ ਵੀ ਬਰਾਮਦ ਕੀਤਾ ਗਿਆ। ਪੁਲਸ ਨੇ ਅੰਮ੍ਰਿਤਪਾਲ ਨੂੰ ਕੋਰਟ ‘ਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ।
ਫ਼ੌਜਾ ਸਿੰਘ ਦੇ ਨਾਂ ਹਨ ਇਹ ਰਿਕਾਰਡ
2000 ਲੰਡਨ ਮੈਰਾਥਨ: 6 ਘੰਟੇ 54 ਮਿੰਟ
2001 ਲੰਡਨ ਮੈਰਾਥਨ: 6 ਘੰਟੇ 54 ਮਿੰਟ
2002 ਲੰਡਨ ਮੈਰਾਥਨ: 6 ਘੰਟੇ 45 ਮਿੰਟ
2003 ਲੰਡਨ ਮੈਰਾਥਨ: 6 ਘੰਟੇ 2 ਮਿੰਟ
2003 ਨਿਊਯਾਰਕ ਸਿਟੀ ਮੈਰਾਥਨ: 7 ਘੰਟੇ 35 ਮਿੰਟ
2003 ਟੋਰਾਂਟੋ ਵਾਟਰਫਰੰਟ ਮੈਰਾਥਨ: 5 ਘੰਟੇ 40 ਮਿੰਟ (ਨਿੱਜੀ ਸਰਵੋਤਮ)
2004 ਗਲਾਸਗੋ ਸਿਟੀ ਹਾਫ ਮੈਰਾਥਨ: 2 ਘੰਟੇ 33 ਮਿੰਟ
2004 ਲੰਡਨ ਮੈਰਾਥਨ: 6 ਘੰਟੇ 7 ਮਿੰਟ
2004 ਟੋਰਾਂਟੋ ਵਾਟਰਫਰੰਟ ਹਾਫ ਮੈਰਾਥਨ: 2 ਘੰਟੇ 29 ਮਿੰਟ 59 ਸਕਿੰਟ
2011 ਟੋਰਾਂਟੋ ਵਾਟਰਫਰੰਟ ਮੈਰਾਥਨ: 8 ਘੰਟੇ 11 ਮਿੰਟ
2012 ਹਾਂਗ ਕਾਂਗ ਮੈਰਾਥਨ (10 ਕਿਲੋਮੀਟਰ): 1 ਘੰਟਾ 34 ਮਿੰਟ
2012 ਲੰਡਨ ਮੈਰਾਥਨ: 7 ਘੰਟੇ 49 ਮਿੰਟ 21 ਸਕਿੰਟ
2013 ਹਾਂਗ ਕਾਂਗ ਮੈਰਾਥਨ (10 ਕਿਲੋਮੀਟਰ): 1 ਘੰਟਾ 32 ਮਿੰਟ 28 ਸਕਿੰਟ
Credit : www.jagbani.com