ਦੇਰ ਨਾਲ ਮਾਂ ਬਣਨ ਦਾ ਸੁਪਨਾ ਵੇਖ ਰਹੀਆਂ ਔਰਤਾਂ ’ਚ ‘ਐੱਗ-ਫ੍ਰੀਜ਼ਿੰਗ’ ਤਕਨੀਕ ਦੀ ਮੰਗ ਵਧੀ

ਦੇਰ ਨਾਲ ਮਾਂ ਬਣਨ ਦਾ ਸੁਪਨਾ ਵੇਖ ਰਹੀਆਂ ਔਰਤਾਂ ’ਚ ‘ਐੱਗ-ਫ੍ਰੀਜ਼ਿੰਗ’ ਤਕਨੀਕ ਦੀ ਮੰਗ ਵਧੀ

ਨਵੀਂ ਦਿੱਲੀ – ਦੇਰ ਨਾਲ ਮਾਂ ਬਣਨ, ਵਧਦੇ ਬਾਂਝਪਨ ਅਤੇ ਜਣੇਪਾ ਸਮਰੱਥਾ ਸੁਰੱਖਿਆ ਬਾਰੇ ਔਰਤਾਂ ’ਚ ਵਧਦੀ ਜਾਗਰੂਕਤਾ ਕਾਰਨ ਦੇਸ਼ ਭਰ ਵਿਚ ਐੱਗ-ਫ੍ਰੀਜ਼ਿੰਗ ਤਕਨੀਕ ਦੀ ਮੰਗ ਵਧਦੀ ਜਾ ਰਹੀ ਹੈ। ਇਨ-ਵਿਟਰੋ ਫਰਟੀਲਾਈਜ਼ੇਸ਼ਨ (ਆਈ. ਵੀ. ਐੱਫ.) ਤੇ ਜਣੇਪਾ ਮਾਹਿਰਾਂ ਨੇ ਐੱਗ-ਫ੍ਰੀਜ਼ਿੰਗ ਤਕਨੀਕ ਦੀ ਪੁੱਛਗਿੱਛ ਵਿਚ ਵਰਣਨਯੋਗ ਵਾਧਾ ਦਰਜ ਕੀਤਾ ਹੈ।

ਗੂਗਲ ਟਰੈਂਡਸ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਇਕ ਸਾਲ ਵਿਚ ਭਾਰਤ ’ਚ ‘ਐੱਗ-ਫ੍ਰੀਜ਼ਿੰਗ’ ਦੀਆਂ ਖੋਜਾਂ ਵਿਚ 150 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ, ਜਿਸ ਵਿਚ ਸਭ ਤੋਂ ਜ਼ਿਆਦਾ ਵਾਧਾ ਦਿੱਲੀ, ਮੁੰਬਈ ਤੇ ਬੈਂਗਲੁਰੂ ’ਚ ਦਰਜ ਕੀਤਾ ਗਿਆ ਹੈ।

ਵਧਦੀ ਉਮਰ ’ਚ ਮਾਂ ਬਣਨ ਦਾ ਸੁੱਖ
ਜਾਣਕਾਰਾਂ ਦਾ ਕਹਿਣਾ ਹੈ ਕਿ ਅੱਜ ਦੇ ਦੌਰ ਵਿਚ ਬਹੁਤ ਸਾਰੀਆਂ ਔਰਤਾਂ ਅਜਿਹੀਆਂ ਹਨ ਜੋ ਜਲਦੀ ਵਿਆਹ ਨਹੀਂ ਕਰਵਾਉਣਾ ਚਾਹੁੰਦੀਆਂ। ਇਸੇ ਤਰ੍ਹਾਂ ਬਹੁਤ ਸਾਰੀਆਂ ਔਰਤਾਂ ਵਿਆਹ ਤੋਂ ਬਾਅਦ ਵੀ ਮੈਡੀਕਲ ਕੰਡੀਸ਼ਨ, ਕਰੀਅਰ ਜਾਂ ਹੋਰ ਕਾਰਨਾਂ ਕਰ ਕੇ ਬੱਚਿਆਂ ਨੂੰ ਜਨਮ ਦੇਣ ਲਈ ਤਿਆਰ ਨਹੀਂ।

ਅਜਿਹੀ ਸਥਿਤੀ ’ਚ ਉਨ੍ਹਾਂ ਦੇ ਮਨ ਵਿਚ ਇਕ ਡਰ ਇਹ ਵੀ ਹੁੰਦਾ ਹੈ ਕਿ ਵਧਦੀ ਉਮਰ ’ਚ ਉਨ੍ਹਾਂ ਨੂੰ ਮਾਂ ਬਣਨ ਦਾ ਸੁੱਖ ਮਿਲੇਗਾ ਜਾਂ ਨਹੀਂ। ਉਹ ਇਸ ਚਿੰਤਾ ਨੂੰ ਘੱਟ ਕਰਨ ਲਈ ਹੁਣ ਐੱਗ-ਫ੍ਰੀਜ਼ਿੰਗ ਤਕਨੀਕ ਵੱਲ ਰੁਖ਼ ਕਰ ਰਹੀਆਂ ਹਨ, ਜਿਸ ਦੇ ਰਾਹੀਂ ਵਧਦੀ ਉਮਰ ’ਚ ਵੀ ਉਨ੍ਹਾਂ ਦਾ ਮਾਂ ਬਣਨ ਦਾ ਸੁਪਨਾ ਪੂਰਾ ਹੋ ਸਕਦਾ ਹੈ।

ਕੀ ਹੈ ਐੱਗ-ਫ੍ਰੀਜ਼ਿੰਗ ਤਕਨੀਕ
ਐੱਗ-ਫ੍ਰੀਜ਼ਿੰਗ ਇਕ ਅਜਿਹੀ ਤਕਨੀਕ ਹੈ, ਜੋ ਓਸਾਈਟ ਕ੍ਰਾਯੋਪ੍ਰਿਜ਼ਰਵੇਸ਼ਨ ਦੇ ਤੌਰ ’ਤੇ ਵੀ ਜਾਣੀ ਜਾਂਦੀ ਹੈ। ਇਸ ਤਕਨੀਕ ’ਚ ਔਰਤ ਦੀ ਅੰਡੇਦਾਨੀ ’ਚੋਂ ਅੰਡੇ ਕੱਢ ਕੇ ਫ੍ਰੀਜ਼ ਕੀਤੇ ਜਾਂਦੇ ਹਨ। ਜਦੋਂ ਵੀ ਔਰਤ ਗਰਭ ਧਾਰਨ ਕਰਨਾ ਚਾਹੁੰਦੀ ਹੈ ਤਾਂ ਫ੍ਰੀਜ਼ ਕੀਤੇ ਗਏ ਅੰਡਿਆਂ ਨੂੰ ਪਤੀ ਦੇ ਸ਼ੁਕਰਾਣੂ ਦੇ ਨਾਲ ਫਰਟੀਲਾਈਜ਼ ਕਰ ਕੇ ਬੱਚੇਦਾਨੀ ਵਿਚ ਪਾ ਦਿੱਤਾ ਜਾਂਦਾ ਹੈ।

ਕਦੋਂ ਕਰਵਾਉਣੀ ਚਾਹੀਦੀ ਹੈ ਐੱਗ ਫ੍ਰੀਜ਼ਿੰਗ
ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਐੱਗ-ਫ੍ਰੀਜ਼ਿੰਗ ਦਾ ਸਭ ਤੋਂ ਚੰਗਾ ਸਮਾਂ 20 ਤੋਂ 30 ਸਾਲ ਦੀ ਉਮਰ ਹੁੰਦੀ ਹੈ। ਅਸਲ ’ਚ ਇਸ ਦੌਰਾਨ ਅੰਡੇ ਜ਼ਿਆਦਾ ਉਪਜਾਊ ਹੁੰਦੇ ਹਨ ਅਤੇ ਇਨ੍ਹਾਂ ਦੀ ਮਾਤਰਾ ਤੇ ਗੁਣਵੱਤਾ ਵੀ ਕਾਫੀ ਬਿਹਤਰ ਹੁੰਦੀ ਹੈ। ਜਿਵੇਂ-ਜਿਵੇਂ ਉਮਰ ਵਧਣ ਲੱਗਦੀ ਹੈ, ਅੰਡੇ ਦੀ ਜਣੇਪਾ ਸਮਰੱਥਾ ਵਿਚ ਕਮੀ ਆ ਸਕਦੀ ਹੈ। ਇੰਨਾ ਹੀ ਨਹੀਂ, ਵਧਦੀ ਉਮਰ ਵਿਚ ਐੱਗ-ਫ੍ਰੀਜ਼ਿੰਗ ਕਰਵਾਉਣ ਨਾਲ ਕਈ ਹੋਰ ਸਮੱਸਿਆਵਾਂ ਵੀ ਸਾਹਮਣੇ ਆ ਸਕਦੀਆਂ ਹਨ।

ਕੀ ਕਹਿੰਦੇ ਹਨ ਸਿਹਤ ਮਾਹਿਰ
ਬਿੜਲਾ ਫਰਟੀਲਿਟੀ ਐਂਡ ਆਈ. ਵੀ. ਐੱਫ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਭਿਸ਼ੇਕ ਅਗਰਵਾਲ ਦੇ ਹਵਾਲੇ ਨਾਲ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਿੱਥੇ ਕਈ ਔਰਤਾਂ ਸਿੱਖਿਆ, ਕਰੀਅਰ ਤੇ ਨਿੱਜੀ ਟੀਚਿਆਂ ਵੱਲ ਧਿਆਨ ਦੇਣ ਲਈ ਪਰਿਵਾਰ ਨਿਯੋਜਨ ਨੂੰ ਮੁਲਤਵੀ ਕਰ ਰਹੀਆਂ ਹਨ, ਉੱਥੇ ਹੀ ਪਾਲੀਸਿਸਟਿਕ ਓਵਰੀ ਸਿੰਡ੍ਰੋਮ (ਪੀ. ਸੀ. ਓ. ਐੱਸ.), ਐਂਡੋਮੈਟ੍ਰੀਯੋਸਿਸ ਵਰਗੀਆਂ ਬੀਮਾਰੀਆਂ ਤੋਂ ਪੀੜਤ ਜਾਂ ਕੀਮੋਥੈਰੇਪੀ ਵਰਗੇ ਜਣੇਪਾ ਸਮਰੱਥਾ ਨੂੰ ਪ੍ਰਭਾਵਿਤ ਕਰਨ ਵਾਲੇ ਇਲਾਜਾਂ ’ਚੋਂ ਲੰਘ ਰਹੀਆਂ ਔਰਤਾਂ ਵਿਚ ਮੈਡੀਕਲ ਐੱਗ-ਫ੍ਰੀਜ਼ਿੰਗ ਬਾਰੇ ਜਾਗਰੂਕਤਾ ਵਧ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੇ ਕੇਂਦਰਾਂ ’ਤੇ ਹਰ ਮਹੀਨੇ ਐੱਗ-ਫ੍ਰੀਜ਼ਿੰਗ ਸਬੰਧੀ 500-800 ਪੁੱਛਗਿੱਛ ਆ ਰਹੀਆਂ ਹਨ।

Credit : www.jagbani.com

  • TODAY TOP NEWS