ਜਲੰਧਰ–ਸੈਂਕੜੇ ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਗ੍ਰਿਫ਼ਤਾਰ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਦੇ ਕੇਸ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਸ਼ਨੀਵਾਰ ਮਾਣਯੋਗ ਅਦਾਲਤ ਵੱਲੋਂ ਅੰਤ੍ਰਿਮ ਜ਼ਮਾਨਤ ’ਤੇ ਬਾਹਰ ਆਏ ਵਿਧਾਇਕ ਅਰੋੜਾ ਦੇ ਬੇਟੇ ਰਾਜਨ ਅਰੋੜਾ ਨੂੰ ਵਿਜੀਲੈਂਸ ਵੱਲੋਂ ਲਗਭਗ 35 ਸਵਾਲਾਂ ਦਾ ਇਕ ਦਸਤਾਵੇਜ਼ ਦਿੱਤਾ ਗਿਆ, ਜਿਸ ਵਿਚ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਦੀ ਕੰਪਨੀ ਦੀ ਟਰਾਂਜੈਕਸ਼ਨ ਤੋਂ ਲੈ ਕੇ ਉਨ੍ਹਾਂ ਦੇ ਨਾਂ ’ਤੇ ਜਾਇਦਾਦ ਅਤੇ ਹੋਰ ਕਈ ਸਵਾਲ ਪੁੱਛੇ ਗਏ ਹਨ, ਜਿਨ੍ਹਾਂ ਦਾ ਜਵਾਬ ਦੇਣ ਸਬੰਧੀ ਵਿਜੀਲੈਂਸ ਵੱਲੋਂ ਰਾਜਨ ਅਰੋੜਾ ਨੂੰ ਸਮਾਂ ਦਿੱਤਾ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਵਿਜੀਲੈਂਸ ਅਧਿਕਾਰੀਆਂ ਨੂੰ ਪਿਛਲੇ ਦਿਨੀਂ ਵਿਧਾਇਕ ਰਮਨ ਅਰੋੜਾ ਖ਼ਿਲਾਫ਼ ਚਾਰਜਸ਼ੀਟ ਤਾਂ ਫਾਈਲ ਕਰ ਦਿੱਤੀ ਗਈ ਸੀ ਪਰ ਉਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਬੇਟੇ ਰਾਜਨ ਅਰੋੜਾ ਨੂੰ ਹਾਈਕੋਰਟ ਤੋਂ ਅੰਤ੍ਰਿਮ ਜ਼ਮਾਨਤ ਮਿਲਣ ਤੋਂ ਬਾਅਦ ਵਿਜੀਲੈਂਸ ਦੀ ਇਨਵੈਸਟੀਗੇਸ਼ਨ ਜੁਆਇਨ ਕਰਨ ਸਬੰਧੀ ਹੁਕਮ ਦਿੱਤਾ ਗਿਆ ਸੀ, ਜਿਸ ਦੀ ਬਿਨ੍ਹਾ ’ਤੇ ਰਾਜਨ ਅਰੋੜਾ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਇਆ।
ਸੂਤਰਾਂ ਦੀ ਮੰਨੀਏ ਤਾਂ ਵਿਧਾਇਕ ਰਮਨ ਅਰੋੜਾ ਦੇ ਬੇਟੇ ਰਾਜਨ ਅਰੋੜਾ ਨੂੰ ਡੀ. ਐੱਸ. ਪੀ. ਵਿਜੀਲੈਂਸ ਨੇ ਇਨਵੈਸਟੀਗੇਸ਼ਨ ਜੁਆਇਨ ਕਰਨ ਸਮੇਂ ਉਨ੍ਹਾਂ ਕੋਲੋਂ ਲੰਮੀ ਪੁੱਛਗਿੱਛ ਤੋਂ ਬਾਅਦ ਕੁੱਲ੍ਹ 35 ਸਵਾਲਾਂ ਦਾ ਇਕ ਦਸਤਾਵੇਜ਼ ਦਿੱਤਾ ਹੈ, ਜਿਸ ਵਿਚ ਉਨ੍ਹਾਂ ਦੇ ਰਿਸ਼ਤੇਦਾਰ ਦੀ ਜਗਦੰਬੇ ਫੈਸ਼ਨ ਜੋਤੀ ਚੌਂਕ, ਐੱਮ. ਐੱਲ. ਏ. ਦਫ਼ਤਰ ਦੇ ਨਾਲ ਸਥਿਤ 5 ਦੁਕਾਨਾਂ, ਉਨ੍ਹਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਖਾਤਿਆਂ ਵਿਚ ਆਏ ਕਰੋੜਾਂ ਰੁਪਏ ਦੀ ਟਰਾਂਜੈਕਸ਼ਨ ਦੇ ਨਾਲ ਉਨ੍ਹਾਂ ਦੀ ਕੱਪੜੇ ਦੀ ਫਰਮ ਦੀ ਟਰਨਓਵਰ ਅਤੇ ਇਸ ਦੇ ਨਾਲ ਸ਼ਹਿਰ ਵਿਚ ਉਨ੍ਹਾਂ ਵੱਲੋਂ ਜਿਹੜੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਨਾਂ ’ਤੇ ਜਾਇਦਾਦਾਂ ਬਣਾਈਆਂ ਗਈਆਂ ਹਨ, ਉਨ੍ਹਾਂ ਬਾਰੇ ਵੇਰਵਾ ਮੰਗਿਆ ਹੈ। ਅਧਿਕਾਰਕ ਸੂਤਰਾਂ ਦੀ ਮੰਨੀਏ ਤਾਂ ਵਿਜੀਲੈਂਸ ਵੱਲੋਂ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਲਈ ਰਾਜਨ ਅਰੋੜਾ ਨੂੰ ਕੁਝ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਖ਼ਾਸ ਕਰਕੇ ਇਕ ਅਹਿਮ ਕੜੀ ਜੋ ਵਿਜੀਲੈਂਸ ਲੱਭਣਾ ਚਾਹੁੰਦੀ ਹੈ ਕਿ ਕਿਸ ਤਰ੍ਹਾਂ ਰਾਜਨ ਅਰੋੜਾ ਅਤੇ ਵਿਧਾਇਕ ਰਮਨ ਅਰੋੜਾ ਆਪਣੇ ਕੁੜਮ ਰਾਜੂ ਮਦਾਨ ਨਾਲ ਮਿਲ ਕੇ ਇਸ ਨੈਕਸਸ ਨੂੰ ਚਲਾ ਰਹੇ ਸਨ।
ਹੁਣ ਤਕ ਵਿਜੀਲੈਂਸ ਕੋਲ ਵਿਧਾਇਕ ਰਮਨ ਅਰੋੜਾ ਖ਼ਿਲਾਫ਼ ਕਈ ਲੋਕਾਂ ਦਾ ਬਿਆਨ ਦਰਜ ਕਰਵਾਏ ਗਏ ਹਨ, ਜਿਨ੍ਹਾਂ ਵਿਚ ਮਹੇਸ਼ ਮਖੀਜਾ ਦੇ ਨਾਲ ਇੰਸ. ਹਰਪ੍ਰੀਤ ਕੌਰ ਦਾ ਨਾਂ ਸਾਹਮਣੇ ਆਇਆ ਹੈ ਪਰ ਹੁਣ ਵਿਜੀਲੈਂਸ ਰਾਜਨ ਅਰੋੜਾ ਜ਼ਰੀਏ ਰਾਜੂ ਮਦਾਨ ਦਾ ਕੁਨੈਕਸ਼ਨ ਵੀ ਲੱਭਣ ਵਿਚ ਲੱਗੀ ਹੋਈ ਹੈ। ਸੂਤਰਾਂ ਦੇ ਮੁਤਾਬਕ ਵਿਜੀਲੈਂਸ ਵੱਲੋਂ ਦਿੱਤੇ ਗਏ ਸਵਾਲਾਂ ਵਿਚ ਰਾਜੂ ਮਦਾਨ ਬਾਰੇ ਵੀ ਜ਼ਿਕਰ ਹੈ। ਹੁਣ ਵੇਖਣਾ ਇਹ ਹੈ ਕਿ ਵਿਜੀਲੈਂਸ ਕਿਸ ਤਰ੍ਹਾਂ ਇਸ ਇਨਵੈਸਟੀਗੇਸ਼ਨ ਨੂੰ ਪੂਰਾ ਕਰਦੀ ਹੈ।
ਜ਼ਿਕਰਯੋਗ ਹੈ ਕਿ 23 ਮਈ ਨੂੰ ਸਵੇਰੇ ਮੰਦਿਰ ਮੱਥਾ ਟੇਕਣ ਸਮੇਂ ਅਚਾਨਕ ਵਿਜੀਲੈਂਸ ਦੀ ਟੀਮ ਨੇ ਵਿਧਾਇਕ ਰਮਨ ਅਰੋੜਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ, ਹਾਲਾਂਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣੇ ਿਵਧਾਇਕ ਖ਼ਿਲਾਫ਼ ਮਾਮਲਾ ਦਰਜ ਕਰਨਾ ਅਤੇ ਬਾਅਦ ਵਿਚ ਉਸ ਦੀ ਗ੍ਰਿਫ਼ਤਾਰੀ ਉਪਰੰਤ ਰਾਜ਼ਦਾਰ ਮਹੇਸ਼ ਮਖੀਜਾ ਤੇ ਮਹਿਲਾ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਵਿਧਾਇਕ ਰਮਨ ਅਰੋੜਾ ਵੱਲੋਂ ਸ਼ਹਿਰ ਵਿਚ ਇਕ ਸੋਚਿਆ ਸਮਝਿਆ ਜਬਰੀ ਵਸੂਲੀ ਨੈੱਟਵਰਕ ਨਗਰ ਨਿਗਮ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਚਲਾਇਆ ਜਾ ਰਿਹਾ ਸੀ, ਜਿਸ ਵਿਚ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਵੱਲੋਂ ਉਸਾਰੀ ਅਧੀਨ ਬਿਲਡਿੰਗਾਂ ਦੇ ਮਾਲਕਾਂ ਨੂੰ ਿਸ ਭੇਜ ਕੇ ਬਾਅਦ ਵਿਚ ਉਨ੍ਹਾਂ ਨੂੰ ਪ੍ਰੇਸ਼ਾਨ ਕਰਕੇ ਵਿਧਾਇਕ ਰਮਨ ਅਰੋੜਾ ਕੋਲ ਭੇਜਿਆ ਜਾਂਦਾ ਸੀ। ਬਾਅਦ ਵਿਚ ਵਿਧਾਇਕ ਖੁਦ ਹੀ ਸੈਟਿੰਗ ਕਰਕੇ ਬਿਲਡਿੰਗਾਂ ਦੀ ਸੀਲ ਖੁਲ੍ਹਵਾ ਦਿੰਦੇ ਹੁੰਦੇ ਸਨ ਅਤੇ ਲੱਖਾਂ ਰੁਪਏ ਦੀ ਸੌਦੇਬਾਜ਼ੀ ਉਨ੍ਹਾਂ ਦੇ ਦਫਤਰ ਵਿਚ ਬੈਠ ਕੇ ਚੱਲ ਰਹੀ ਸੀ। ਇੰਨਾ ਹੀ ਨਹੀਂ, ਸ਼ਹਿਰ ਦੇ ਇਕ ਚਰਚਿਤ ਪੁਲਸ ਅਧਿਕਾਰੀ ’ਤੇ ਵੀ ਵਿਧਾਇਕ ਰਮਨ ਅਰੋੜਾ ਦਾ ਆਸ਼ੀਰਵਾਦ ਸੀ, ਜਿਹੜਾ ਕਿ ਬਾਅਦ ਵਿਚ ਸ਼ਹਿਰ ਤੋਂ ਟਰਾਂਸਫਰ ਕਰ ਦਿੱਤਾ ਗਿਆ ਅਤੇ ਬਾਅਦ ਵਿਚ ਉਕਤ ਅਧਿਕਾਰੀ ਨੂੰ ਵਿਜੀਲੈਂਸ ਦਫਤਰ ਵੀ ਬੁਲਾਇਆ ਗਿਆ ਸੀ। ਇਸ ਸਾਰੇ ਮਾਮਲੇ ਵਿਚ ਵਿਜੀਲੈਂਸ ਵੱਲੋਂ ਵਿਧਾਇਕ ਰਮਨ ਅਰੋੜਾ ਦੇ ਬੇਟੇ ਰਾਜਨ ਅਰੋੜਾ, ਉਨ੍ਹਾਂ ਦੇ ਕੁੜਮ ਰਾਜੂ ਮਦਾਨ ਅਤੇ ਆਰ. ਟੀ. ਆਈ. ਐਕਟੀਵਿਸਟ ਸਮੇਤ ਹੋਰ ਕਈ ਲੋਕਾਂ ਨੂੰ ਕੇਸ ਵਿਚ ਨਾਮਜ਼ਦ ਕੀਤਾ ਗਿਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com