ਕੋਲਹਾਪੁਰ- ਭਾਰਤ ਦੀ ਸਭ ਤੋਂ ਮਸ਼ਹੂਰ ਪਰੰਪਰਾਗਤ ਹਥਕਲਾ 'ਚੋਂ ਇਕ ਕੋਲਹਾਪੁਰੀ ਚੱਪਲ ਨਾ ਸਿਰਫ਼ ਘਰੇਲੂ ਫੈਸ਼ਨ ਜਗਤ 'ਚ ਸਗੋਂ ਅੰਤਰਰਾਸ਼ਟਰੀ ਬਜ਼ਾਰਾਂ 'ਚ ਵੀ ਨਵੇਂ ਸਿਰੇ ਨਾਲ ਲੋਕਪ੍ਰਿਯ ਹੋ ਰਹੀ ਹੈ। ਪਰ ਹੁਣ ਇਹ ਚੱਪਲ ਇਕ ਨਵੇਂ ਵਿਵਾਦ ਵਿਚ ਆ ਗਈ ਹੈ। ਇਟਲੀ ਦੇ ਪ੍ਰਸਿੱਧ ਲਗਜ਼ਰੀ ਫੈਸ਼ਨ ਬ੍ਰਾਂਡ ਪ੍ਰਾਡਾ (Prada) 'ਤੇ ਕੋਲਹਾਪੁਰੀ ਚੱਪਲ ਦੇ ਡਿਜ਼ਾਈਨ ਦੇ ਗਲਤ ਵਰਤੋਂ ਦਾ ਦੋਸ਼ ਲਾਇਆ ਗਿਆ ਹੈ।
ਇਹ ਚੱਪਲ ਆਪਣੀ ਜਟਿਲ ਕਲਾਕਾਰੀ, ਹੱਥ ਨਾਲ ਬਣਾਈ ਜਾਂਦੀ ਚਮੜੇ ਦੀ ਬਣਤਰ ਅਤੇ ਭੂਗੋਲਿਕ ਸੰਕੇਤਕ (GI) ਦਰਜੇ ਲਈ ਜਾਣੀ ਜਾਂਦੀ ਹੈ। ਹੁਣ ਇਸ ਚੱਪਲ ਨੂੰ QR ਕੋਡ ਨਾਲ ਸੁਰੱਖਿਆ ਅਤੇ ਪ੍ਰਮਾਣਿਕਤਾ ਦੀ ਇਕ ਨਵੀਂ ਪਰਤ ਦਿੱਤੀ ਜਾ ਰਹੀ ਹੈ, ਜਿਸ ਦਾ ਸਿਹਰਾ ਤਕਨਾਲੋਜੀ ਅਤੇ ਕਾਨੂੰਨੀ ਨਵੀਨਤਾ ਨੂੰ ਜਾਂਦਾ ਹੈ।
ਲਿਡਕੌਮ (Maharashtra Leather Industries Development Corporation) ਦੇ ਅਧਿਕਾਰੀਆਂ ਅਨੁਸਾਰ, ਇਹ ਕਦਮ ਨਕਲੀ ਚੱਪਲਾਂ ਦੀ ਵਿਕਰੀ ਰੋਕਣ, ਕਾਰੀਗਰ ਦੀ ਪਹਿਚਾਣ ਨੂੰ ਉਭਾਰਨ, ਖਰੀਦਦਾਰਾਂ ਵਿਚ ਭਰੋਸਾ ਵਧਾਉਣ ਅਤੇ ਹਥਕਲਾ ਨਾਲ ਜੁੜੇ ਕਾਰੀਗਰਾਂ ਦੀ ਮਾਰਕੀਟ ਪੋਜ਼ੀਸ਼ਨ ਮਜ਼ਬੂਤ ਕਰਨ ਲਈ ਚੁੱਕਿਆ ਗਿਆ ਹੈ।
ਪ੍ਰਾਡਾ 'ਤੇ ਦੋਸ਼ ਅਤੇ ਕਾਰੀਗਰਾਂ ਦਾ ਵਿਰੋਧ
ਹਾਲ ਹੀ 'ਚ ਪ੍ਰਾਡਾ ਦੇ ਨਵੇਂ ਕਲੈਕਸ਼ਨ 'ਚ ਕੋਲਹਾਪੁਰੀ ਚੱਪਲ ਵਰਗੇ ਡਿਜ਼ਾਈਨ ਦੇ ਫੁੱਟਵੇਅਰ ਨੂੰ ਸ਼ਾਮਲ ਕੀਤਾ ਗਿਆ, ਜਿਸ ਕਾਰਨ ਭਾਰਤੀ ਕਾਰੀਗਰਾਂ ਨੇ GI ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਲਾਉਂਦੇ ਹੋਏ ਵਿਰੋਧ ਕੀਤਾ। ਪ੍ਰਾਡਾ ਨੇ ਮੰਨਿਆ ਕਿ ਉਨ੍ਹਾਂ ਦੇ ਪੁਰਸ਼ਾਂ ਦੇ 2026ਦੇ ਫੈਸ਼ਨ ਸ਼ੋਅ 'ਚ ਦਿਖਾਈ ਗਈ ਚੱਪਲ ਭਾਰਤੀ ਪਰੰਪਰਾਗਤ ਹਥਕਲਾ ਤੋਂ ਪ੍ਰੇਰਿਤ ਸੀ। ਹਾਲਾਂਕਿ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਡਿਜ਼ਾਈਨ ਅਜੇ ਤੱਕ ਉਤਪਾਦਨ ਦੇ ਮੰਚ 'ਤੇ ਨਹੀਂ ਪਹੁੰਚੇ। ਇਸ ਮਾਮਲੇ ਤੋਂ ਬਾਅਦ, ਪ੍ਰਾਡਾ ਦੀ ਇਕ ਟੀਮ ਨੇ ਕੋਲਹਾਪੁਰ ਦਾ ਦੌਰਾ ਕੀਤਾ ਅਤੇ ਸਥਾਨਕ ਕਾਰੀਗਰਾਂ ਅਤੇ ਉਤਪਾਦਨ ਤਰੀਕਿਆਂ ਬਾਰੇ ਜਾਣਕਾਰੀ ਹਾਸਲ ਕੀਤੀ।
ਪਰੰਪਰਾਗਤ ਕਲਾ ਦੀ ਵਿਰਾਸਤ
12ਵੀਂ ਸਦੀ ਤੋਂ ਚੱਲੀ ਆ ਰਹੀ ਕੋਲਹਾਪੁਰੀ ਚੱਪਲ ਮੁੱਖ ਤੌਰ 'ਤੇ ਕੋਲਹਾਪੁਰ, ਸਾਂਗਲੀ ਅਤੇ ਸੋਲਾਪੁਰ ਜ਼ਿਲ੍ਹਿਆਂ 'ਚ ਬਣਾਈ ਜਾਂਦੀ ਹੈ। ਇਹ ਚੱਪਲਾਂ ਕੁਦਰਤੀ ਢੰਗ ਨਾਲ ਟੈਨ ਕੀਤੇ ਚਮੜੇ ਅਤੇ ਹੱਥ ਨਾਲ ਬੁਣੀਆਂ ਹੋਈਆਂ ਪੱਟੀਆਂ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ। 20ਵੀਂ ਸਦੀ ਦੀ ਸ਼ੁਰੂਆਤ 'ਚ ਛਤਰਪਤੀ ਸ਼ਾਹੂ ਮਹਾਰਾਜ ਨੇ ਇਸ ਹਥਕਲਾ ਨੂੰ ਉਤਸ਼ਾਹ ਦੇ ਕੇ ਆਤਮਨਿਰਭਰਤਾ ਅਤੇ ਦੇਸ਼ੀ ਮਾਣ ਦਾ ਪ੍ਰਤੀਕ ਬਣਾਇਆ।
QR ਕੋਡ ਨਾਲ ਨਵੀਂ ਸ਼ੁਰੂਆਤ
2019 'ਚ ਮਹਾਰਾਸ਼ਟਰ ਅਤੇ ਕਰਨਾਟਕ ਸਰਕਾਰਾਂ ਨੇ ਮਿਲ ਕੇ GI ਦਰਜਾ ਹਾਸਲ ਕੀਤਾ। ਹੁਣ ਹਰ ਜੋੜੇ ਚੱਪਲ ਨਾਲ ਇਕ QR ਕੋਡ ਜੁੜਿਆ ਹੋਇਆ ਹੋਵੇਗਾ, ਜਿਸ ਨੂੰ ਸਕੈਨ ਕਰਕੇ ਖਰੀਦਦਾਰ ਕਾਰੀਗਰ ਜਾਂ ਉਤਪਾਦਨ ਇਕਾਈ ਦਾ ਨਾਮ, ਸਥਾਨ, ਵਰਤੀ ਗਈ ਹਥਕਲਾ, ਕੱਚਾ ਮਾਲ, GI ਸਨਮਾਨ ਦੀ ਮਿਆਦ ਵਰਗੀਆਂ ਜਾਣਕਾਰੀਆਂ ਹਾਸਲ ਕਰ ਸਕਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com