ਬਨੂੜ-ਥਾਣਾ ਬਨੂੜ ਅਧੀਨ ਪੈਂਦੇ ਪਿੰਡ ਉੜਦਨ ਦੇ ਨੌਜਵਾਨ ਦਾ ਦੋਸਤਾਂ ਨੇ ਕਤਲ ਕਰਕੇ ਲਾਸ਼ ਨਹਿਰ ਕੰਢੇ ਝਾੜੀਆਂ ’ਚ ਦੱਬ ਦਿੱਤੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਦੇ ਹਵਾਲੇ ਕੀਤੇ ਇਕ ਨੌਜਵਾਨ ਦੀ ਸਨਾਖ਼ਤ ਅਤੇ ਲਾਸ਼ ਦੀ ਬਰਾਮਦਗੀ ਕਰਕੇ ਏ. ਪੀ. ਜੈਨ ਹਸਪਤਾਲ ਰਾਜਪੁਰਾ ਵਿਖੇ ਪੋਸਟਮਾਰਟਮ ਕਰਨ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨ ਤਰਸੇਮ ਲਾਲ ਕੁਆਰਾ ਸੀ।
ਮ੍ਰਿਤਕ ਦੇ ਭਰਾ ਪਵਨ ਕੁਮਾਰ ਪੁੱਤਰ ਮਾਮ ਰਾਜ ਨੇ ਦੱਸਿਆ ਕਿ ਮੇਰਾ ਭਰਾ ਤਰਸੇਮ ਸਿੰਘ 20 ਜੁਲਾਈ ਨੂੰ ਘਰ ਤੋਂ ਗਿਆ ਪਰ ਮੁੜ ਵਾਪਸ ਨਹੀਂ ਆਇਆ। ਉਪਰੰਤ 21 ਜੁਲਾਈ ਨੂੰ ਬਨੂੜ ਥਾਣੇ ਸ਼ਿਕਾਇਤ ਕੀਤੀ। ਉਨ੍ਹਾਂ ਦੱਸਿਆ ਕਿ 24 ਜੁਲਾਈ ਨੂੰ ਚੈੱਕ ਕੀਤੇ ਗੁਆਂਢੀਆਂ ਦੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਤਰਸੇਮ ਆਪਣੇ ਦੋਸਤ ਸ਼ੁਭਮ ਉਰਫ਼ ਸੁਭੀ ਵਾਸੀ ਖੇੜਾ ਗੱਜੂ ਦੇ ਮੋਟਰਸਾਈਕਲ ’ਤੇ ਜਾਂਦਾ ਵਿਖਾਈ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਜਦੋ ਮੈਂ ਆਪਣੇ ਰਿਸ਼ਤੇਦਾਰ ਸੁਭਾਸ਼ ਚੰਦ ਨਾਲ ਸੁਭਮ ਦੇ ਘਰ ਪਤਾ ਕਰਨ ਗਏ। ਸ਼ੁਭਮ ਵੇਖ ਕੇ ਘਬਰਾਅ ਗਿਆ ਅਤੇ ਆਪਣੇ ਦੋਸਤ ਤਰਸੇਮ ਦਾ ਕਾਤਲ ਕਰਨ ਦੀ ਗੱਲ ਕਬੂਲੀ। ਉਸ ਨੇ ਕਿਹਾ ਕਿ ਤਰਸੇਮ ਅਤੇ ਮੈਂ ਫਰੀਦਪੁਰ ਦੇ ਠੇਕੇ ’ਤੇ ਦਾਰੂ ਪੀਣ ਲਈ ਗਏ ਸਨ, ਉਥੇ ਜਸਪਾਲ ਸਿੰਘ ਟੋਨੀ ਮਾਣਕਪੁਰ ਅਤੇ ਗੁਰਪ੍ਰੀਤ ਸਿੰਘ ਟੈਟਾ ਵਾਸੀ ਪਿੰਡ ਗੀਗੇ ਮਾਜਰਾ ਅਤੇ ਕਰਨ ਨੇਪਾਲੀ ਵਾਸੀਅਨ ਗੀਗੇਮਾਜਰਾ ਵੀ ਆ ਗਏ।
ਇਹ ਸਾਰੇ ਨੇੜਲੇ ਪਿੰਡਾਂ ਦੇ ਹੋਣ ਕਾਰਨ ਇਕ-ਦੂਜੇ ਦੇ ਦੋਸਤ ਸਨ। ਸ਼ੁਭਮ ਨੇ ਮੰਨਿਆ ਕਿ ਉਨ੍ਹਾਂ ਅਹਾਤੇ ’ਚ ਦਾਰੂ ਪੀਣ ਉਪਰੰਤ ਐੱਸ. ਵਾਈ. ਐੱਲ. ਨਹਿਰ ਦੇ ਕੰਢੇ ਆ ਗਏ ਅਤੇ ਉਥੇ ਫਿਰ ਪੀਣ ਲੱਗੇ। ਉਥੇ ਇਨ੍ਹਾਂ ਦੀ ਤਕਰਾਰ ਹੋਈ ਅਤੇ ਗੁਰਪ੍ਰੀਤ ਟੈਂਟੇ ਨੇ ਤਰਸੇਮ ਦੇ ਸਿਰ ’ਚ ਨਲਕੇ ਦੀ ਹੱਥੀ ਮਾਰੀ। ਜਦੋਂ ਉਹ ਹੇਠਾਂ ਡਿੱਗ ਗਿਆ ਅਤੇ ਅਸੀਂ ਉਸ ਨੂੰ ਉਥੇ ਛੱਡ ਕੇ ਭੱਜ ਗਏ। ਸ਼ੁਭਮ ਨੇ ਦੱਸਿਆ ਕਿ ਉਸੇ ਰਾਤ ਕਰੀਬ 8 ਵਜੇ ਗੁਰਪ੍ਰੀਤ ਸਿੰਘ ਅਤੇ ਕਰਨ ਨੇਪਾਲੀ ਮੇਰੇ ਘਰ ਆਏ ਅਤੇ ਮੈਨੂੰ ਆਪਣੇ ਨਾਲ ਬਿਠਾ ਕੇ ਉਥੇ ਲੈ ਗਏ। ਅਸੀਂ ਟੋਆ ਪੁੱਟ ਕੇ ਤਰਸੇਮ ਸਿੰਘ ਦੀ ਲਾਸ਼ ਨੂੰ ਮਿੱਟੀ ’ਚ ਦੱਬਿਆ।
ਉਸ ਵੱਲੋਂ ਦੋਸ਼ ਕਬੂਲ ਕਰ ਲੈਣ ’ਤੇ ਮੁਲਜ਼ਮ ਸ਼ੁੱਭਮ ਨੂੰ 24 ਜੁਲਾਈ ਨੂੰ ਪੁਲਸ ਹਵਲੇ ਕਰ ਦਿੱਤਾ ਪਰ ਪਤਾ ਲੱਗਾ ਕਿ ਪੁਲਸ ਨੇ ਮੁਲਜ਼ਮ ਨੂੰ ਰਾਤ ਵੇਲੇ ਕਿਸੇ ਦੀ ਜ਼ਿੰਮੇਵਾਰੀ ’ਤੇ ਘਰ ਭੇਜ ਦਿੱਤਾ ਸੀ, ਜਦੋਂ ਸਮੁੱਚੀ ਘਟਨਾ ਦੀ ਚਰਚਾ ਹੋਈ, ਪੁਲਸ ਨੇ ਹਰਕਤ ’ਚ ਆਂਉਦਿਆਂ 25 ਜੁਲਾਈ ਨੂੰ ਸ਼ੁਭਮ ਨੂੰ ਥਾਣੇ ਸੱਦਿਆ ਅਤੇ ਇਕ ਹੋਰ ਮੁਲਜ਼ਮ ਜਸਪਾਲ ਸਿੰਘ ਟੋਨੀ ਪਿੰਡ ਮਾਣਕਪੁਰ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਦੀ ਸਨਾਖ਼ਤ ’ਤੇ ਲੰਘੀ ਦੇਰ ਰਾਤ ਲਾਸ਼ ਨੂੰ ਮਿੱਟੀ ’ਚੋਂ ਕੱਢਿਆ ਗਿਆ ਅਤੇ ਪੋਸਟ ਮਾਰਟਮ ਕਰਾਉਣ ਉਪਰੰਤ ਸੰਸਕਾਰ ਕੀਤਾ ਗਿਆ। ਥਾਣਾ ਮੁਖੀ ਬਨੂੜ ਅਕਾਸ਼ਦੀਪ ਸ਼ਰਮਾ ਨੇ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪੁਰਾਣੀ ਰੰਜ਼ਿਸ ਕਾਰਨ ਕਾਤਲ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੁਭਮ ਨੂੰ ਸ਼ੱਕ ਦੇ ਆਧਾਰ ’ਤੇ ਲੈ ਕੇ ਆਏ ਸਨ ਪਰ ਰਾਤ ਨੂੰ ਬਿਨਾਂ ਮੁਕੱਦਮਾ ਦਰਜ ਕੀਤੇ ਥਾਣੇ ਨਹੀਂ ਰੱਖਿਆ ਜਾ ਸਕਦਾ। ਉਨ੍ਹਾਂ ਪਹਿਲਾਂ ਦਰਜ ਕਰਵਾਈ ਸ਼ਿਕਾਇਤ ਨੂੰ ਗੁੰਮਸ਼ੁਦਗੀ ਦੀ ਦੱਸਿਆ।
Credit : www.jagbani.com