ਇੰਟਰਨੈਸ਼ਨਲ ਡੈਸਕ- ਇਕ ਪਾਸੇ ਜਿੱਥੇ ਥਾਈਲੈਂਡ ਤੇ ਕੰਬੋਡੀਆ ਵਿਚਾਲੇ ਜੰਗ ਦੇ ਹਾਲਾਤ ਬਣੇ ਹੋਏ ਹਨ, ਉੱਥੇ ਹੀ ਹੁਣ ਥਾਈਲੈਂਡ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਰਾਜਧਾਨੀ ਬੈਂਕਾਕ 'ਚ ਅੱਜ ਫੂਡ ਮਾਰਕੀਟ 'ਚ ਇਕ ਨੌਜਵਾਨ ਨੇ ਪਿਸਤੌਲ ਨਾਲ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਕੁੱਲ 6 ਲੋਕਾਂ ਦੀ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਇਹ ਵਾਰਦਾਤ ਓਰ ਤੋਰ ਕੋਰ ਮਾਰਕੀਟ 'ਚ ਵਾਪਰੀ, ਜੋ ਕਿ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦਾ ਇਕ ਪ੍ਰਸਿੱਧ ਟੂਰਿਸਟ ਪਲੇਸ ਹੈ। ਨੌਜਵਾਨ ਨੇ ਆਉਂਦਿਆਂ ਹੀ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ 4 ਸਕਿਓਰਟੀ ਗਾਰਡਾਂ ਸਣੇ 5 ਲੋਕਾਂ ਦੀ ਮੌਤ ਹੋ ਗਈ, ਜਦਕਿ ਫਾਇਰਿੰਗ ਕਰਨ ਮਗਰੋਂ ਹਮਲਾਵਰ ਨੇ ਖ਼ੁਦ ਨੂੰ ਵੀ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਬੈਂਕਾਕ ਦੇ ਬੈਂਗ ਸੂ ਜ਼ਿਲ੍ਹੇ ਦੇ ਡਿਪਟੀ ਪੁਲਸ ਚੀਫ਼ ਵੋਰਾਪਟ ਸੁਖਤਾਈ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਆਖ਼ਿਰ ਉਸ ਨੇ ਅਜਿਹੀ ਵਾਰਦਾਤ ਨੂੰ ਕਿਉਂ ਅੰਜਾਮ ਦਿੱਤਾ, ਇਸ ਦੀ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ।