ਸਪੋਰਟਸ ਡੈਸਕ- ਭਾਰਤ ਅਤੇ ਇੰਗਲੈਂਡ ਵਿਚਕਾਰ ਐਂਡਰਸਨ-ਤੇਂਦੁਲਕਰ ਟਰਾਫੀ 2025 ਦਾ ਪੰਜਵਾਂ ਅਤੇ ਆਖਰੀ ਮੈਚ ਲੰਡਨ ਦੇ ਓਵਲ ਕ੍ਰਿਕਟ ਗਰਾਊਂਡ 'ਤੇ ਖੇਡਿਆ ਜਾ ਰਿਹਾ ਹੈ। ਅੱਜ (1 ਅਗਸਤ) ਇਸ ਮੈਚ ਦਾ ਦੂਜਾ ਦਿਨ ਹੈ। ਇਸ ਮੈਚ ਵਿੱਚ ਭਾਰਤੀ ਟੀਮ ਨੇ ਪਹਿਲੀ ਪਾਰੀ ਵਿੱਚ 224 ਦੌੜਾਂ ਬਣਾਈਆਂ। ਤੇਜ਼ ਗੇਂਦਬਾਜ਼ ਗਸ ਐਟਕਿੰਸਨ ਨੇ ਇੰਗਲੈਂਡ ਲਈ 5 ਵਿਕਟਾਂ ਲਈਆਂ।
ਇਹ ਮੈਚ ਭਾਰਤੀ ਟੀਮ ਲਈ 'ਕਰੋ ਜਾਂ ਮਰੋ' ਵਰਗਾ ਹੈ। ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਭਾਰਤੀ ਟੀਮ ਇਸ ਮੈਚ ਨੂੰ ਜਿੱਤਣ 'ਤੇ ਹੀ ਪੰਜ ਮੈਚਾਂ ਦੀ ਲੜੀ ਬਰਾਬਰ ਕਰ ਸਕੇਗੀ। ਜੇਕਰ ਇਹ ਮੈਚ ਡਰਾਅ ਰਿਹਾ ਜਾਂ ਮੇਜ਼ਬਾਨ ਇੰਗਲੈਂਡ ਜਿੱਤ ਜਾਂਦੀ ਹੈ ਤਾਂ ਟੀਮ ਇੰਡੀਆ ਸੀਰੀਜ਼ ਹਾਰ ਜਾਵੇਗੀ।
ਪਹਿਲੇ ਦਿਨ ਮੀਂਹ ਅਤੇ ਗਿੱਲੀ ਆਊਟਫੀਲਡ ਕਾਰਨ ਸਿਰਫ਼ 64 ਓਵਰ ਹੀ ਖੇਡੇ ਜਾ ਸਕੇ। ਪਹਿਲੀ ਪਾਰੀ ਵਿੱਚ ਭਾਰਤੀ ਟੀਮ ਦਾ ਟਾਪ ਆਰਡਰ ਫੇਲ੍ਹ ਰਿਹਾ। ਭਾਰਤੀ ਟੀਮ ਨੇ 153 ਦੌੜਾਂ ਦੇ ਸਕੋਰ 'ਤੇ 6 ਵਿਕਟਾਂ ਗੁਆ ਦਿੱਤੀਆਂ। ਕੇਐੱਲ ਰਾਹੁਲ (14 ਦੌੜਾਂ), ਯਸ਼ਸਵੀ ਜੈਸਵਾਲ (2 ਦੌੜਾਂ), ਕਪਤਾਨ ਸ਼ੁਭਮਨ ਗਿੱਲ (21 ਦੌੜਾਂ), ਸਾਈ ਸੁਦਰਸ਼ਨ (38 ਦੌੜਾਂ), ਰਵਿੰਦਰ ਜਡੇਜਾ (9 ਦੌੜਾਂ) ਅਤੇ ਧਰੁਵ ਜੁਰੇਲ (19 ਦੌੜਾਂ) ਜ਼ਿਆਦਾ ਯੋਗਦਾਨ ਨਹੀਂ ਪਾ ਸਕੇ। ਫਿਰ ਕਰੁਣ ਨਾਇਰ ਅਤੇ ਵਾਸ਼ਿੰਗਟਨ ਸੁੰਦਰ ਨੇ ਸੱਤਵੀਂ ਵਿਕਟ ਲਈ ਸ਼ਾਨਦਾਰ ਸਾਂਝੇਦਾਰੀ ਕੀਤੀ ਅਤੇ ਪਹਿਲੇ ਦਿਨ ਦੀ ਖੇਡ ਵਿੱਚ ਭਾਰਤ ਨੂੰ ਹੋਰ ਨੁਕਸਾਨ ਨਹੀਂ ਹੋਣ ਦਿੱਤਾ।
ਦੂਜੇ ਦਿਨ ਦੀ ਖੇਡ ਵਿੱਚ ਭਾਰਤੀ ਟੀਮ ਨੇ ਆਪਣੀਆਂ ਬਾਕੀ ਚਾਰ ਵਿਕਟਾਂ ਬਹੁਤ ਜਲਦੀ ਗੁਆ ਦਿੱਤੀਆਂ। ਸਭ ਤੋਂ ਪਹਿਲਾਂ ਕਰੁਣ ਨਾਇਰ 57 ਦੌੜਾਂ ਬਣਾਉਣ ਤੋਂ ਬਾਅਦ ਜੋਸ਼ ਟੰਗ ਦੀ ਗੇਂਦ 'ਤੇ ਐੱਲਬੀਡਬਲਯੂ ਆਊਟ ਹੋ ਗਏ। ਕਰੁਣ ਨੇ 109 ਗੇਂਦਾਂ ਦਾ ਸਾਹਮਣਾ ਕੀਤਾ ਅਤੇ 8 ਚੌਕੇ ਲਗਾਏ। ਇਸ ਤੋਂ ਬਾਅਦ ਗਸ ਐਟਕਿੰਸਨ ਨੇ ਵਾਸ਼ਿੰਗਟਨ ਸੁੰਦਰ (26 ਦੌੜਾਂ), ਮੁਹੰਮਦ ਸਿਰਾਜ (0 ਦੌੜਾਂ) ਅਤੇ ਪ੍ਰਸਿਧ ਕ੍ਰਿਸ਼ਨਾ (0) ਦੀਆਂ ਵਿਕਟਾਂ ਲੈ ਕੇ ਭਾਰਤੀ ਪਾਰੀ ਨੂੰ ਸਮੇਟ ਦਿੱਤਾ। ਗਸ ਐਟਕਿੰਸ ਨੇ ਸਭ ਤੋਂ ਵੱਧ ਪੰਜ ਵਿਕਟਾਂ ਲਈਆਂ। ਜੋਸ਼ ਟੰਗ ਨੇ ਤਿੰਨ ਵਿਕਟਾਂ ਲਈਆਂ।
Credit : www.jagbani.com