ਮੁੰਬਈ  - ਵਰਲਡ ਗੋਲਡ ਕੌਂਸਲ (ਡਬਲਯੂ. ਜੀ. ਸੀ.) ਨੇ ਕਿਹਾ ਕਿ ਸੋਨੇ ਦੀ ਕੀਮਤ ’ਚ ਰਿਕਾਰਡ ਤੇਜ਼ੀ ਕਾਰਨ ਭਾਰਤ ’ਚ ਕੀਮਤੀ ਧਾਤੂ ਦੀ ਮੰਗ 10 ਫੀਸਦੀ ਘੱਟ ਕੇ 134.9 ਟਨ ਰਹੀ। ਇਕ ਸਾਲ ਪਹਿਲਾਂ ਇਸੇ ਤਿਮਾਹੀ ’ਚ ਮੰਗ 149.7 ਟਨ ਸੀ।
ਡਬਲਯੂ. ਜੀ. ਸੀ. ਨੇ ‘ਸੋਨੇ ਦੀ ਮੰਗ ਰੁਝਾਨ, ਦੂਜੀ ਤਿਮਾਹੀ 2025’ ਸਿਰਲੇਖ ਨਾਲ ਜਾਰੀ ਰਿਪੋਰਟ ’ਚ ਕਿਹਾ ਕਿ ਕੀਮਤ ਦੇ ਲਿਹਾਜ਼ ਨਾਲ ਇਸ ਸਾਲ ਦੂਜੀ ਤਿਮਾਹੀ ’ਚ ਸੋਨੇ ਦੀ ਮੰਗ 30 ਫੀਸਦੀ ਵਧ ਕੇ 1,21,800 ਕਰੋਡ਼ ਰੁਪਏ ਹੋ ਗਈ, ਜਦੋਂਕਿ 2024 ਦੀ ਇਸੇ ਤਿਮਾਹੀ ’ਚ ਇਹ 93,850 ਕਰੋਡ਼ ਰੁਪਏ ਸੀ। ਕੀਮਤਾਂ ਪਹਿਲੀ ਵਾਰ 1,00,000 ਰੁਪਏ ਪ੍ਰਤੀ 10 ਗ੍ਰਾਮ ਦੇ ਮਨੋਵਿਗਿਆਨਕ ਪੱਧਰ ਨੂੰ ਪਾਰ ਕਰ ਗਈਆਂ।
ਸੋਨੇ ਦੀਆਂ ਵਧਦੀ ਕੀਮਤਾਂ ਨੇ ਦੇਸ਼ ’ਚ ਗਹਿਣਿਆਂ ਦੀ ਮੰਗ ਨੂੰ ਪ੍ਰਭਾਵਿਤ ਕੀਤਾ। ਸਮੀਖਿਆ ਅਧੀਨ ਤਿਮਾਹੀ ਦੌਰਾਨ ਇਹ 17 ਫੀਸਦੀ ਘੱਟ ਕੇ 88.8 ਟਨ ਰਹਿ ਗਈ, ਜਦੋਂਕਿ 2024 ਦੀ ਇਸੇ ਤਿਮਾਹੀ ’ਚ ਇਹ 106.5 ਟਨ ਸੀ। ਹਾਲਾਂਕਿ, ਕੀਮਤ ਅਨੁਸਾਰ ਗਹਿਣਿਆਂ ਦੀ ਮੰਗ 20 ਫੀਸਦੀ ਵਧ ਕੇ 80,150 ਕਰੋਡ਼ ਰੁਪਏ ਰਹੀ ।
ਡਬਲਯੂ. ਜੀ. ਸੀ. ਦੇ ਖੇਤਰੀ ਸੀ. ਈ. ਓ. (ਭਾਰਤ) ਸਚਿਨ ਜੈਨ ਨੇ ਕਿਹਾ,‘‘ਜਦੋਂ ਅਸੀਂ 2025 ਦੀ ਦੂਜੀ ਤਿਮਾਹੀ ’ਚ ਭਾਰਤ ਦੇ ਗੋਲਡ ਬਾਜ਼ਾਰ ਦੇ ਪ੍ਰਦਰਸ਼ਨ ’ਤੇ ਗੌਰ ਕਰਦੇ ਹਾਂ, ਤਾਂ ਇਹ ਸਪੱਸ਼ਟ ਹੈ ਕਿ ਅਸੀਂ ਖਪਤਕਾਰ ਸੁਭਾਅ ’ਚ ਇਕ ਮਹੱਤਵਪੂਰਨ ਮੋੜ ਵੇਖ ਰਹੇ ਹਾਂ।’’ ਉਨ੍ਹਾਂ ਕਿਹਾ,‘‘ਭੌਤਿਕ ਸੋਨੇ ਦੀ ਮੰਗ 10 ਫੀਸਦੀ ਦੀ ਗਿਰਾਵਟ ਨਾਲ 134.9 ਟਨ ਰਹਿਣ ਦੇ ਬਾਵਜੂਦ ਕੀਮਤ ਦੇ ਲਿਹਾਜ਼ ਨਾਲ 30 ਫੀਸਦੀ ਦੇ ਪ੍ਰਭਾਵਸ਼ਾਲੀ ਵਾਧੇ ਨਾਲ ਵਧੀ ਹੈ।
ਸੋਨੇ ਦੀ ਕੌਮਾਂਤਰੀ ਮੰਗ 3 ਫੀਸਦੀ ਵਧ ਕੇ 1,249 ਟਨ ’ਤੇ ਪਹੁੰਚੀ
ਉੱਚੀਆਂ ਕੀਮਤਾਂ ਵਿਚਾਲੇ ਅਪ੍ਰੈਲ-ਜੂਨ ਤਿਮਾਹੀ ਦੌਰਾਨ ਸੋਨੇ ਦੀ ਕੌਮਾਂਤਰੀ ਮੰਗ ਸਾਲਾਨਾ ਆਧਾਰ ’ਤੇ 3 ਫੀਸਦੀ ਵਧ ਕੇ 1,249 ਟਨ ਹੋ ਗਈ ਹੈ। ਵਰਲਡ ਗੋਲਡ ਕੌਂਸਲ (ਡਬਲਯੂ. ਜੀ. ਸੀ.) ਨੇ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ। ਡਬਲਯੂ. ਜੀ. ਸੀ. ਦੀ 2025 ਦੀ ਦੂਜੀ ਤਿਮਾਹੀ ਦੀ ਸੋਨਾ ਮੰਗ ਰੁਝਾਨ ਰਿਪੋਰਟ ਅਨੁਸਾਰ ਮਜ਼ਬੂਤ ਸੋਨਾ ਨਿਵੇਸ਼ ਪ੍ਰਵਾਹ ਨੇ ਤਿਮਾਹੀ ਵਾਧੇ ਨੂੰ ਕਾਫੀ ਹੱਦ ਤੱਕ ਉਤਸ਼ਾਹ ਦਿੱਤਾ। ਤੇਜ਼ੀ ਨਾਲ ਅਣਕਿਆਸੇ ਭੂ-ਸਿਆਸੀ ਮਾਹੌਲ ਅਤੇ ਕੀਮਤ ਦੀ ਰਫਤਾਰ ਨੇ ਮੰਗ ਨੂੰ ਬਣਾਈ ਰੱਖਿਆ।
Credit : www.jagbani.com