ਹੁਸ਼ਿਆਰਪੁਰ-ਬਰਸਾਤੀ ਮੌਸਮ ਅਤੇ ਹੜ੍ਹ ਕਾਰਨ ਸਿਹਤ ਸਬੰਧੀ ਖ਼ਤਰੇ ਨੂੰ ਵੇਖਦਿਆਂ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਖ਼ਾਸ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਸ਼ਗੋਤਰਾ ਨੇ ਕਿਹਾ ਕਿ ਹੜ੍ਹ ਦੌਰਾਨ ਪਾਣੀ ਨਾਲ ਸਬੰਧਿਤ ਬੀਮਾਰੀਆਂ ਜਿਵੇਂ ਕਿ ਦਸਤ, ਟਾਈਫਾਇਡ, ਪੀਲੀਆ (ਹੈਪੇਟਾਈਟਿਸ-ਏ ਅਤੇ ਈ), ਹੈਜ਼ਾ, ਚਮੜੀ ਦੀਆਂ ਲਾਗਾਂ ਅਤੇ ਸੱਪ ਦੇ ਕੱਟਣ ਦੀਆਂ ਘਟਨਾਵਾਂ ਆਮ ਹੋ ਸਕਦੀਆਂ ਹਨ।
ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਲੋਕਾਂ ਲਈ ਕੁਝ ਅਹਿਮ ਹਦਾਇਤਾਂ/ਸੁਝਾਅ ਦਿੱਤੇ ਹਨ। ਜਿਵੇਂ ਪਾਣੀ ਉਬਾਲ ਕੇ ਠੰਢਾ ਕਰਕੇ ਜਾਂ ਫਿਲਟਰ ਵਾਲਾ ਹੀ ਪੀਓ। ਹੱਥਾਂ ਨੂੰ ਸਾਬਣ ਅਤੇ ਸਾਫ਼ ਪਾਣੀ ਨਾਲ ਸਮੇਂ-ਸਮੇਂ ਤੇ ਧੋਵੋ (ਖ਼ਾਸ ਤੌਰ ’ਤੇ ਖਾਣਾ ਖਾਣ/ਬਣਾਉਣ ਤੋਂ ਪਹਿਲਾਂ, ਪਖਾਨਾ ਜਾਣ ਤੋਂ ਬਾਅਦ ਅਤੇ ਕੋਈ ਬਾਹਰੀ ਕੰਮ ਕਰਨ ਉਪਰੰਤ)। ਖਾਣੇ ਨੂੰ ਹਮੇਸ਼ਾ ਢੱਕ ਕੇ ਰੱਖੋ। ਬੁਖਾਰ, ਦਸਤ ਜਾਂ ਉਲਟੀਆਂ ਹੋਣ ’ਤੇ ਤੁਰੰਤ ਸਰਕਾਰੀ ਸਿਹਤ ਸੰਸਥਾ ਜਾਂ ਮੈਡੀਕਲ ਕੈਂਪ ਨਾਲ ਸੰਪਰਕ ਕਰੋ।
ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਜਗਦੀਪ ਸਿੰਘ ਨੇ ਸੁਝਾਅ ਸਾਂਝੇ ਕਰਦਿਆਂ ਕਿਹਾ ਕਿ ਜੇ ਕਿਸੇ ਥਾਂ ’ਤੇ 3 ਤੋਂ ਵੱਧ ਲੋਕ ਇਕੋ ਇੰਫੈਕਸ਼ਨ ਨਾਲ ਪੀੜਤ ਹੋਣ ਤਾਂ ਉਸ ਦੀ ਜਾਣਕਾਰੀ ਤੁਰੰਤ ਸਿਹਤ ਵਿਭਾਗ ਨੂੰ ਦਿਓ। ਚਮੜੀ ਦੀਆਂ ਲਾਗਾਂ ਤੋਂ ਬਚਣ ਲਈ ਰਬੜ ਦੇ ਬੂਟ ਅਤੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਹਿਨੋ। ਸੱਪ ਦੇ ਕੱਟਣ ਦੀ ਸਥਿਤੀ ਵਿਚ ਤੁਰੰਤ ਸਿਹਤ ਸੰਸਥਾਵਾਂ ਨਾਲ ਸੰਪਰਕ ਕਰੋ। ਇਸ ਤੋਂ ਇਲਾਵਾ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ, ਤਾਂ ਜੋ ਮੱਛਰਾਂ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ। ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਬੀਮਾਰੀ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਸਿਰਫ਼ ਸਰਕਾਰੀ ਸਿਹਤ ਸੰਸਥਾਵਾਂ ’ਤੇ ਹੀ ਇਲਾਜ ਕਰਵਾਉਣ। ਸਿਹਤ ਵਿਭਾਗ ਨੇ ਜ਼ਿਲਾ ਪੱਧਰ ’ਤੇ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਹੈ, ਜਿੱਥੇ 24 ਘੰਟੇ ਸਹਾਇਤਾ ਉਪਲੱਬਧ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com