ਇਸ ਸਾਲ Gold ਤੋੜੇਗਾ ਕਈ ਰਿਕਾਰਡ, ਕੀਮਤ ਪਹੁੰਚੇਗੀ 3,600 ਡਾਲਰ ਦੇ ਪਾਰ

ਇਸ ਸਾਲ Gold ਤੋੜੇਗਾ ਕਈ ਰਿਕਾਰਡ, ਕੀਮਤ ਪਹੁੰਚੇਗੀ 3,600 ਡਾਲਰ ਦੇ ਪਾਰ

ਨਵੀਂ ਦਿੱਲੀ  - ਵੈਂਚੁਰਾ ਸਕਿਓਰਿਟੀਜ਼ ਦੇ ਤਾਜ਼ਾ ਆਊਟਲੁਕ ’ਚ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਬਾਜ਼ਾਰਾਂ ’ਚ ਸੋਨੇ ਦੀ ਕੀਮਤ ਸਾਲ ਦੇ ਆਖਿਰ ਤਕ 3,600 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦੀ ਹੈ। ਇਸ ਦੀ ਮੁੱਖ ਵਜ੍ਹਾ ਗਲੋਬਲ ਆਰਥਿਕ ਬੇਯਕੀਨੀ, ਭੂ-ਸਿਆਸੀ ਤਣਾਅ ਅਤੇ ਨਿਵੇਸ਼ਕਾਂ ਦੀ ਵਧਦੀ ਮੰਗ ਹੈ।

7 ਅਗਸਤ ਨੂੰ ਕਾਮੈਕਸ ਗੋਲਡ ਫਿਊਚਰਜ਼ ਦੀ ਕੀਮਤ ਪਹਿਲਾਂ ਹੀ 3,534.10 ਡਾਲਰ ਪ੍ਰਤੀ ਔਂਸ ਦੇ ਸਭ ਤੋਂ ਉੱਚੇ ਪੱਧਰ ਨੂੰ ਛੂਹ ਚੁੱਕੀ ਹੈ ਅਤੇ ਵੈਂਚੁਰਾ ਨੂੰ ਉਮੀਦ ਹੈ ਕਿ ਇਹ ਸਾਲ ਦੇ ਅਖੀਰ ਤਕ ਹੋਰ ਚੜ੍ਹੇਗਾ।

ਭਾਰਤ ’ਚ 8 ਅਗਸਤ ਨੂੰ ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ’ਤੇ ਅਕਤੂਬਰ ਡਲਿਵਰੀ ਵਾਲੇ ਗੋਲਡ ਫਿਊਚਰਜ਼ ਦੀ ਕੀਮਤ 1,02,250 ਰੁਪਏ ਪ੍ਰਤੀ 10 ਗ੍ਰਾਮ ਦੇ ਇਤਿਹਾਸਕ ਪੱਧਰ ’ਤੇ ਪਹੁੰਚ ਗਈ।

ਵੈਂਚੁਰਾ ਦਾ ਕਹਿਣਾ ਹੈ ਕਿ ਕਮਜ਼ੋਰ ਅਮਰੀਕੀ ਅਰਥਵਿਵਸਥਾ, ਡਾਲਰ ਇੰਡੈਕਸ ’ਤੇ ਦਬਾਅ, ਗਲੋਬਲ ਵਪਾਰ ਤਣਾਅ ਅਤੇ ਭੂ-ਸਿਆਸੀ ਜੋਖਿਮਾਂ ਕਾਰਨ ਸੋਨਾ ਉਤਰਾਅ-ਚੜ੍ਹਾਅ ਦੇ ਬਾਵਜੂਦ ਮਜ਼ਬੂਤੀ ਦਿਖਾ ਰਿਹਾ ਹੈ।

ਵੈਂਚੁਰਾ ਦੇ ਕਮੋਡਿਟੀ ਪ੍ਰਮੁੱਖ ਐੱਨ. ਐੱਸ. ਰਾਮਾਸਵਾਮੀ ਨੇ ਕਿਹਾ ਕਿ ਮਹਿੰਗਾਈ ਦਾ ਦਬਾਅ, ਡਾਲਰ ਦੀ ਕਮਜ਼ੋਰੀ ਅਤੇ ਫੈੱਡਰਲ ਰਿਜ਼ਰਵ ਵੱਲੋਂ ਸੰਭਾਵੀ ਵਿਆਜ ਦਰ ਕਟੌਤੀ ਦੌਰਾਨ 2025 ਦੇ ਬਾਕੀ ਮਹੀਨਿਆਂ ’ਚ ਸੋਨੇ ਦੀਆਂ ਕੀਮਤਾਂ ’ਚ ਮਜ਼ਬੂਤੀ ਬਣੇ ਰਹਿਣ ਦੀ ਸੰਭਾਵਨਾ ਹੈ। ਮਜ਼ਬੂਤ ਈ. ਟੀ. ਐੱਫ. ਨਿਵੇਸ਼, ਕੇਂਦਰੀ ਬੈਂਕ ਦੀ ਖਰੀਦਦਾਰੀ ਅਤੇ ਭਾਰਤ ’ਚ ਪ੍ਰਚੂਨ ਭਾਈਵਾਲੀ ਇਸ ਤੇਜ਼ੀ ਨੂੰ ਹੋਰ ਜ਼ੋਰ ਦੇਣਗੇ।

ਗਲੋਬਲ ਡਿਮਾਂਡ ਨਾਲ ਸੋਨੇ ਨੂੰ ਸਹਾਰਾ

2025 ਦੀ ਦੂਜੀ ਤਿਮਾਹੀ ’ਚ ਗਲੋਬਲ ਸੋਨੇ ਦੀ ਮੰਗ 3 ਫੀਸਦੀ ਵਧ ਕੇ 1,249 ਟਨ ਹੋ ਗਈ, ਜਿਸ ਦੀ ਕੀਮਤ 132 ਅਰਬ ਡਾਲਰ ਦੱਸੀ ਗਈ, ਇਹ ਮੁੱਲ ਦੇ ਲਿਹਾਜ਼ ਨਾਲ 45 ਫੀਸਦੀ ਦਾ ਵਾਧਾ ਹੈ। ਗੋਲਡ ਈ. ਟੀ. ਐੱਫ. (ਐਕਸਚੇਂਜ ਟਰੇਡਿਡ ਫੰਡਜ਼) ’ਚ ਨਿਵੇਸ਼ ਵੀ ਤੇਜ਼ੀ ਨਾਲ ਵਧਿਆ ਹੈ। 30 ਜੂਨ 2025 ਤੱਕ ਗਲੋਬਲ ਗੋਲਡ ਈ. ਟੀ. ਐੱਫ. ਹੋਲਡਿੰਗਜ਼ 16 ਫੀਸਦੀ ਵਧ ਕੇ 3,616 ਟਨ ਹੋ ਗਿਆ ਹੈ। ਇਸ ਤੋਂ ਇਲਾਵਾ ਏ. ਯੂ. ਐੱਮ. (ਐਸੈੱਟ ਅੰਡਰ ਮੈਨੇਜਮੈਂਟ) 64 ਫੀਸਦੀ ਵਧ ਕੇ 383 ਅਰਬ ਡਾਲਰ ’ਤੇ ਜਾ ਪੁੱਜਾ ਹੈ।

ਭਾਰਤ ’ਚ ਵੀ ਡਿਜੀਟਲ ਗੋਲਡ ਹੋ ਰਿਹਾ ਲੋਕਪ੍ਰਿਅ

ਭਾਰਤ ਦੀ ਗੱਲ ਕਰੀਏ ਤਾਂ ਇੱਥੇ ਵੀ ਲੋਕਾਂ ਨੇ ਇਸ ਗਲੋਬਲ ਰੁਝਾਨ ਨੂੰ ਅਪਣਾਇਆ ਹੈ। ਅੰਕੜਿਆਂ ਮੁਤਾਬਕ, ਗੋਲਡ ਈ. ਟੀ. ਐੱਫ. ਹੋਲਡਿੰਗਜ਼ 42 ਫੀਸਦੀ ਵਧ ਕੇ 66.68 ਟਨ ਅਤੇ ਏ. ਯੂ. ਐੱਮ. 64,777 ਕਰੋਡ਼ ਰੁਪਏ (ਲੱਗਭਗ ਦੁੱਗਣਾ) ਹੋ ਗਿਆ ਹੈ। ਨਿਵੇਸ਼ਕ ਦੇ ਖਾਤੇ 41 ਫੀਸਦੀ ਵਧ ਕੇ 76.54 ਲੱਖ ਹੋ ਚੁੱਕੇ ਹਨ, ਜੋ ਪਿਛਲੇ 4 ਸਾਲਾਂ ’ਚ 317 ਫੀਸਦੀ ਦਾ ਵਾਧਾ ਹੈ।

ਵੈਂਚੁਰਾ ਅਨੁਸਾਰ ਯੁਵਾ ਨਿਵੇਸ਼ਕ ਹੁਣ ਡਿਜੀਟਲ ਗੋਲਡ, ਏ. ਟੀ. ਐੱਫ., ਫ੍ਰੈਕਸ਼ਨਲ ਗੋਲਡ ਆਨਰਸ਼ਿਪ ਅਤੇ ਆਨਲਾਈਨ ਪਲੇਟਫਾਰਮਜ਼ ਨੂੰ ਪਹਿਲ ਦੇ ਰਹੇ ਹਨ। ਹਾਲਾਂਕਿ ਭੌਤਿਕ ਗਹਿਣਿਆਂ ਦੀ ਮੰਗ ਹੁਣ ਵੀ ਸਥਿਰ ਹੈ ਪਰ ਆਫਲਾਈਨ ਅਤੇ ਆਨਲਾਈਨ ਦਾ ਸੁਮੇਲ ਤੇਜ਼ੀ ਨਾਲ ਲੋਕਪ੍ਰਿਅ ਹੋ ਰਿਹਾ ਹੈ।

ਲੰਮੀ ਮਿਆਦ ਦੇ ਰਿਟਰਨ ’ਚ ਗੋਲਡ ਦਾ ਦਬਦਬਾ

ਪਿਛਲੇ 20 ਸਾਲਾਂ ’ਚ 14 ਵਾਰ ਗੋਲਡ ਨੇ ਸਾਕਾਰਾਤਮਕ ਸਾਲਾਨਾ ਰਿਟਰਨ ਦਿੱਤਾ ਹੈ। ਪਿਛਲੇ 3 ਸਾਲਾਂ ’ਚ ਗੋਲਡ ਨੇ ਔਸਤਨ 23 ਫੀਸਦੀ ਸਾਲਾਨਾ ਰਿਟਰਨ ਦਿੱਤਾ ਹੈ, ਜਦੋਂਕਿ ਨਿਫਟੀ 50 ਦਾ ਔਸਤ ਰਿਟਰਨ ਸਿਰਫ 11 ਫੀਸਦੀ ਰਿਹਾ ਹੈ। ਇਹ ਰੁਝਾਨ ਦਿਖਾਉਂਦਾ ਹੈ ਕਿ ਸੋਨਾ ਮਹਿੰਗਾਈ ਖਿਲਾਫ ਇਕ ਭਰੋਸੇਯੋਗ ਨਿਵੇਸ਼ ਬਦਲ ਬਣਿਆ ਹੋਇਆ ਹੈ।

ਵੈਂਚੁਰਾ ਨੇ ਦੱਸਿਆ ਕਿ ਕੇਂਦਰੀ ਬੈਂਕ ਲਗਾਤਾਰ ਸੋਨੇ ਦੀ ਖਰੀਦਦਾਰੀ ਕਰ ਰਹੇ ਹਨ। ਭਾਰਤੀ ਰਿਜ਼ਰਵ ਬੈਂਕ ਨੇ ਫਰਵਰੀ 2024 ਤੋਂ ਸਾਵਰੇਨ ਗੋਲਡ ਬਾਂਡ ਦੀਆਂ ਨਵੀਆਂ ਕਿਸ਼ਤਾਂ ਜਾਰੀ ਕਰਨਾ ਬੰਦ ਕਰ ਦਿੱਤਾ ਹੈ, ਜਿਸ ਨਾਲ ਈ. ਟੀ. ਐੱਫ. ਅਤੇ ਡਿਜੀਟਲ ਨਿਵੇਸ਼ ਦੀ ਮੰਗ ’ਚ ਹੋਰ ਵਾਧਾ ਵੇਖਿਆ ਜਾ ਰਿਹਾ ਹੈ।

Credit : www.jagbani.com

  • TODAY TOP NEWS