ਗੋਨਿਆਣਾ ਮੰਡੀ : ਜ਼ਿਲਾ ਬਠਿੰਡਾ ਦੇ ਗੋਨਿਆਣਾ ਮੰਡੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਪਾਵਰਕਾਮ ਵਿਭਾਗ ਦੇ ਅੰਦਰ ਖੁੱਲ੍ਹੇਆਮ ਚੱਲ ਰਹੇ ਘਪਲੇ ਨੇ ਲੋਕਾਂ ਦੇ ਮਨਾਂ ’ਚ ਇਕ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਬਿਜਲੀ ਚੋਰੀ ਤੇ ਰਿਸ਼ਵਤਖੋਰੀ ਨੂੰ ਰੋਕਣ ਵਾਲੇ ਹੀ ਉਸ ਘਪਲੇ ਦੇ ਸਭ ਤੋਂ ਵੱਡੇ ਖਿਡਾਰੀ ਬਣ ਚੁੱਕੇ ਹਨ? ਮਾਮਲਾ ਇਕ ਮੀਟਰ ਰੀਡਰ ਤੋਂ ਸ਼ੁਰੂ ਹੁੰਦਾ ਹੈ ਪਰ ਪੂਰੀ ਕਹਾਣੀ ਵਿਚ ਐੱਸ.ਡੀ.ਓ., ਲਾਈਨਮੈਨ ਅਤੇ ਕੁਝ ਵੱਡੇ ਅਧਿਕਾਰੀਆਂ ਦੀ ਸਾਂਝ ਸਾਹਮਣੇ ਆ ਰਹੀ ਹੈ। ਸੂਤਰਾਂ ਮੁਤਾਬਕ, ਇਕ ਖਾਸ ਮੀਟਰ ਰੀਡਰ ਜਿਸ ਦੇ ਖੇਤਰ ਵਿਚ ਇਨਫੋਰਸਮੈਂਟ ਟੀਮ ਨੇ ਪਿਛਲੇ ਦਿਨੀਂ ਵੱਡੀ ਗਿਣਤੀ ਵਿਚ ਮੀਟਰਾਂ ਨੂੰ ਪੈਕ ਕਰ ਕੇ ਐੱਮ. ਈ. ਲੈਬ ਭੇਜਿਆ ਸੀ, ਉਸ ਦੇ ਖਿਲਾਫ ਸਪੱਸ਼ਟ ਤੌਰ ’ਤੇ ਚੋਰੀ ਤੇ ਟੈਂਪਰਿੰਗ ਦੀਆਂ ਸ਼ਿਕਾਇਤਾਂ ਦਰਜ ਹਨ।
ਇਸ ਸਾਰੀ ਗੁੱਥੀ ’ਚ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਪਹਿਲਾਂ ਵੀ ਉਸੇ ਮੀਟਰ ਰੀਡਰ ਦੀ ਸ਼ਿਕਾਇਤ ਹੋਣ ’ਤੇ ਉਸਦੀ ਬਦਲੀ ਸੰਗਤ ਮੰਡੀ ਸਬ ਡਵੀਜ਼ਨ ’ਚ ਕੀਤੀ ਗਈ ਸੀ ਪਰ ਕੁਝ ਹੀ ਸਮੇਂ ’ਚ ਅੰਦਰਖਾਤੇ ਸੈਟਿੰਗ ਦੇ ਆਧਾਰ ’ਤੇ ਉਸਨੂੰ ਦੁਬਾਰਾ ਗੋਨਿਆਣਾ ਸਬ ਡਵੀਜ਼ਨ ਦਾ ਚਾਰਜ ਦੇ ਦਿੱਤਾ ਗਿਆ। ਲੋਕਾਂ ਵਿਚਾਲੇ ਇਹ ਚਰਚਾ ਚਲ ਰਹੀ ਹੈ ਕਿ ਇਹ ਮੀਟਰ ਰੀਡਰ ਹਰ ਬਿਲਿੰਗ ਸਰਕਲ ’ਚ ਖਪਤਕਾਰਾਂ ਤੋਂ ਹਜ਼ਾਰਾਂ ਰੁਪਏ ਰਿਸ਼ਵਤ ਵਜੋਂ ਵਸੂਲਦਾ ਸੀ ਅਤੇ ਮੀਟਰਾਂ ਦੀ ਟੈਂਪਰਿੰਗ ਕਰਕੇ ਪਾਵਰਕਾਮ ਨੂੰ ਕਰੋੜਾਂ ਦਾ ਨੁਕਸਾਨ ਕਰ ਰਿਹਾ ਸੀ। ਇਹੀ ਨਹੀਂ ਸੂਤਰਾਂ ਅਨੁਸਾਰ, ਗੋਨਿਆਣਾ ਮੰਡੀ ਅਤੇ ਆਲੇ ਦੁਆਲੇ ਦੇ ਇਲਾਕਿਆਂ ’ਚ ਲਾਈਨਮੈਨ ਨੇ ਮਹਿਕਮੇ ਨਾਲ ਮਿਲੀਭੁਗਤ ਕਰਕੇ ਤਕਰੀਬਨ 500 ਤੋਂ 600 ਮੀਟਰ ਖੋਲ੍ਹ ਕੇ ਸਿੱਟ ਕੀਤੇ ਗਏ ਹਨ ਅਤੇ ਇਸ ਸਬੰਧੀ ਖਪਤਕਾਰਾਂ ਤੋਂ ਲੱਖਾਂ ਰੁਪਏ ਵਸੂਲੇ ਗਏ ਹਨ।
ਇਸ ਸਾਰੇ ਘਪਲੇ ’ਚ ਗੋਨਿਆਣਾ ਮੰਡੀ ਦਾ ਇਕ ਵੱਡਾ ਅਧਿਕਾਰੀ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ ਜੋ ਬਿਜਲੀ ਬੋਰਡ ’ਚ ਹੀ ਕੰਮ ਕਰਦਾ ਹੈ। ਇਸ ਵੱਡੇ ਅਧਿਕਾਰੀ ਦੀ ਵੱਡੇ ਅਫਸਰ ਨਾਲ ਨੇੜਤਾ ਸਾਰਿਆਂ ਨੂੰ ਪਤਾ ਹੈ। ਸੂਤਰਾਂ ਅਨੁਸਾਰ, ਪਹਿਲਾਂ ਲਾਈਨਮੈਨ ਮੀਟਰ ਟੈਂਪਰ ਕਰਦਾ ਹੈ, ਫਿਰ ਐੱਸ.ਡੀ.ਓ. ਚੈਕਿੰਗ ਟੀਮ ਭੇਜ ਦਿੰਦਾ ਹੈ। ਬਾਅਦ ’ਚ ਖਪਤਕਾਰਾਂ ਨੂੰ ਡਰਾ ਕੇ ਉਨ੍ਹਾਂ ਤੋਂ ਮੋਟੇ ਰੁਪਏ ਵਸੂਲੇ ਜਾਂਦੇ ਹਨ। ਇਹ ਪੂਰਾ ਖੇਡ ਸਿਰਫ ਪਾਵਰਕਾਮ ਦੇ ਪੈਸੇ ਲੁੱਟਣ ਲਈ ਨਹੀਂ ਸਗੋਂ ਗਰੀਬ ਤੇ ਮੱਧਵਰਗ ਖਪਤਕਾਰਾਂ ਦੀ ਹੱਡੀਆਂ ਤੱਕ ਚੂਸਣ ਲਈ ਬਣਾਇਆ ਗਿਆ ਹੈ। ਲੋਕਾਂ ਦੀ ਮੰਗ ਹੈ ਕਿ ਇਸ ਸਾਰੇ ਮਾਮਲੇ ਦੀ ਵਿਜੀਲੈਂਸ ਵੱਲੋਂ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com