ਰਾਸ਼ਨ ਕਾਰਡ ਦੇ ਮੁੱਦੇ 'ਤੇ CM ਭਗਵੰਤ ਮਾਨ ਦੀ ਪੰਜਾਬੀਆਂ ਨੂੰ ਖੁੱਲ੍ਹੀ ਚਿੱਠੀ

ਰਾਸ਼ਨ ਕਾਰਡ ਦੇ ਮੁੱਦੇ 'ਤੇ CM ਭਗਵੰਤ ਮਾਨ ਦੀ ਪੰਜਾਬੀਆਂ ਨੂੰ ਖੁੱਲ੍ਹੀ ਚਿੱਠੀ

ਜਲੰਧਰ/ਚੰਡੀਗੜ੍ਹ- ਪੰਜਾਬ 'ਚ ਰਾਸ਼ਨ ਕਾਰਡਾਂ ਨੂੰ ਲੈ ਕੇ ਸੂਬਾ ਸਰਕਾਰ ਦਾ ਕੇਂਦਰ ਸਰਕਾਰ ਨਾਲ ਰੇੜਕਾ ਵੱਧਦਾ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ ਪੰਜਾਬ 'ਚ 8 ਲੱਖ ਰਾਸ਼ਨ ਕਾਰਡ ਕੱਟਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਥੇ ਹੀ ਇਸੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਖੁੱਲ੍ਹੀ ਚਿੱਠੀ ਲਿਖ ਕੇ ਸੰਦੇਸ਼ ਜਾਰੀ ਕੀਤਾ ਹੈ। ਮੁੱਖ ਮੰਤਰੀ ਭਗੰਵਤ ਮਾਨ ਨੇ ਕਿਹਾ ਕਿ ਵੋਟ ਚੋਰੀ ਤੋਂ ਬਾਅਦ ਭਾਜਪਾ ਦੀ ਹੁਣ ਰਾਸ਼ਨ ਚੋਰੀ ਦੀ ਕੋਸ਼ਿਸ਼ ਹੈ ਪਰ ਮੈਂ ਇਹ ਹੋਣ ਨਹੀਂ ਦੇਵਾਂਗਾ। 

ਜਾਣੋ ਕੀ ਲਿਖਿਆ ਚਿੱਠੀ ਵਿਚ 
ਚਿੱਠੀ ਲਿਖ ਕੇ ਪੰਜਾਬੀਆਂ ਨੂੰ ਸੰਦੇਸ਼ ਦਿੰਦੇ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਵਿਰੁੱਧ ਵੱਡੀ ਸਾਜ਼ਿਸ਼ ਘੜ ਰਹੀ ਹੈ। ਕੇਂਦਰ ਸਰਕਾਰ ਨੇ ਹੁਕਮ ਦਿੱਤਾ ਹੈ ਕਿ ਪੰਜਾਬ ਦੇ 55 ਲੱਖ ਲੋਕਾਂ ਦਾ ਮੁਫ਼ਤ ਰਾਸ਼ਨ ਬੰਦ ਕਰ ਦਿੱਤਾ ਜਾਵੇਗਾ। ਤੁਹਾਡਾ ਨਾਮ ਵੀ ਉਸ ਸੂਚੀ ਵਿੱਚ ਹੈ। ਹੁਣ ਤੱਕ ਪੰਜਾਬ ਵਿੱਚ 1.53 ਕਰੋੜ ਲੋਕਾਂ ਨੂੰ ਰਾਸ਼ਨ ਮਿਲ ਰਿਹਾ ਸੀ, ਪਰ ਭਾਜਪਾ ਸਰਕਾਰ ਨੇ 55 ਲੱਖ ਲੋਕਾਂ ਦੀ ਇਹ ਸਹੂਲਤ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਹਰੇਕ ਤਿੰਨ ਗਰੀਬ ਪਰਿਵਾਰਾਂ ਵਿੱਚੋਂ ਇਕ ਦਾ ਰਾਸ਼ਨ ਖੋਹਿਆ ਜਾ ਰਿਹਾ ਹੈ। ਇਹ ਸਿਰਫ਼ ਸਰਕਾਰੀ ਫ਼ੈਸਲਾ ਨਹੀਂ ਹੈ, ਇਹ ਪੰਜਾਬ ਦੇ ਗ਼ਰੀਬਾਂ, ਮਜ਼ਦੂਰਾਂ, ਕਿਸਾਨਾਂ ਅਤੇ ਆਮ ਪਰਿਵਾਰਾਂ ਦੀਆਂ ਥਾਲੀਆਂ 'ਤੇ ਸਿੱਧਾ ਹਮਲਾ ਹੈ।

PunjabKesari

ਕੇਂਦਰ ਸਰਕਾਰ ਨੇ ਜੁਲਾਈ ਤੋਂ ਪੰਜਾਬ ਦੇ 23 ਲੱਖ ਗ਼ਰੀਬ ਲੋਕਾਂ ਦਾ ਰਾਸ਼ਨ ਇਹ ਕਹਿ ਕੇ ਰੋਕ ਦਿੱਤਾ ਸੀ ਕਿ ਉਨ੍ਹਾਂ ਨੇ ਈ-ਕੇ.ਵਾਈ. ਸੀ. ਨਹੀਂ ਕਰਵਾਈ ਹੈ। ਭਾਜਪਾ ਸਤੰਬਰ ਮਹੀਨੇ ਤੋਂ ਲਗਭਗ 32 ਲੱਖ ਹੋਰ ਪੰਜਾਬੀਆਂ ਦਾ ਰਾਸ਼ਨ ਇਹ ਕਹਿ ਕੇ ਰੋਕਣ ਜਾ ਰਹੀ ਹੈ ਕਿ ਇਹ ਲੋਕ ਗ਼ਰੀਬ ਨਹੀਂ ਹਨ। ਭਾਜਪਾ ਕੁੱਲ੍ਹ 55 ਲੱਖ ਗ਼ਰੀਬ ਲੋਕਾਂ ਦਾ ਰਾਸ਼ਨ ਰੋਕਣ ਦੀ ਯੋਜਨਾ ਬਣਾ ਰਹੀ ਹੈ। ਜ਼ਰਾ ਸੋਚੋ, ਅਸੀਂ ਪੰਜਾਬ ਦੇ ਲੋਕ ਅਨਾਜ ਉਗਾਉਂਦੇ ਹਾਂ ਅਤੇ ਪੂਰੇ ਦੇਸ਼ ਦਾ ਢਿੱਡ ਭਰਦੇ ਹਾਂ ਅਤੇ ਅੱਜ ਕੇਂਦਰ ਸਰਕਾਰ ਉਸੇ ਪੰਜਾਬ ਦੀ ਥਾਲੀ ਵਿੱਚੋਂ ਰੋਟੀ ਦੀ ਬੁਰਕੀ ਵੀ ਖੋਹਟ 'ਤੇ ਉਤਾਰੂ ਹੈ। ਕੀ ਇਹ ਇਨਸਾਫ਼ ਹੈ?

ਭਾਜਪਾ ਕਹਿੰਦੀ ਹੈ ਕਿ ਇਨ੍ਹਾਂ 'ਚੋਂ ਕੁਝ ਲੋਕਾਂ ਕੋਲ ਕਾਰਾਂ ਹਨ, ਕੁਝ ਆਮਦਨ ਟੈਕਸ ਦਿੰਦੇ ਹਨ, ਕੁਝ ਕੋਲ 2.5 ਏਕੜ ਤੋਂ ਵੱਧ ਜ਼ਮੀਨ ਹੈ ਅਤੇ ਕੁਝ ਪਰਿਵਾਰਾਂ ਵਿੱਚ ਕੋਈ ਨੌਕਰੀ ਕਰਦਾ ਹੈ- ਇਸ ਲਈ ਇਹ ਲੋਕ ਗ਼ਰੀਬ ਨਹੀਂ ਹਨ। ਜੇਕਰ ਘਰ ਵਿੱਚ ਕੋਈ ਇਕ ਬੱਚਾ ਨੌਕਰੀ ਕਰਦਾ ਹੈ ਜਾਂ ਉਸ ਕੋਲ ਕਾਰ ਹੈ ਤਾਂ ਕੀ ਪੂਰਾ ਪਰਿਵਾਰ ਅਮੀਰ ਹੋ ਗਿਆ? ਕੀ ਪੂਰੇ ਪਰਿਵਾਰ ਦੇ ਕਾਰਡ ਕੱਟਣੇ ਸਹੀ ਹਨ? ਭਾਜਪਾ ਪੰਜਾਬ ਦੀ ਅਸਲੀਅਤ ਨੂੰ ਨਹੀਂ ਸਮਝਦੀ। ਦਿੱਲੀ ਵਿੱਚ ਏ. ਸੀ. ਕਮਰਿਆਂ 'ਚ ਬੈਠ ਕੇ, ਪਿੰਡਾਂ ਦੇ ਗ਼ਰੀਬ ਲੋਕਾਂ ਦੀ ਰੋਟੀ ਦਾ ਹਿਸਾਬ ਰੱਖਿਆ ਜਾ ਰਿਹਾ ਹੈ। ਭਾਜਪਾ ਦੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਹਰ ਪਰਿਵਾਰ ਦੀ ਅਸਲ ਸਥਿਤੀ ਦਾ ਪਤਾ ਲਗਾਉਣ ਦਾ ਮੌਕਾ ਵੀ ਨਹੀਂ ਦਿੱਤਾ। ਬਿਨਾਂ ਸਹੀ ਤਸਦੀਕ ਕੀਤੇ ਰਾਸ਼ਨ ਕਾਰਡ ਕੱਟਣ ਦਾ ਇਹ ਹੁਕਮ ਸਪੱਸ਼ਟ ਕਰਦਾ ਹੈ ਕਿ ਭਾਜਪਾ ਆਨੇ-ਬਹਾਨੇ ਪੰਜਾਬ ਤੋਂ ਬਦਲਾ ਲੈਣਾ ਚਾਹੁੰਦੀ ਹੈ।

ਤੁਹਾਡਾ ਭਰਾ ਭਗਵੰਤ ਮਾਨ- ਤੁਹਾਡੇ ਨਾਲ ਖੜ੍ਹਾ ਹੈ। ਤੁਹਾਨੂੰ ਘਬਰਾਉਣ ਦੀ ਲੋੜ ਨਹੀਂ।
ਜਿੰਨਾ ਚਿਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜਿੰਨਾ ਚਿਰ ਤੁਹਾਡਾ ਭਰਾ, ਤੁਹਾਡਾ ਪੁੱਤ ਭਗਵੰਤ ਮਾਨ ਮੁੱਖ ਮੰਤਰੀ ਹੈ, ਮੈਂ ਕਿਸੇ ਦਾ ਹੱਕ ਨਹੀਂ ਖੋਹਣ ਦਿਆਂਗਾ। ਕਿਸੇ ਦਾ ਰਾਸ਼ਨ ਕਾਰਡ ਨਹੀਂ ਕੱਟਿਆ ਜਾਵੇਗਾ, ਕਿਸੇ ਘਰ ਦਾ ਚੁੱਲ੍ਹਾ ਨਹੀਂ ਬੁਝੇਗਾ, ਕਿਸੇ ਮਾਂ ਦੀ ਰਸੋਈ ਖਾਲੀ ਨਹੀਂ ਹੋਵੇਗੀ, ਕੋਈ ਬੱਚਾ ਭੁੱਖਾ ਨਹੀਂ ਸੋਏਗਾ। ਅਸੀਂ ਇਕ ਕਰੋੜ 29 ਲੱਖ ਲਾਭਪਾਤਰੀਆਂ ਦੀ ਤਸਦੀਕ ਪਹਿਲਾਂ ਹੀ ਕਰ ਲਈ ਹੈ ਅਤੇ ਬਾਕੀ ਕੰਮ ਵੀ ਛੇ ਮਹੀਨਿਆਂ ਵਿੱਚ ਪੂਰਾ ਕਰ ਲਿਆ ਜਾਵੇਗਾ ।

ਮੈਂ ਕੇਂਦਰ ਸਰਕਾਰ ਤੋਂ ਸਮਾਂ ਮੰਗਿਆ ਹੈ ਅਤੇ ਸਾਡੀ ਟੀਮ ਘਰ-ਘਰ ਜਾ ਕੇ ਹਰ ਪਰਿਵਾਰ ਦੀ ਸਥਿਤੀ ਦਾ ਪਤਾ ਲਗਾਏਗੀ। ਇਹ ਸਿਰਫ਼ ਰਾਸ਼ਨ ਦੀ ਲੜਾਈ ਨਹੀਂ ਹੈ, ਇਹ ਪੰਜਾਬੀਆਂ ਦੇ ਹੱਕਾਂ ਅਤੇ ਮਾਣ-ਸਨਮਾਨ ਦੀ ਲੜਾਈ ਹੈ। ਭਾਜਪਾ ਪੰਜਾਬ ਨਾਲ ਸ਼ਰ੍ਹੇਆਮ ਧੱਕਾ ਕਰ ਰਹੀ ਹੈ ਅਤੇ ਪੰਜਾਬੀ ਕਦੇ ਵੀ ਧੱਕਾ ਬਰਦਾਸ਼ਤ ਨਹੀਂ ਕਰਦੇ। ਜੇ ਦਿੱਲੀ ਵਿੱਚ ਬੈਠੀ ਭਾਜਪਾ ਸਰਕਾਰ ਸਾਥੋਂ ਸਾਡੀ ਰੋਟੀ ਖੋਹੇਗੀ ਤਾਂ ਪੰਜਾਬ ਇਸ ਦਾ ਜਵਾਬ ਇੱਕਜੁੱਟ ਹੋ ਕੇ ਦੇਵੇਗਾ। ਜੇਕਰ ਭਾਜਪਾ ਦੇ ਮੈਂਬਰ ਤੁਹਾਡੇ ਪਿੰਡ ਜਾਂ ਘਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਸਪੱਸ਼ਟ ਤੌਰ 'ਤੇ ਸਮਝਾ ਦਿਓ ਕਿ ਪੰਜਾਬੀ ਕਿਸੇ ਵੀ ਹਾਲਤ 'ਚ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ।

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS