ਨਿਊਯਾਰਕ- ਅਮਰੀਕਾ ਵਿੱਚ ਸੈਂਕੜੇ ਗੁਜਰਾਤੀ-ਭਾਰਤੀਆਂ ਦਾ ਨਾਂ ਪਾਰਸਲ ਠੱਗੀ ਮਾਮਲੇ ਨਾਲ ਜੁੜਿਆ ਹੈ, ਜਿਸ 'ਚ ਬਜ਼ੁਰਗਾਂ ਨਾਲ ਪੈਸੇ ਤੇ ਸੋਨਾ ਠੱਗਣਾ ਸ਼ਾਮਲ ਹੈ। ਇਸ ਮਾਮਲੇ 'ਚ ਨਾਮਜ਼ਦ ਕਈ ਭਾਰਤੀ ਨੌਜਵਾਨ ਇਸ ਸਮੇਂ ਜੇਲ੍ਹਾਂ ਵਿੱਚ ਬੰਦ ਹਨ। ਹੁਣ ਅਮਰੀਕੀ ਏਜੰਸੀਆਂ ਨੇ ਦੇਸ਼ ਦੀ ਸਭ ਤੋਂ ਵੱਡੀ 65 ਮਿਲੀਅਨ ਡਾਲਰ (5,73,15,92,750 ਰੁਪਏ) ਦੀ ਪਾਰਸਲ ਠੱਗੀ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ ਮੁੱਖ ਤੌਰ ‘ਤੇ ਦੱਖਣੀ ਕੈਲੀਫ਼ੋਰਨੀਆ ਵਿੱਚ ਸਰਗਰਮ ਇੱਕ ਚੀਨੀ ਗਿਰੋਹ ਸ਼ਾਮਲ ਹੈ।
ਦੱਖਣੀ ਕੈਲੀਫ਼ੋਰਨੀਆ ਦੇ ਅਟਾਰਨੀ ਦਫ਼ਤਰ ਮੁਤਾਬਕ, ਇਹ ਗਿਰੋਹ 2019 ਤੋਂ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਿਹਾ ਸੀ ਅਤੇ ਕਈ ਅਮਰੀਕੀ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਚੁੱਕਾ ਸੀ। ਇੱਕ 97 ਸਾਲਾ ਬਜ਼ੁਰਗ ਦੀ ਪੂਰੀ ਦੌਲਤ ਵੀ ਇਸ ਗਿਰੋਹ ਨੇ ਹੜਪ ਲਈ। ਕਾਰਵਾਈ ਦੌਰਾਨ 28 ਚੀਨੀ ਨਾਗਰਿਕਾਂ ਨੂੰ ਕੈਲੀਫ਼ੋਰਨੀਆ, ਨਿਊਯਾਰਕ ਅਤੇ ਮਿਸ਼ਿਗਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਕਈ ਲਗਜ਼ਰੀ ਕਾਰਾਂ ਤੇ 4.2 ਮਿਲੀਅਨ ਡਾਲਰ ਨਕਦੀ ਵੀ ਜ਼ਬਤ ਕੀਤੀ ਗਈ।
ਇਹ ਗਿਰੋਹ ਭਾਰਤ ਤੋਂ ਚੱਲ ਰਹੇ ਕਾਲ ਸੈਂਟਰਾਂ ਦੇ ਜ਼ਰੀਏ ਕੰਮ ਕਰਦਾ ਸੀ। ਠੱਗ ਆਪਣੇ ਆਪ ਨੂੰ ਸਰਕਾਰੀ ਅਧਿਕਾਰੀ ਜਾਂ ਬੈਂਕ ਅਧਿਕਾਰੀ ਦੱਸਦੇ ਸਨ ਅਤੇ ਬਜ਼ੁਰਗਾਂ ਨੂੰ ਧੋਖੇ ਨਾਲ ਫਸਾਉਂਦੇ ਸਨ। ਕੁਝ ਕੇਸਾਂ ਵਿੱਚ ਉਨ੍ਹਾਂ ਨੇ ਪੀੜਤਾਂ ਨੂੰ ਕਿਹਾ ਕਿ ਉਨ੍ਹਾਂ ਦੇ ਖਾਤੇ ਵਿੱਚ ਗ਼ਲਤੀ ਨਾਲ ਰਿਫੰਡ ਆ ਗਿਆ ਹੈ ਅਤੇ ਦਬਾਅ ਪਾ ਕੇ ਉਨ੍ਹਾਂ ਤੋਂ ਪੈਸੇ ਵਾਪਸ ਮੰਗਦੇ ਸਨ।
ਗੁਜਰਾਤੀ-ਭਾਰਤੀਆਂ ਵੱਲੋਂ ਕੀਤੀ ਜਾਂਦੀ ਠੱਗੀ ਦੇ ਮਾਮਲੇ 'ਚ ਨਕਦੀ ਜਾਂ ਸੋਨਾ ਸਿੱਧਾ ਲੋਕਾਂ ਦੇ ਘਰੋਂ ਚੁੱਕਿਆ ਜਾਂਦਾ ਸੀ, ਜਦਕਿ ਇਸ ਚੀਨੀ ਗਿਰੋਹ ਨੇ ਬਜ਼ੁਰਗਾਂ ਨੂੰ ਕੈਸ਼ ਭਰੇ ਪਾਰਸਲ ਕੋਰੀਅਰ ਰਾਹੀਂ ਭੇਜਣ ਲਈ ਮਜਬੂਰ ਕੀਤਾ। ਇਹ ਪਾਰਸਲ ਨਕਲੀ ਆਈ.ਡੀ. ਨਾਲ ਬਣੇ ਪਤੇ ‘ਤੇ ਭੇਜੇ ਜਾਂਦੇ ਸਨ। ਇਸ ਵੱਡੇ ਠੱਗੀ ਨੈਟਵਰਕ ਨੂੰ ਪਹਿਲੀ ਵਾਰ ਇੱਕ ਅਮਰੀਕੀ ਯੂਟਿਊਬਰ ਨੇ ਪੰਜ ਸਾਲ ਪਹਿਲਾਂ ਬੇਨਕਾਬ ਕੀਤਾ ਸੀ, ਜਿਸ ਨੇ ਸਟਿੰਗ ਓਪਰੇਸ਼ਨ ਕਰਕੇ ਪਾਰਸਲ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਕੈਮਰੇ ‘ਚ ਕੈਦ ਕੀਤਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com