
ਚੰਡੀਗੜ੍ਹ : ਪੰਜਾਬ 'ਚ ਮਹਾਮਾਰੀ ਫੈਲ ਸਕਦੀ ਹੈ। ਹੜ੍ਹ ਅਤੇ ਬਾਰਸ਼ ਸੂਬੇ ਦੇ ਕਰੀਬ ਸਾਰੇ ਜ਼ਿਲ੍ਹਿਆਂ ਲਈ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਸਿਹਤ ਮਾਹਰਾਂ ਦੀ ਮੰਨੀਏ ਤਾਂ ਸੂਬੇ 'ਚ 4 ਪੱਧਰਾਂ 'ਚ ਹੈਲਥ ਅਟੈਕ ਹੋਣ ਦੀ ਸੰਭਾਵਨਾ ਹੈ। ਹੜ੍ਹਾਂ ਮਗਰੋਂ ਪਹਿਲੇ ਪੱਧਰ 'ਚ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਹੈਜਾ, ਡਾਇਰੀਆ, ਟਾਈਫਾਈਡ, ਹੈਪੇਟਾਈਟਸ ਏ ਅਤੇ ਗੈਸਟ੍ਰਿਕ ਬੀਮਾਰੀਆਂ ਲੋਕਾਂ ਨੂੰ ਲਪੇਟ 'ਚ ਲੈ ਸਕਦੀਆਂ ਹਨ। ਖੜ੍ਹੇ ਪਾਣੀ 'ਚ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਕਿ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਦੇ ਮਾਮਲੇ ਵੱਧਣ ਦੀ ਸੰਭਾਵਨਾ ਹੈ। ਹੜ੍ਹਾਂ ਦੇ ਪਾਣੀ 'ਚ ਮਰੇ ਹੋਏ ਜਾਨਵਰਾਂ, ਸੀਵਰੇਜ ਅਤੇ ਰਸਾਇਣ ਵਾਲੇ ਪਾਣੀ ਕਾਰਨ ਚਮੜੀ ਦੇ ਰੋਗ ਵਾਲੇ ਮਰੀਜ਼ ਵੱਧ ਸਕਦੇ ਹਨ। ਦੂਜੇ ਪੱਧਰ 'ਚ ਫੰਗਲ ਇੰਫੈਕਸ਼ਨ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਵੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਗਿੱਲੇ ਫਰਨੀਚਰ 'ਚ ਮੌਜੂਦ ਫੰਗਸ ਲੋਕਾਂ ਨੂੰ ਸਾਹ ਲੈਣ ਦੀ ਸਮੱਸਿਆ ਪੈਦਾ ਕਰ ਸਕਦੀ ਹੈ। ਲੋਕਾਂ ਨੂੰ ਸਾਹ ਰੋਗ, ਐਲਰਜੀ, ਨਿਮੋਨੀਆ, ਫੇਫੜਿਆਂ ਦੀ ਸਮੱਸਿਆ ਹੋ ਸਕਦੀ ਹੈ ਅਤੇ ਦਮਾ ਦੇ ਮਰੀਜ਼ਾਂ ਨੂੰ ਅਟੈਕ ਹੋਣ ਦੀ ਸੰਭਾਵਨਾ ਹੈ। ਤੀਜੇ ਪੱਧਰ 'ਚ ਬੱਚਿਆਂ, ਬਜ਼ੁਰਗਾਂ ਦੇ ਨਾਲ-ਨਾਲ ਗਰਭਵਤੀ ਔਰਤਾਂ ਨੂੰ ਸਮੱਸਿਆ ਹੋ ਸਕਦੀ ਹੈ। ਸ਼ੂਗਰ, ਬਲੱਡ ਪ੍ਰੈਸ਼ਰ ਮਰੀਜ਼ਾਂ ਨੂੰ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਆ ਸਕਦੀਆਂ ਹਨ, ਜਿਨ੍ਹਾਂ ਨੂੰ ਹੜ੍ਹਾਂ ਦੌਰਾਨ ਸਮੇਂ ਸਿਰ ਦਵਾਈ ਨਹੀਂ ਮਿਲੇਗੀ। ਜਿਨ੍ਹਾਂ ਮਰੀਜ਼ਾਂ ਦੀ ਡਾਇਲਸਿਸ ਅਤੇ ਕੀਮੋਥੈਰੇਪੀ ਚੱਲ ਰਹੀ ਹੈ, ਉਨ੍ਹਾਂ ਨੂੰ ਦਵਾਈ ਸਮੇਂ 'ਤੇ ਨਹੀਂ ਮਿਲ ਰਹੀ, ਜਿਸ ਕਾਰਨ ਉਨ੍ਹਾਂ ਨੂੰ ਵੀ ਸਮੱਸਿਆ ਆ ਸਕਦੀ ਹੈ। ਚੌਥੇ ਪੱਧਰ 'ਚ ਲੋਕਾਂ ਨੂੰ ਮਾਨਸਿਕ ਸਮੱਸਿਆ ਪੈਦਾ ਹੋ ਜਾਵੇਗੀ। ਜਿਨ੍ਹਾਂ ਲੋਕਾਂ ਦੇ ਘਰ, ਜਾਇਦਾਦ ਹੜ੍ਹਾਂ ਦੇ ਪਾਣੀ 'ਚ ਰੁੜ੍ਹ ਜਾਵੇਗੀ, ਉੁਨ੍ਹਾਂ ਲਈ ਆਰਥਿਕ ਨੁਕਸਾਨ ਸਹਿਣਾ ਸੌਖਾ ਨਹੀਂ ਹੋਵੇਗਾ ਅਤੇ ਉਹ ਮਾਨਸਿਕ ਰੋਗੀ ਬਣ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com