ਕਪੂਰਥਲਾ- ਕਪੂਰਥਲਾ ਰੇਲ ਕੋਚ ਫੈਕਟਰੀ ਲਈ ਪੁਰਜ਼ੇ ਬਣਾਉਣ ਵਾਲੀ ਕੰਪਨੀ ਦੇ ਦੋ ਭਰਾ ਪ੍ਰਿਤਪਾਲ ਸਿੰਘ ਅਤੇ ਦਵਿੰਦਰਪਾਲ ਸਿੰਘ ਹੰਸਪਾਲ ਹੜ੍ਹਾਂ ਵਿੱਚ ਡੁੱਬ ਰਹੇ ਪੰਜਾਬੀਆਂ ਲਈ ਮਦਦ ਵਜੋਂ ਅੱਗੇ ਆਏ ਹਨ। ਉਹ ਕਿਸ਼ਤੀਆਂ ਬਣਾਉਣ ਵਿੱਚ ਰੁੱਝੇ ਹੋਏ ਹਨ, ਜੋਕਿ ਹੜ੍ਹ ਦੇ ਪਾਣੀ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਦਾ ਇਕੋ-ਇਕ ਸਾਧਨ ਹੈ। ਹੰਸਪਾਲ ਟ੍ਰੇਡਰਜ਼ ਦੇ ਦੋਵੇਂ ਭਰਾਵਾਂ ਨੇ ਹੜ੍ਹ ਰਾਹਤ ਕਾਰਜਾਂ ਵਿੱਚ ਮਦਦ ਲਈ ਹੁਣ ਤੱਕ 70 ਕਿਸ਼ਤੀਆਂ ਬਣਾਈਆਂ ਹਨ ਅਤੇ ਉਨ੍ਹਾਂ ਨੂੰ ਹੜ੍ਹ ਪ੍ਰਭਾਵਿਤ ਅਜਨਾਲਾ, ਹਰੀਕੇ ਪੱਤਣ, ਮੰਡ ਬਾਊਪੁਰ, ਪਟਿਆਲਾ, ਬਠਿੰਡਾ ਆਦਿ ਥਾਵਾਂ ’ਤੇ ਭੇਜਿਆ ਹੈ।

ਉਨ੍ਹਾਂ ਦਾ ਟੀਚਾ 100 ਅਜਿਹੀਆਂ ਛੋਟੀਆਂ ਕਿਸ਼ਤੀਆਂ ਬਣਾਉਣਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਕਿਸ਼ਤੀ ਦੀ ਤਕਨਾਲੋਜੀ ਅਤੇ ਡਿਜ਼ਾਈਨ ਨੂੰ ਵੀ ਜਨਤਕ ਕੀਤਾ ਹੈ ਤਾਂ ਜੋ ਖੇਤੀਬਾੜੀ ਉਪਕਰਣ ਅਤੇ ਕੰਬਾਈਨ ਹਾਰਵੈਸਟਰ ਬਣਾਉਣ ਵਾਲੀਆਂ ਕੰਪਨੀਆਂ ਵੀ ਆਸਾਨੀ ਨਾਲ ਅਜਿਹੀਆਂ ਕਿਸ਼ਤੀਆਂ ਬਣਾ ਸਕਣ ਅਤੇ ਆਪਣੇ-ਆਪਣੇ ਖੇਤਰਾਂ ਦੇ ਲੋਕਾਂ ਦੀ ਮਦਦ ਕਰ ਸਕਣ।

ਜਦੋਂ ਮੀਡੀਆ ਟੀਮ ਹੰਸਪਾਲ ਟ੍ਰੇਡਰਜ਼ ਦੀ ਉਤਪਾਦਨ ਇਕਾਈ ਪਹੁੰਚੀ ਤਾਂ ਕੁਝ ਕਿਸ਼ਤੀਆਂ ਪਹਿਲਾਂ ਹੀ ਪੂਰੀ ਤਰ੍ਹਾਂ ਬਣੀਆਂ ਹੋਈਆਂ ਸਨ ਅਤੇ ਕਾਰੀਗਰ ਕੁਝ ਹੋਰਾਂ ਨੂੰ ਪੂਰਾ ਕਰਨ ਵਿੱਚ ਰੁੱਝੇ ਹੋਏ ਸਨ। ਹੰਸਪਾਲ ਭਰਾਵਾਂ ਪ੍ਰਿਤਪਾਲ ਸਿੰਘ ਅਤੇ ਦਵਿੰਦਰ ਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਛੋਟੀ ਕਿਸ਼ਤੀ ਆਸਾਨੀ ਨਾਲ 10 ਲੋਕਾਂ ਅਤੇ ਇਕ ਪਸ਼ੂ ਨੂੰ ਲੈ ਜਾ ਸਕਦੀ ਹੈ, ਜਦਕਿ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ 'ਰਾਫਟ' ਦੀ ਸਮਰੱਥਾ 20 ਟਨ ਹੈ, ਜਿਸ ਵਿੱਚ ਟਰੈਕਟਰ, ਪੋਕਲੇਨ ਅਤੇ ਜੇਸੀਬੀ ਵੀ ਲਿਜਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿਸ਼ਤੀਆਂ ਨੂੰ ਮੋਟਰਾਂ ਲਗਾ ਕੇ ਵਰਤਿਆ ਜਾ ਸਕਦਾ ਹੈ ਪਰ ਮੋਟਰਾਂ ਦੀ ਭਾਰੀ ਘਾਟ ਕਾਰਨ ਉਹ ਇਸ ਸਮੇਂ ਇਨ੍ਹਾਂ ਨੂੰ ਸਿਰਫ਼ ਹੱਥੀਂ ਚਲਾਉਣ ਲਈ ਬਣਾ ਰਹੇ ਹਨ। ਉਨ੍ਹਾਂ ਵੱਲੋਂ ਬਣਾਈ ਗਈ ਹਰੇਕ ਕਿਸ਼ਤੀ ’ਤੇ ‘ਹਲੀਮੀਆ, ਹਮਦਰਦੀਆਂ ਅਤੇ ਮੁਹੱਬਤਾਂ ਦੀ ਕਿਸ਼ਤੀ' ਲਿਖਿਆ ਹੋਇਆ ਹੈ।

ਦੋਵਾਂ ਭਰਾਵਾਂ ਨੇ ਕਿਹਾ ਕਿ ਸੁਲਤਾਨਪੁਰ ਲੋਧੀ 'ਚ 2023 ਵਿੱਚ ਆਏ ਹੜ੍ਹ ਦੌਰਾਨ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਉਨ੍ਹਾਂ ਨੂੰ ਕਿਸ਼ਤੀਆਂ ਬਣਾਉਣ ਦੀ ਬੇਨਤੀ ਕੀਤੀ ਸੀ, ਫਿਰ ਉਨ੍ਹਾਂ ਨੇ ਕਿਸ਼ਤੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ। ਇਸ ਸਾਲ ਜਦੋਂ ਹੜ੍ਹ ਦੇ ਪਾਣੀ ਕਾਰਨ ਇਕ ਵਾਰ ਫਿਰ ਸੂਬੇ ਦੇ ਕਈ ਹਿੱਸੇ ਡੁੱਬ ਗਏ ਹਨ ਤਾਂ ਉਨ੍ਹਾਂ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਫੋਨ ਆਉਣੇ ਸ਼ੁਰੂ ਹੋ ਗਏ ਹਨ। ਫੋਨ ਕਰਨ ਵਾਲੇ ਵੀ ਸਰਕਾਰੀ ਅਧਿਕਾਰੀ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਉਨ੍ਹਾਂ ਨੇ ਵਿਧਾਇਕ ਨੂੰ 12 ਕਿਸ਼ਤੀਆਂ ਭੇਜੀਆਂ ਹਨ, ਜਦਕਿ 2023 ਵਿੱਚ ਉਨ੍ਹਾਂ ਨੇ 15 ਭੇਜੀਆਂ ਸਨ।


ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com