ਨੈਸ਼ਨਲ ਡੈਸਕ- ਟਰੇਨ 'ਚ ਸਫ਼ਰ ਕਰਦੇ ਸਮੇਂ ਜੇ ਕਿਸੇ ਨੂੰ ਟਾਇਲਟ 'ਚ ਅਚਾਨਕ ਇਕ ਵਿਸ਼ਾਲ ਅਜਗਰ ਨਜ਼ਰ ਆ ਜਾਵੇ, ਤਾਂ ਕਿਸੇ ਦਾ ਵੀ ਸਾਹ ਰੁਕ ਸਕਦਾ ਹੈ। ਤੇਲੰਗਾਨਾ ਦੇ ਖੰਮਮ ਰੇਲਵੇ ਸਟੇਸ਼ਨ ਦੇ ਨੇੜੇ ਅਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਚੱਲਦੀ ਟਰੇਨ ਦੇ ਟਾਇਲਟ ਕੋਲ 10 ਫੁੱਟ ਲੰਬਾ ਅਜਗਰ ਮਿਲਣ ਨਾਲ ਯਾਤਰੀਆਂ ਨੂੰ ਭਾਜੜਾਂ ਪੈ ਗਈਆਂ।
ਟਾਇਲਟ ਦੇ ਕੋਲ ਨਜ਼ਰ ਆਇਆ ਅਜਗਰ
ਇਹ ਘਟਨਾ 27 ਅਕਤੂਬਰ 2025 (ਸੋਮਵਾਰ) ਦੀ ਰਾਤ ਦੀ ਦੱਸੀ ਜਾ ਰਹੀ ਹੈ। ਮਦੁਰਾਈ ਤੋਂ ਚੇਨਈ ਜਾਣ ਵਾਲੀ ਟਰੇਨ ਨੰਬਰ 12635 'ਚ ਜਦੋਂ ਇਕ ਯਾਤਰੀ ਟਾਇਲਟ ਗਿਆ, ਤਾਂ ਉਸ ਨੇ ਵਾਸ਼ਬੇਸਿਨ ਦੇ ਹੇਠਾਂ ਇਕ ਵੱਡਾ ਅਜਗਰ ਦੇਖਿਆ। ਇਸ ਦ੍ਰਿਸ਼ ਨੂੰ ਦੇਖ ਕੇ ਉਸ ਦੀ ਚੀਕ ਨਿਕਲ ਗਈ ਅਤੇ ਆਲੇ ਦੁਆਲੇ ਬੈਠੇ ਯਾਤਰੀ ਡਰ ਗਏ।
ਰੇਲਵੇ ਤੇ ਫਾਰੈਸਟ ਟੀਮ ਨੇ ਕੀਤਾ ਸੁਰੱਖਿਅਤ ਰੈਸਕਿਊ
ਟਰੇਨ ਜਦੋਂ ਖੰਮਮ ਸਟੇਸ਼ਨ ’ਤੇ ਕੁਝ ਮਿੰਟਾਂ ਲਈ ਰੁਕੀ ਹੋਈ ਸੀ, ਤਾਂ ਰੇਲਵੇ ਸੁਰੱਖਿਆ ਬਲ (RPF) ਤੇ ਜੰਗਲਾਤ ਵਿਭਾਗ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈ। ਸਾਵਧਾਨੀ ਨਾਲ ਰੈਸਕਿਊ ਅਪਰੇਸ਼ਨ ਚਲਾਇਆ ਗਿਆ ਅਤੇ ਅਜਗਰ ਨੂੰ ਬਿਨਾ ਕਿਸੇ ਨੁਕਸਾਨ ਦੇ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢ ਲਿਆ ਗਿਆ। ਟੀਮ ਦੀ ਫੁਰਤੀ ਅਤੇ ਪ੍ਰੋਫੈਸ਼ਨਲ ਕੰਮ ਦੇਖ ਕੇ ਯਾਤਰੀਆਂ ਨੇ ਤਾਰੀਫ਼ਾਂ ਦੇ ਪੁਲ ਬੰਨ੍ਹ ਦਿੱਤੇ।
ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਵੀਡੀਓ
ਰੈਸਕਿਊ ਅਪਰੇਸ਼ਨ ਦਾ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਟੀਮ ਨੂੰ ਬਹੁਤ ਸ਼ਾਂਤ ਤਰੀਕੇ ਨਾਲ ਅਜਗਰ ਨੂੰ ਬੈਗ 'ਚ ਰੱਖਦੇ ਦੇਖਿਆ ਜਾ ਸਕਦਾ ਹੈ। ਇਕ ਯੂਜ਼ਰ ਨੇ ਕਮੈਂਟ ਕੀਤਾ, “ਕਦੇ ਸੋਚਿਆ ਵੀ ਨਹੀਂ ਸੀ ਕਿ ਟਰੇਨ 'ਚ ਅਜਿਹਾ ਨਜ਼ਾਰਾ ਵੇਖਣ ਨੂੰ ਮਿਲੇਗਾ।” ਦੂਜੇ ਨੇ ਲਿਖਿਆ,“ਰੈਸਕਿਊ ਟੀਮ ਨੂੰ ਸਲਾਮ, ਜਿਨ੍ਹਾਂ ਨੇ ਬਿਨਾਂ ਡਰ ਦੇ ਇੰਨਾ ਵੱਡਾ ਸੱਪ ਕਾਬੂ ਕੀਤਾ।”
ਅਜਗਰ ਟਰੇਨ 'ਚ ਕਿਵੇਂ ਪਹੁੰਚਿਆ, ਰਹੱਸ ਬਰਕਰਾਰ
ਫਿਲਹਾਲ ਇਹ ਸਪੱਸ਼ਟ ਨਹੀਂ ਕਿ ਅਜਗਰ ਚੱਲਦੀ ਟਰੇਨ 'ਚ ਕਿਵੇਂ ਆ ਗਿਆ। ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਟਰੇਨ ਜਦੋਂ ਕਿਸੇ ਜੰਗਲਾਤੀ ਇਲਾਕੇ ਜਾਂ ਸਟੇਸ਼ਨ ’ਤੇ ਖੜੀ ਸੀ, ਤਾਂ ਉਹ ਉਥੋਂ ਆ ਗਿਆ ਹੋਵੇਗਾ। ਰੇਲਵੇ ਪ੍ਰਸ਼ਾਸਨ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com