ਅੰਮ੍ਰਿਤਸਰ - ਗੇਟ ਹਕੀਮਾ ਸਥਿਤ ਪਿੰਡ ਅੰਨਗੜ੍ਹ ਦੇ ਇਲਾਕੇ ’ਚ ਇਕ ਫੈਕਟਰੀ ’ਚ ਦੇਰ ਰਾਤ ਭਿਆਨਕ ਅੱਗ ਲੱਗਣ ਨਾਲ ਲੱਖਾਂ ਰੁਪਇਆਂ ਦਾ ਨੁਕਸਾਨ ਹੋਇਆ ਹੈ। ਅੱਗ ਇੰਨੀ ਭਿਆਨਕ ਅਤੇ ਤੇਜ਼ ਸੀ ਕਿ ਪੂਰੇ ਇਲਾਕੇ ’ਚ ਹਫੜਾ-ਦਫੜੀ ਮਚ ਗਈ। ਫੈਕਟਰੀ ’ਚ ਅੱਗ ਸ਼ੁੱਕਰਵਾਰ ਦੇ ਰਾਤ ਕਰੀਬ 2-15 ਮਿੰਟ ’ਤੇ ਲੱਗੀ। ਫੈਕਟਰੀ ਮਾਲਕ ਅਨੁਸਾਰ ਰਾਤ 9.30 ਵਜੇ ਦੇ ਕਰੀਬ ਉਹ ਫੈਕਟਰੀ ਬੰਦ ਕਰ ਕੇ ਘਰ ਚਲਾ ਗਿਆ ਸੀ। ਕੁਝ ਘੰਟਿਆਂ ਬਾਅਦ ਸਥਾਨਕ ਲੋਕਾਂ ਨੇ ਫੈਕਟਰੀ ਤੋਂ ਧੂੰਆਂ ਨਿਕਲਦਾ ਦੇਖਿਆ ਅਤੇ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ, ਜਿਸ ਨਾਲ ਨਗਰ ਨਿਗਮ ਅਤੇ ਢਾਬ ਬਸਤੀ ਰਾਮ, ਸੇਵਾ ਸੋਸਾਇਟੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪੁੱਜੀਆਂ। ਫਾਇਰ ਬ੍ਰਿਗੇਡ ਦੀਆਂ 25 ਦੇ ਲੱਗਭਗ ਗੱਡੀਆਂ ਨੇ ਕਰੀਬ 9 ਘੰਟਿਆਂ ਦੀ ਸਖਤ ਮੁਕੱਸ਼ਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਮੁੱਢਲੀ ਜਾਂਚ ’ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਗਿਆ ਹੈ। ਹਾਲਾਂਕਿ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਕਿਹਾ ਕਿ ਪੂਰੀ ਜਾਣਕਾਰੀ ਤੋਂ ਬਾਅਦ ਹੀ ਉਹ ਕੁਝ ਦੱਸ ਸਕਣਗੇ। ਅੱਗ ਨੇ ਫੈਕਟਰੀ ਦੀ ਸਾਰੀ ਮਸ਼ੀਨਰੀ ਅਤੇ ਸਾਮਾਨ ਨੂੰ ਪੂਰੀ ਤਰ੍ਹਾਂ ਨਾਲ ਆਪਣੇ ਲਪੇਟ ’ਚ ਲੈ ਲਿਆ, ਜਿਸ ਨਾਲ ਲੱਖਾਂ ਰੁਪਇਆਂ ਦਾ ਨੁਕਸਾਨ ਹੋਇਆ ਹੈ। ਅੱਗ ਕਾਰਨ ਕਾਫੀ ਵਿੱੱਤੀ ਨੁਕਸਾਨ ਹੋਇਆ ਹੈ ਪਰ ਕੋਈ ਜਾਨੀ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਹੈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਸਖਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਫੀ ਜੱਦੋ-ਜਹਿਦ ਨਾਲ ਕਾਬੂ ਪਾਇਆ ਹੈ।
Credit : www.jagbani.com